ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਜੈਨ ਕੋਰੋਨਾ ਵਾਇਰਸ ਨਾਲ ਦਿਹਾਂਤ
Monday, Nov 16, 2020 - 03:28 PM (IST)
ਪਾਨੀਪਤ (ਵਾਰਤਾ)— ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਜੈਨ (70) ਦਾ ਅੱਜ ਸਵੇਰੇ ਦਿੱਲੀ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ ਹਾਲ ਹੀ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਐਤਵਾਰ ਨੂੰ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਪਾਨੀਪਤ ਵਾਸੀ ਜੈਨ ਸੂਬੇ 'ਚ ਦੋ ਵਾਰ ਸਾਲ 1996 'ਚ ਬੰਸੀਲਾਲ ਸਰਕਾਰ ਵਿਚ ਅਤੇ ਸਾਲ 2009 'ਚ ਭੁਪਿੰਦਰ ਸਿੰਘ ਹੁੱਡਾ ਸਰਕਾਰ 'ਚ ਮੰਤਰੀ ਰਹੇ।
ਸਾਲ 2019 'ਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਪਾਨੀਪਤ-ਗ੍ਰਾਮੀਣ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਹਾਰ ਗਏ। ਇਸ ਤੋਂ ਪਹਿਲਾਂ ਸਾਲ 1996 ਅਤੇ 2009 'ਚ ਉਹ ਬਤੌਰ ਆਜ਼ਾਦ ਉਮੀਦਵਾਰ ਚੋਣ ਜਿੱਤੇ। ਸਾਲ 2009 ਵਿਚ ਆਜ਼ਾਦ ਦੇ ਸਹਾਰੇ ਬਣੀ ਹੁੱਡਾ ਸਰਕਾਰ 'ਚ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਸੀ। ਉਹ ਹਰਿਆਣਾ ਸਹਿਕਾਰੀ ਬੈਂਕ ਦੇ ਚੇਅਰਮੈਨ ਵੀ ਰਹੇ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਜੈਨ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਆਪਣੇ ਸੋਗ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ ਕਿ ਜੈਨ ਰਾਜਨੀਤੀ ਦੇ ਨਾਲ ਸਮਾਜਿਕ ਕੰਮਾਂ 'ਚ ਵੀ ਦਿਲਚਸਪੀ ਰੱਖਦੇ ਸਨ। ਅਗਰਵਾਲ ਭਾਈਚਾਰੇ ਵਿਚ ਵੀ ਉਨ੍ਹਾਂ ਦਾ ਵਿਸ਼ੇਸ਼ ਸਥਾਨ ਸੀ। ਉਨ੍ਹਾਂ ਨੇ ਜੈਨ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਮਰਹੂਮ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।