ਡਾਇਣ ਦੱਸ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਪਿਲਾਇਆ ਪਿਸ਼ਾਬ, ਗਰਮ ਰਾਡਾਂ ਨਾਲ ਦਾਗਿਆ
Monday, Sep 26, 2022 - 11:24 AM (IST)
ਦੁਮਕਾ (ਭਾਸ਼ਾ)- ਝਾਰਖੰਡ ਦੇ ਦੁਮਕਾ ਦੇ ਆਸਵਾਰੀ ਪਿੰਡ ਵਿਚ ਤਿੰਨ ਔਰਤਾਂ ਸਮੇਤ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਜਾਦੂ-ਟੂਣੇ ਦਾ ਦੋਸ਼ ਲਗਾ ਕੇ ਲੋਹੇ ਦੀਆਂ ਗਰਮ ਰਾਡਾਂ ਨਾਲ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਪਿਸ਼ਾਬ ਪੀਣ ਲਈ ਮਜ਼ਬੂਰ ਕੀਤਾ ਗਿਆ। ਮੌਕੇ ’ਤੇ ਪਹੁੰਚੀ ਪੁਲਸ ਨੇ ਪੀੜਤਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ।
ਸਰਾਏਹਾਟ ਥਾਣੇ ਦੇ ਇੰਚਾਰਜ ਵਿਨੈ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਣਮਨੁੱਖੀ ਤਸ਼ੱਦਦ ਦਾ ਇਹ ਦੌਰ ਸ਼ਨੀਵਾਰ ਤੋਂ ਐਤਵਾਰ ਰਾਤ 8 ਵਜੇ ਤੱਕ ਚੱਲਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਆਸਵਾਰੀ ਪਿੰਡ ਦੇ ਲੋਕਾਂ ਨੇ ਪਿੰਡ ਦੀਆਂ ਤਿੰਨ ਔਰਤਾਂ ਰਾਸੀ ਮੁਰਮੂ (55), ਸੋਨਮੁਨੀ ਟੁੱਡੂ (60) ਅਤੇ ਕੋਲੋ ਟੁੱਡੂ (45) ਅਤੇ ਸ਼੍ਰੀਲਾਲ ਮੁਰਮੂ ਨਾਂ ਦੇ 40 ਸਾਲਾ ਵਿਅਕਤੀ ਨੂੰ ਜਾਦੂ-ਟੂਣੇ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ। ਉਨ੍ਹਾਂ ਨੂੰ ਕੁੱਟਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਮਾਮਲੇ ’ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।