ਲਾਊਡ ਸਪੀਕਰ ’ਤੇ ‘ਹਨੂੰਮਾਨ ਚਾਲੀਸਾ’ ਵਜਾਉਣ ’ਤੇ ਮਨਸੇ ਦੇ 4 ਵਰਕਰ ਹਿਰਾਸਤ ’ਚ ਲਏ

Monday, Apr 11, 2022 - 11:16 AM (IST)

ਲਾਊਡ ਸਪੀਕਰ ’ਤੇ ‘ਹਨੂੰਮਾਨ ਚਾਲੀਸਾ’ ਵਜਾਉਣ ’ਤੇ ਮਨਸੇ ਦੇ 4 ਵਰਕਰ ਹਿਰਾਸਤ ’ਚ ਲਏ

ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਦਾਦਰ ਇਲਾਕੇ ’ਚ ਸ਼ਿਵ ਸੈਨਾ ਦੇ ਹੈੱਡਕੁਆਰਟਰ ਦੇ ਸਾਹਮਣੇ ਇਕ ਲਾਊਡ ਸਪੀਕਰ ’ਤੇ ‘ਹਨੂੰਮਾਨ ਚਾਲੀਸਾ’ ਵਜਾਉਣ ’ਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ 4 ਵਰਕਰਾਂ ਨੂੰ ਐਤਵਾਰ ਹਿਰਾਸਤ ’ਚ ਲੈ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਲਾਊਡ ਸਪੀਕਰ, ਜਿਸ ਨੂੰ ਕਾਰ ਦੇ ਉੱਪਰ ਇਸ ਨੂੰ ਰੱਖਿਆ ਗਿਆ ਸੀ, ਉਸ ਵਾਹਨ ਨੂੰ ਅਤੇ ਹੋਰ ਵਸਤੂਆਂ ਨੂੰ ਵੀ ਜ਼ਬਤ ਕਰ ਲਿਆ ਹੈ। ਮਨਸੇ ਮੁਖੀ ਰਾਜ ਠਾਕਰੇ ਨੇ 2 ਅਪ੍ਰੈਲ ਨੂੰ ਮੰਗ ਕੀਤੀ ਸੀ ਕਿ ਮਸਜਿਦਾਂ ’ਚ ਲਾਊਡ ਸਪੀਕਰਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਸੀ ਕਿ ਜੇ ਇੰਝ ਨਾ ਕੀਤਾ ਗਿਆ ਤਾਂ ਮਸਜਿਦਾਂ ਦੇ ਬਾਹਰ ਸਪੀਕਰ ’ਤੇ ਤੇਜ਼ ਆਵਾਜ਼ ’ਚ 'ਹਨੂੰਮਾਨ ਚਾਲੀਸਾ' ਵਜਾਇਆ ਜਾਏਗਾ। ਸ਼ਿਵਾਜੀ ਪਾਰਕ ਪੁਲਸ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਪੁਲਸ ਨੂੰ ਸ਼ਿਵ ਸੈਨਾ ਭਵਨ ਦੇ ਬਾਹਰ ਮਨਸੇ ਵਰਕਰਾਂ ਵਲੋਂ ਲਾਊਡ ਸਪੀਕਰ ’ਤੇ ਹਨੂੰਮਾਨ ਚਾਲੀਸਾ ਵਜਾਏ ਜਾਣ ਸਬੰਧੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ। 

ਪੁਲਸ ਨੇ ਮਨਸੇ ਦੇ ਇਕ ਅਹੁਦੇਦਾਰ ਯਸ਼ਵੰਤ ਕਿੱਲੇਦਾਰ ਅਤੇ ਪਾਰਟੀ ਦੇ 3 ਹੋਰ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਸੀ। ਉਨ੍ਹਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਕਈ ਮਨਸੇ ਵਰਕਰ ਪੁਲਸ ਥਾਣਾ ਕੰਪਲੈਕਸ ਕੋਲ ਸਥਿਤ ਇਕ ਛੋਟੇ ਜਿਹੇ ਮੰਦਰ 'ਚ ਇਕੱਠੇ ਹੋਏ ਅਤੇ 'ਹਨੂੰਮਾਨ ਚਾਲੀਸਾ' ਅਤੇ ਹੋਰ ਧਾਰਮਿਕ ਭਜਨ ਗਾਉਣ ਲੱਗੇ। ਪੁਲਸ ਨੇ ਕਿਹਾ,''ਅਸੀਂ ਸ਼ਿਵ ਸੈਨਾ ਭਵਨ ਦੇ ਸਾਹਮਣੇ ਲਾਊਡ ਸਪੀਕਰ ਵਜਾਉਣ ਕਾਰਨ ਮਨਸੇ ਵਰਕਰਾਂ ਨੂੰ ਹਿਰਾਸਤ 'ਚ ਲਿਆ ਹੈ। ਅਸੀਂ ਇਸ ਮਾਮਲੇ 'ਚ ਹੋਰ ਜਾਂਚ ਕਰ ਰਹੇ ਹਨ।'' ਇਸ ਤੋਂ ਪਹਿਲਾਂ, ਮਨਸੇ ਦੇ ਕੁਝ ਵਰਕਰਾਂ ਨੇ ਪਿਛਲੇ ਐਤਵਾਰ ਨੂੰ ਗੁਆਂਢੀ ਠਾਣੇ ਜ਼ਿਲ੍ਹੇ ਦੇ ਕਲਿਆਣ ਇਲਾਕੇ 'ਚ ਪਾਰਟੀ ਵਰਕਰ ਦੇ ਸਾਹਮਣੇ ਲਾਊਡ ਸਪੀਕਰ ਰਾਹੀਂ 'ਹਨੂੰਮਾਨ ਚਾਲੀਸਾ' ਵਜਾਇਆ ਸੀ।


author

DIsha

Content Editor

Related News