ਹਿਮਾਚਲ ’ਚ ਬਰਡ ਫਲੂ ਨਾਲ ਚਾਰ ਪ੍ਰਵਾਸੀ ਪੰਛੀਆਂ ਦੀ ਮੌਤ

Monday, Jan 25, 2021 - 05:29 PM (IST)

ਹਿਮਾਚਲ ’ਚ ਬਰਡ ਫਲੂ ਨਾਲ ਚਾਰ ਪ੍ਰਵਾਸੀ ਪੰਛੀਆਂ ਦੀ ਮੌਤ

ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਕਾਂਗੜਾ ’ਚ ਪੌਂਗ ਡੈਂਮ ਖੇਤਰ ’ਚ ਚਾਰ ਹੋਰ ਪੰਛੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ ਦੋ ਬਾਰ-ਮੁਖੀ ਹੰਸ, ਇਕ ਜਲ ਮੁਰਗੀ ਅਤੇ ਇਕ ਜੰਗਲੀ ਬਤਖ਼ ਸ਼ਾਮਲ ਹਨ। ਹੁਣ ਅਜਿਹੇ ਪ੍ਰਵਾਸੀ ਪੰਛੀਆਂ ਦੀ ਮੌਤ ਦਾ ਅੰਕੜਾ 4 ਹਜ਼ਾਰ, 970 ਤਕ ਪਹੁੰਚ ਗਿਆ ਹੈ। ਇਨ੍ਹਾਂ ’ਚੋਂ ਤਿੰਨ ਪੰਛੀ ਨਗਰੋਟਾ ਸੂਰੀਆਂ ਦੇ ਜਵਾਲੀ ਬੀਟ ’ਚ, ਇਕ ਧਮੇਟਾ ਬੀਟ ’ਚ ਮ੍ਰਿਤਕ ਪਾਇਆ ਗਿਆ। ਪੀ.ਸੀ.ਸੀ.ਐੱਫ. ਵਾਈਲਜ ਲਾਈਫ ਅਰਚਨਾ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੌਂਗ ਝੀਲ ਦੇ ਜੰਗਲੀ ਜੀਵ ਸੈਂਕਚੂਰੀ ਖੇਤਰ ’ਚ ਏਵੀਅਨ ਇਨਫਲੁਏਂਜ਼ਾ (ਬਰਡ ਫਲੂ) ਦਾ ਪ੍ਰਭਾਵ ਹੁਣ ਝੀਲ ’ਚ ਨਾ ਦੇ ਬਰਾਬਰ ਰਹਿ ਗਿਆ ਹੈ ਪਰ ਮੌਸਮ ਦੇ ਬਦਲਣ ਨਾਲ ਇਸ ਦੇ ਫਿਰ ਤੋਂ ਵਧਣ ਦੀ ਸੰਭਾਵਨਾ ਹੋ ਸਕਦੀ ਹੈ। ਪਿਛਲੇ 5-6 ਦਿਨਾਂ ਤੋਂ ਪੰਛੀਆਂ ਦੀਆਂ ਮੌਤਾਂ ਦੀ ਦਰ ’ਚ ਕਮੀ ਆਈ ਹੈ। ਬਾਵਜੂਦ ਇਸ ਦੇ ਨਿਗਰਾਨੀ ਪਹਿਲਾਂ ਦੀ ਤਰ੍ਹਾਂ ਕੀਤੀ ਜਾ ਰਹੀ ਹੈ। ਇਸ ਵਿਚ ਕੋਈ ਕਮੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਪੰਛੀ ਮਾਰਚ-ਅਪ੍ਰੈਲ ’ਚ ਵਾਪਸ ਆਪਣੇ ਦੇਸ਼ਾਂ ਲਈ ਉਡਾਣ ਭਰਦੇ ਹਨ। ਉਦੋਂ ਤਕ ਇਨ੍ਹਾਂ ’ਤੇ ਨਿਗਰਾਨੀ ਰੱਖੀ ਜਾਵੇਗੀ। ਉਧਰ ਪਸ਼ੂ ਪਾਲਣ ਵਿਭਾਗ ਵੀ ਬਰਾਬਰ ਨਿਗਰਾਨੀ ਰੱਖ ਰਿਹਾ ਹੈ। ਅਜੇ ਪ੍ਰਦੇਸ਼ ’ਚ ਬਾਹਰੀ ਰਾਜਾਂ ਤੋਂ ਆਉਣ ਵਾਲੇ ਪੋਲਟਰੀ ਉਤਪਾਦਾਂ ’ਤੇ ਰੋਕ ਲੱਗੀ ਹੋਈ ਹੈ। ਪਸ਼ੂ ਪਾਲਣ ਨਿਰਦੇਸ਼ਕ ਡਾ. ਅਜਮੇਰ ਸਿੰਘ ਡੋਗਰਾ ਨੇ ਦੱਸਿਆ ਕਿ ਪ੍ਰਦੇਸ਼ ’ਚ ਬਰਡ ਫਲੂ ਦੇ ਫੈਲਣ ਨੂੰ ਰੋਕਣ ’ਚ ਕਾਮਯਾਬੀ ਮਿਲੀ ਹੈ। 


author

Rakesh

Content Editor

Related News