ਆਰਮ ਐਕਟ ਮਾਮਲੇ ''ਚ ਬਿਹਾਰ ਦੀ ਸਾਬਕਾ ਮੰਤਰੀ ਨੇ ਕੀਤਾ ਆਤਮ ਸਮਰਪਣ
Tuesday, Nov 20, 2018 - 03:07 PM (IST)
ਬੇਗੁਸਰਾਏ— ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਛਾਪੇਮਾਰੀ 'ਚ ਨਿੱਜੀ ਮਕਾਨ ਤੋਂ ਕਾਰਤੂਸ ਬਰਾਮਦ ਹੋਣ ਦੇ ਮਾਮਲੇ 'ਚ ਫਰਾਰ ਚੱਲ ਰਹੀ ਬਿਹਾਰ ਦੀ ਸਾਬਕਾ ਮੰਤਰੀ ਤੇ ਜਨਤਾ ਦਲ ਯੂਨਾਇਟਡ ਦੀ ਮੁਅੱਤਲ ਵਿਧਾਇਕ ਮੰਜੂ ਵਰਮਾ ਨੇ ਕੁਰਕੀ-ਜ਼ਬਤੀ ਤੋਂ ਬਾਅਦ ਅੱਜ ਬੇਗੁਸਰਾਏ ਜ਼ਿਲੇ ਦੀ ਇਕ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ।
ਸਾਬਕਾ ਸਮਾਜ ਕਲਿਆਣ ਮੰਤਰੀ ਮੰਜੂ ਵਰਮਾ ਨੇ ਇਥੇ ਮੰਝੌਲ ਉਪ ਵਿਭਾਗ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ। ਪਛਾਣ ਲੁਕਾਉਣ ਲਈ ਉਹ ਬੁਰਕਾ ਪਹਿਨ ਕੇ ਅਦਾਲਤ 'ਚ ਹਾਜ਼ਰ ਹੋਈ। ਇਸ ਤੋਂ ਪਹਿਲਾਂ ਆਰਮਜ਼ ਐਕਟ ਮਾਮਲੇ 'ਚ ਹੀ ਉਨ੍ਹਾਂ ਦੇ ਪਤੀ ਚੰਦਰਸ਼ੇਖਰ ਵਰਮਾ ਨੇ ਵੀ ਆਤਮ ਸਮਰਪਣ ਕੀਤਾ ਸੀ। ਇਸ ਮਾਮਲੇ 'ਚ ਵਰਮਾ ਲੰਬੇ ਸਮੇਂ ਤੋਂ ਫਰਾਰ ਚੱਲ ਰਹੀ ਸੀ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਸੀ। ਇਸ ਤੋਂ ਬਾਅਦ ਅਦਾਲਤ ਦੇ ਆਦੇਸ਼ 'ਤੇ ਬੇਗੁਸਰਾਏ ਜ਼ਿਲੇ 'ਚ ਚੇਰਿਆ ਬਰਿਆਰਪੁਰ ਥਾਣਾ ਖੇਤਰ ਦੇ ਅਰਜੁਨ ਟੋਲਾ ਸਥਿਤ ਨਿੱਜੀ ਮਕਾਨ ਦੀ ਕੁਰਕੀ-ਜ਼ਬਤੀ ਕੀਤੀ ਗਈ। ਆਖਿਰ 'ਚ ਉਨ੍ਹਾਂ ਨੇ ਅੱਜ ਆਤਮ ਸਮਰਪਣ ਕਰ ਦਿੱਤਾ।
