ਨਹੀਂ ਰਹੇ ਸਾਬਕਾ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ, 92 ਸਾਲ ਦੀ ਉਮਰ ''ਚ ਲਏ ਆਖ਼ਰੀ ਸਾਹ

Tuesday, Dec 10, 2024 - 08:09 AM (IST)

ਨਹੀਂ ਰਹੇ ਸਾਬਕਾ ਵਿਦੇਸ਼ ਮੰਤਰੀ ਐੱਸ. ਐੱਮ. ਕ੍ਰਿਸ਼ਨਾ, 92 ਸਾਲ ਦੀ ਉਮਰ ''ਚ ਲਏ ਆਖ਼ਰੀ ਸਾਹ

ਬੈਂਗਲੁਰੂ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ, ਵਿਦੇਸ਼ ਮੰਤਰੀ ਅਤੇ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਐੱਸ. ਐੱਮ. ਕ੍ਰਿਸ਼ਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ ਤੜਕੇ ਬੈਂਗਲੁਰੂ ਸਥਿਤ ਆਪਣੇ ਘਰ ਵਿਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਮਦੂਰ ਲਿਜਾਇਆ ਜਾਵੇਗਾ। ਐੱਸ. ਐੱਮ. ਕ੍ਰਿਸ਼ਨਾ ਦਾ ਜਨਮ 1932 ਵਿਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸੋਮਨਹੱਲੀ ਮੱਲਈਆ ਕ੍ਰਿਸ਼ਨਾ ਹੈ। ਉਹ 1999 ਤੋਂ 2004 ਤੱਕ ਕਰਨਾਟਕ ਦੇ ਮੁੱਖ ਮੰਤਰੀ ਅਤੇ 2004 ਤੋਂ 2008 ਤੱਕ ਮਹਾਰਾਸ਼ਟਰ ਦੇ ਰਾਜਪਾਲ ਰਹੇ। 22 ਮਈ 2009 ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕ੍ਰਿਸ਼ਨਾ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਅਤੇ 23 ਮਈ 2009 ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ। ਮਾਰਚ 2017 ਵਿਚ ਕ੍ਰਿਸ਼ਨਾ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। 2023 ਵਿਚ ਸਰਕਾਰ ਨੇ ਐੱਸ. ਐੱਮ. ਕ੍ਰਿਸ਼ਨਾ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ।

ਸ਼ੁਰੂਆਤੀ ਸਿੱਖਿਆ
ਐੱਸ. ਐੱਮ. ਕ੍ਰਿਸ਼ਨਾ ਦੇ ਪਿਤਾ ਦਾ ਨਾਂ ਐੱਸ. ਸੀ. ਮੱਲਿਆ ਹੈ। ਕ੍ਰਿਸ਼ਨਾ ਨੇ ਮਹਾਰਾਜਾ ਕਾਲਜ ਮੈਸੂਰ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਫਿਰ ਸਰਕਾਰੀ ਕਾਲਜ ਬੰਗਲੌਰ ਤੋਂ ਕਾਨੂੰਨ ਦੀ ਡਿਗਰੀ ਲਈ। ਉਹ ਉਚੇਰੀ ਸਿੱਖਿਆ ਲਈ ਅਮਰੀਕਾ ਚਲੇ ਗਏ। ਉੱਥੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਅੰਤਰਰਾਸ਼ਟਰੀ ਕਾਨੂੰਨ ਪੜ੍ਹਾਉਣਾ ਸ਼ੁਰੂ ਕੀਤਾ। ਅਮਰੀਕਾ ਵਿਚ ਸਰਗਰਮ ਰਾਜਨੀਤੀ ਵਿਚ ਉਨ੍ਹਾਂ ਦਿਲਚਸਪੀ ਪੈਦਾ ਹੋਈ। ਉੱਥੇ ਉਨ੍ਹਾਂ ਜੌਹਨ ਐੱਫ ਕੈਨੇਡੀ ਦੀ ਰਾਸ਼ਟਰਪਤੀ ਚੋਣ ਲਈ ਪ੍ਰਚਾਰ ਕੀਤਾ। ਅਮਰੀਕਾ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਉਹ 1962 ਵਿਚ ਕਰਨਾਟਕ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਨ੍ਹਾਂ 29 ਅਪ੍ਰੈਲ 1964 ਨੂੰ ਪ੍ਰੇਮਾ ਨਾਲ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ਦੇ ਡਿਪਟੀ CM ਪਵਨ ਕਲਿਆਣ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

ਸਿਆਸੀ ਕੈਰੀਅਰ
ਐੱਸ. ਐੱਮ. ਕ੍ਰਿਸ਼ਨਾ ਨੇ 1960 ਦੇ ਆਸਪਾਸ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ ਸੀ। 1962 ਵਿਚ ਉਨ੍ਹਾਂ ਇਕ ਆਜ਼ਾਦ ਉਮੀਦਵਾਰ ਵਜੋਂ ਮਦੂਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਕਾਂਗਰਸ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ। ਇਸ ਤੋਂ ਬਾਅਦ ਉਹ ਪ੍ਰਜਾ ਸੋਸ਼ਲਿਸਟ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ 1968 ਵਿਚ ਮਾਂਡਿਆ ਲੋਕ ਸਭਾ ਸੀਟ ਦੀ ਉਪ ਚੋਣ ਜਿੱਤ ਗਏ। ਫਿਰ ਕ੍ਰਿਸ਼ਨਾ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ 1971 ਵਿਚ ਮਾਂਡਿਆ ਲੋਕ ਸਭਾ ਸੀਟ ਤੋਂ ਦੁਬਾਰਾ ਚੋਣ ਜਿੱਤ ਗਏ। 1985 ਵਿਚ ਕ੍ਰਿਸ਼ਨਾ ਨੇ ਮੁੜ ਰਾਜ ਦੀ ਰਾਜਨੀਤੀ ਵਿਚ ਵਾਪਸੀ ਕੀਤੀ ਅਤੇ ਵਿਧਾਨ ਸਭਾ ਚੋਣਾਂ ਲੜੀਆਂ। ਉਹ 1999 ਤੋਂ 2004 ਤੱਕ ਕਰਨਾਟਕ ਦੇ ਮੁੱਖ ਮੰਤਰੀ ਰਹੇ। ਉਹ ਦਸੰਬਰ 2004 ਤੋਂ ਮਾਰਚ 2008 ਤੱਕ ਮਹਾਰਾਸ਼ਟਰ ਦੇ ਰਾਜਪਾਲ ਰਹੇ। ਕ੍ਰਿਸ਼ਨਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿਚ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਜਨਵਰੀ 2023 ਵਿਚ ਐੱਸ. ਐੱਮ. ਕ੍ਰਿਸ਼ਨਾ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਸਰਗਰਮ ਰਾਜਨੀਤੀ ਵਿਚ ਹਿੱਸਾ ਨਹੀਂ ਲੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News