‘ਤਾਲਿਬਾਨ ਨੇ ਬੇਰਹਿਮੀ ਵਿਖਾਈ ਤਾਂ ਲੰਮਾ ਨਹੀਂ ਚੱਲ ਸਕੇਗਾ ਰਾਜ’
Saturday, Aug 21, 2021 - 10:31 AM (IST)
ਅਫਗਾਨਿਸਤਾਨ ’ਤੇ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ’ਚ 20 ਸਾਲ ਬਾਅਦ ਮੁੜ ਤਾਲਿਬਾਨ ਰਾਜ ਵਾਪਸ ਆ ਗਿਆ ਹੈ। ਤਾਲਿਬਾਨ ਦੀ ਵਾਪਸੀ ਹੁੰਦਿਆਂ ਹੀ ਉੱਥੇ ਹਾਲਾਤ ਬਦ ਤੋਂ ਬਦਤਰ ਹੋਣ ਲੱਗੇ ਹਨ। ਅਫਗਾਨਿਸਤਾਨ ਦਾਅਵਾ ਕਰ ਰਿਹਾ ਹੈ ਕਿ ਇਸ ਵਾਰ ਉਹ ਆਪਣੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰੇਗਾ। ਹਾਲਾਂਕਿ ਅਸਲੀਅਤ ’ਚ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅਫਗਾਨਿਸਤਾਨ ਦੇ ਹਾਲਾਤ ’ਤੇ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ। ਤਾਲਿਬਾਨ ਦਾ ਅਗਲਾ ਕਦਮ ਕੀ ਹੋਵੇਗਾ, ਕਿਉਂ ਤਾਲਿਬਾਨ ਅੱਗੇ ਅਫਗਾਨੀ ਫੌਜ ਨੇ ਸਰੰਡਰ ਕਰ ਦਿੱਤਾ ਅਤੇ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦਾ ਭਾਰਤ ’ਤੇ ਕੀ ਅਸਰ ਪੈ ਸਕਦਾ ਹੈ, ਇਸ ਬਾਰੇ ‘ਜਗ ਬਾਣੀ’ ਦੇ ਬਲਵੰਤ ਤਕਸ਼ਕ ਨੇ ਸਾਬਕਾ ਫੌਜ ਮੁਖੀ ਵੀ. ਪੀ. ਮਲਿਕ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਪ੍ਰਮੁੱਖ ਅੰਸ਼–
ਸੁਰੱਖਿਆ ਦੇ ਲਿਹਾਜ਼ ਨਾਲ ਹਾਲਾਤ ਪਹਿਲਾਂ ਨਾਲੋਂ ਖਰਾਬ ਹੋਣਗੇ
ਅਫਗਾਨਿਸਤਾਨ ’ਚ ਤਖਤਾਪਲਟ ਨੂੰ ਕਿਵੇਂ ਵੇਖਦੇ ਹੋ?
ਇਹ ਦੱਖਣੀ ਏਸ਼ੀਆ ’ਚ ਇਕ ਬਹੁਤ ਵੱਡੀ ਘਟਨਾ ਵਾਪਰੀ ਹੈ ਅਤੇ ਜਿਸ ਢੰਗ ਨਾਲ ਤਾਲਿਬਾਨ ਨੇ ਉੱਥੇ ਮੁੜ ਕਬਜ਼ਾ ਕਰ ਲਿਆ ਹੈ ਤਾਂ ਉਸ ਦਾ ਅਸਰ ਪੂਰੇ ਖੇਤਰ ’ਚ ਹੋਵੇਗਾ। ਹੋ ਸਕਦਾ ਹੈ ਕਿ ਇਹ ਅਸਰ ਬਾਕੀ ਦੁਨੀਆ ਨੂੰ ਵੀ ਵੇਖਣਾ ਪਵੇ ਪਰ ਮੈਂ ਕਹਿ ਸਕਦਾ ਹਾਂ ਕਿ ਇਸ ਕਾਰਨ ਭਾਰਤ, ਪਾਕਿਸਤਾਨ, ਈਰਾਨ, ਤੁਰਕਮੇਨਿਸਤਾਨ, ਤਾਜਿਕਿਸਤਾਨ ਵਰਗੇ ਦੇਸ਼ਾਂ ਉੱਪਰ ਕਾਫੀ ਅਸਰ ਪਵੇਗਾ। ਖਾਸ ਤੌਰ ’ਤੇ ਸੁਰੱਖਿਆ ਦੇ ਲਿਹਾਜ਼ ਨਾਲ ਹਾਲਾਤ ਪਹਿਲਾਂ ਨਾਲੋਂ ਖਰਾਬ ਹੋਣਗੇ।
ਤਾਲਿਬਾਨੀਆਂ ਦੀ ਗਿਣਤੀ 70 ਹਜ਼ਾਰ ਦੇ ਆਸ-ਪਾਸ ਸੀ, ਜਦੋਂਕਿ ਅਫਗਾਨੀ ਫੌਜ ਵਿਚ ਸਾਢੇ 3 ਲੱਖ ਤੋਂ ਵੱਧ ਜਵਾਨ ਸਨ। ਫਿਰ ਕਿਵੇਂ ਫੌਜ ਨੇ ਤਾਲਿਬਾਨੀਆਂ ਸਾਹਮਣੇ ਸਰੰਡਰ ਕਰ ਦਿੱਤਾ?
ਫੌਜ ਬਣਾਉਣਾ ਮੁਸ਼ਕਲ ਕੰਮ ਹੈ, ਬਣਾ ਕੇ ਉਸ ਨੂੰ ਇਫੈਕਟਿਵ ਰੱਖਣਾ ਬਹੁਤ ਹੀ ਮੁਸ਼ਕਲ ਹੈ ਪਰ ਇਕ ਫੌਜ ਨੂੰ ਤਬਾਹ ਕਰਨਾ ਬਹੁਤ ਸੌਖਾ ਹੈ। ਮੇਰਾ ਮੰਨਣਾ ਹੈ ਕਿ ਇੰਨੀ ਵੱਡੀ ਫੌਜ, ਜੋ ਅਫਗਾਨਿਸਤਾਨ ਵਿਚ ਖੜ੍ਹੀ ਕੀਤੀ ਗਈ ਸੀ, ਉਸ ਵਿਚ ਜੋ ਲੀਡਰਸ਼ਿਪ ਸੀ, ਪਾਲਿਟੀਕਲ ਜਾਂ ਫੌਜੀ ਲੀਡਰਸ਼ਿਪ, ਕਾਫੀ ਕਰੱਪਟ ਰਹੀ ਹੈ। ਉਸ ਵਿਚ ਨੈਪੋਟਿਜ਼ਮ ਸੀ, ਇਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਆਦਤ ਸੀ ਅਤੇ ਜੋ ਲੀਡਰਸ਼ਿਪ ਤੇ ਜਵਾਨ ਹਨ, ਉਨ੍ਹਾਂ ਦਰਮਿਆਨ ਬਹੁਤ ਵੱਡਾ ਗੈਪ ਸੀ। ਮੈਂ ਸੁਣਿਆ ਹੈ ਕਿ ਫੌਜੀ ਜਵਾਨਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਵੀ ਨਹੀਂ ਮਿਲੀ। ਜਦੋਂ ਇੰਨਾ ਵੱਡਾ ਗੈਪ ਆ ਜਾਵੇ ਅਤੇ ਲੀਡਰਸ਼ਿਪ ਇੰਨੀ ਖਰਾਬ ਹੋਵੇ ਤਾਂ ਫੌਜ ਤੋਂ ਬਹੁਤ ਜ਼ਿਆਦਾ ਉਮੀਦ ਨਹੀਂ ਕਰ ਸਕਦੇ। ਫੌਜ ਲਈ ਹਥਿਆਰ ਬਹੁਤ ਜ਼ਰੂਰੀ ਹੁੰਦੇ ਹਨ ਪਰ ਉਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਨ੍ਹਾਂ ਦਾ ਮਨੋਬਲ, ਸੰਗਠਨ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਅਤੇ ਸਭ ਤੋਂ ਵੱਡੀ ਗੱਲ ਲੀਡਰਸ਼ਿਪ ਦੀ ਹੈ।
ਉੱਪ-ਰਾਸ਼ਟਰਪਤੀ ਅਮਰੁੱਲਾ ਸਾਲੇਹ ਅਜੇ ਪੰਜਸ਼ੀਰ ਘਾਟੀ ਵਿਚ ਟਿਕੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰਾਸ਼ਟਰਪਤੀ ਨਹੀਂ ਹੁੰਦਾ ਤਾਂ ਉੱਪ-ਰਾਸ਼ਟਰਪਤੀ ਹੀ ਕਾਰਜਵਾਹਕ ਰਾਸ਼ਟਰਪਤੀ ਹੁੰਦਾ ਹੈ। ਕੀ ਤੁੁਹਾਨੂੰ ਲੱਗਦਾ ਹੈ ਕਿ ਉਹ ਤਾਲਿਬਾਨ ਹੱਥੋਂ ਅਫਗਾਨਿਸਤਾਨ ਨੂੰ ਮੁੜ ਆਜ਼ਾਦ ਕਰਵਾ ਸਕਣਗੇ?
ਉਨ੍ਹਾਂ ਅਜਿਹਾ ਬਿਆਨ ਦਿੱਤਾ ਹੈ ਪਰ ਅਜੇ ਵੇਖਣਾ ਪਵੇਗਾ ਕਿ ਉਨ੍ਹਾਂ ਦੇ ਨਾਲ ਹੋਰ ਕਿੰਨੇ ਲੋਕ ਚੱਲਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੋ ਪੁਰਾਣਾ ਤਾਜਿਕ ਲੀਡਰ ਸੀ, ਜਿਨ੍ਹਾਂ ਦੀ ਬਹੁਤ ਇੱਜ਼ਤ ਸੀ, ਅਹਿਮਦ ਸ਼ਾਹ ਮਸੂਦ, ਉਨ੍ਹਾਂ ਦਾ ਬੇਟਾ ਉਨ੍ਹਾਂ (ਸਾਲੇਹ) ਦੇ ਨਾਲ ਹੈ ਪਰ ਹੁਣ ਬਹੁਤ ਸਮਾਂ ਹੋ ਗਿਆ ਹੈ। ਇਹ ਵੇਖਣਾ ਪਵੇਗਾ ਕਿ ਉਨ੍ਹਾਂ ਨੂੰ ਲੋਕ ਫਾਲੋ ਕਰ ਰਹੇ ਹਨ ਜਾਂ ਨਹੀਂ?
ਤਾਲਿਬਾਨੀਆਂ ਨੇ ਵਿਰੋਧੀਆਂ ਲਈ ਆਮ ਮੁਆਫੀ ਦਾ ਐਲਾਨ ਕੀਤਾ ਸੀ, ਇਸ ਦੇ ਬਾਵਜੂਦ ਫੌਜ ਦੇ 4 ਕਮਾਂਡਰਾਂ ਨੂੰ ਭੀੜ ਦੇ ਸਾਹਮਣੇ ਮਾਰ ਦਿੱਤਾ ਗਿਆ। ਕੀ ਇਹ ਦੋਹਰੀ ਭਾਸ਼ਾ ਨਹੀਂ ਕਿ ਇਕ ਪਾਸੇ ਤਾਂ ਆਮ ਮੁਆਫੀ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਫੌਜ ਦੇ ਕਮਾਂਡਰਾਂ ਦੀ ਭੀੜ ਸਾਹਮਣੇ ਹੱਤਿਆ ਕਰ ਦਿੰਦੇ ਹਨ?
ਇਹੀ ਗੱਲ ਅਸੀਂ ਵੇਖਣੀ ਹੈ। ਤਾਲਿਬਾਨ ਨੇ ਜੋ ਬਿਆਨ ਦਿੱਤਾ ਹੈ, ਕਾਬੁਲ ’ਤੇ ਕਬਜ਼ਾ ਕਰਨ ਤੋਂ ਬਾਅਦ ਉਸ ਨੂੰ ਫਾਲੋ ਕਰਦੇ ਹਨ ਜਾਂ ਨਹੀਂ। ਜਨਤਾ ਨਾਲ ਕਿਹੋ ਜਿਹਾ ਵਤੀਰਾ ਰਹਿੰਦਾ ਹੈ, ਖਾਸ ਤੌਰ ’ਤੇ ਔਰਤਾਂ ਨਾਲ? ਉਨ੍ਹਾਂ ਦਾ ਪਾਕਿਸਤਾਨ ਤੇ ਬਾਕੀ ਦੁਨੀਆ ਨਾਲ ਕੀ ਰਿਸ਼ਤਾ ਰਹਿੰਦਾ ਹੈ, ਇਹ ਵੀ ਵੇਖਣਾ ਪਵੇਗਾ। ਤੁਸੀਂ ਸਹੀ ਕਹਿ ਰਹੇ ਹੋ ਕਿ ਤਾਲਿਬਾਨ ਵਲੋਂ ਡਬਲ ਟਾਕ ਹੋ ਰਹੀ ਹੈ ਪਰ ਥੋੜ੍ਹੀ ਦੇਰ ਸਾਨੂੰ ਵੇਖਣਾ ਪਵੇਗਾ ਕਿ ਉਹ ਕਿਹੋ ਜਿਹਾ ਵਤੀਰਾ ਕਰਦੇ ਹਨ। ਭਾਰਤ ਵਾਸੀ ਹੀ ਨਹੀਂ, ਸਾਰੀ ਦੁਨੀਆ ਵੇਖ ਰਹੀ ਹੈ। ਵੇਖਣਾ ਪਵੇਗਾ ਕਿ ਅੱਗੇ ਕੀ ਸਹਿਮਤੀ ਬਣਦੀ ਹੈ, ਖਾਸ ਤੌਰ ’ਤੇ ਉਨ੍ਹਾਂ ਦੇਸ਼ਾਂ ਵਿਚ ਜਿਨ੍ਹਾਂ ’ਤੇ ਇਸ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ।
ਤਾਲਿਬਾਨ ਨੇ ਇਸ ਵਾਰ ਔਰਤਾਂ ਨੂੰ ਵੀ ਸੱਤਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਤਾਲਿਬਾਨੀ ਅਫਗਾਨਿਸਤਾਨ ’ਤੇ ਰਾਜ ਕਰ ਰਹੇ ਸਨ ਤਾਂ ਉਸ ਵੇਲੇ ਉੱਥੇ ਔਰਤਾਂ ਦੀ ਸਥਿਤੀ ਹੇਠਲੇ ਦਰਜੇ ਦੀ ਸੀ ਪਰ ਇਸ ਵਾਰ ਉਨ੍ਹਾਂ ਕਿਹਾ ਕਿ ਉਹ ਰਚਨਾਤਮਕ ਭੂਮਿਕਾ ਨਿਭਾਉਣਗੇ ਅਤੇ ਔਰਤਾਂ ਨੂੰ ਵੀ ਸੱਤਾ ਵਿਚ ਹਿੱਸੇਦਾਰੀ ਦੇਣਗੇ?
ਵੇਖੋ, ਇਹ ਫਿਰ ਦੋਹਰੀ ਗੱਲ ਹੋ ਸਕਦੀ ਹੈ। ਜਦੋਂ ਉਹ ਆਪਣੇ ਕਹੇ ’ਤੇ ਅਮਲ ਕਰਨਗੇ ਤਾਂ ਹੀ ਉਨ੍ਹਾਂ ’ਤੇ ਯਕੀਨ ਕੀਤਾ ਜਾਵੇਗਾ। ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਕਥਨੀ ਤੋਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਅਜੇ ਤਾਲਿਬਾਨੀ ਕੀ ਕਰਦੇ ਹਨ, ਉਹ ਵੇਖਣਾ ਪਵੇਗਾ।
ਅਫਗਾਨ ਔਰਤਾਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੂੰ ਮੁੜ ਬੁਰਕਾ ਪਾਉਣਾ ਪਵੇਗਾ, ਆਜ਼ਾਦੀ ਖੁਸ ਜਾਵੇਗੀ, ਪੜ੍ਹਾਈ ’ਤੇ ਅਸਰ ਪਵੇਗਾ। ਕੀ ਔਰਤਾਂ ਆਪਣੇ ਭਵਿੱਖ ਨੂੰ ਲੈ ਕੇ ਫਿਕਰਮੰਦ ਨਜ਼ਰ ਨਹੀਂ ਆ ਰਹੀਆਂ?
ਸਹੀ ਗੱਲ ਹੈ। ਜਿਨ੍ਹਾਂ ਨੂੰ ਜਾਨ ਦੀ ਪ੍ਰਵਾਹ ਹੋਵੇਗੀ, ਉਨ੍ਹਾਂ ਨੂੰ ਉਨ੍ਹਾਂ ਅਨੁਸਾਰ ਕਦਮ ਚੁੱਕਣੇ ਪੈਣਗੇ। ਬੁਰਕਾ ਪਾਉਣਾ ਵੀ ਉਨ੍ਹਾਂ ਵਿਚੋਂ ਇਕ ਹੈ। ਜਦੋਂ ਬਿਨਾਂ ਬੁਰਕੇ ਦੇ ਉਹ ਬਾਹਰ ਹੀ ਨਹੀਂ ਨਿਕਲ ਸਕਦੀਆਂ ਤਾਂ ਕੋਈ ਹੋਰ ਰਸਤਾ ਵੀ ਨਹੀਂ ਹੈ।
ਤਾਲਿਬਾਨ ਦੀ ਕੱਟੜਪੰਥੀ ਇਸਲਾਮਿਕ ਸੋਚ ਹੈ। ਤੁਹਾਨੂੰ ਲੱਗਦਾ ਹੈ ਕਿ ਅਜਿਹੀ ਸੋਚ ਨਾਲ ਅਫਗਾਨਿਸਤਾਨ ਵਿਚ ਕਾਨੂੰਨ ਦਾ ਰਾਜ ਕਾਇਮ ਹੋ ਜਾਵੇਗਾ?
ਬਿਲਕੁਲ ਸਹੀ ਗੱਲ ਹੈ। ਜਿਸ ਤਰ੍ਹਾਂ ਦੀ ਕੱਟੜਪੰਥੀ ਸੋਚ ਹੈ ਅਤੇ 20 ਸਾਲਾਂ ਵਿਚ ਜਿਸ ਤਰ੍ਹਾਂ ਅਫਗਾਨਿਸਤਾਨ ਚੱਲਿਆ ਹੈ, ਜਨਤਾ ਚੱਲੀ ਹੈ, ਉਨ੍ਹਾਂ ਕੋਲ ਜੋ ਆਜ਼ਾਦੀ ਹੈ, ਉਸ ’ਤੇ ਕੀ ਅਸਰ ਪਵੇਗਾ ਅਤੇ ਕਈ ਚੀਜ਼ਾਂ ਹੁੰਦੀਆਂ ਹਨ। ਤੁਹਾਡੀ ਆਪਣੀ ਆਈਡੀਓਲਾਜੀ ਹੁੰਦੀ ਹੈ ਪਰ ਜਦੋਂ ਤੁਸੀਂ ਜਨਤਾ ਨਾਲ ਡੀਲ ਕਰਦੇ ਹੋ ਤਾਂ ਬਹੁਤ ਮੁਸ਼ਕਲ ਆਉਂਦੀ ਹੈ। ਅਸੀਂ ਵੇਖਣਾ ਹੈ ਕਿ ਉਹ ਕਿਸ ਤਰ੍ਹਾਂ ਰਾਜ ਕਰਦੇ ਹਨ। ਜ਼ਬਰਦਸਤੀ ਦਾ ਤਾਂ ਰਾਜ ਨਹੀਂ ਚੱਲ ਸਕੇਗਾ। ਬੀਤੇ ਸਮੇਂ ’ਚ ਅਜਿਹਾ ਹੋ ਚੁੱਕਾ ਹੈ। ਉਨ੍ਹਾਂ ਇਹੀ ਗਲਤੀ ਮੁੜ ਦੁਹਰਾਈ ਤਾਂ ਰਾਜ ਲੰਮਾ ਨਹੀਂ ਚੱਲ ਸਕੇਗਾ। ਮੇਰੇ ਹਿਸਾਬ ਨਾਲ ਪੂਰੀ ਦੁਨੀਆ ਉਨ੍ਹਾਂ ਨੂੰ ਵੇਖ ਰਹੀ ਹੈ।
ਅਸੀਂ ਵੇਖਦੇ ਰਹੇ ਹਾਂ ਕਿ ਜਦੋਂ ਰੂਸ ਅਫਗਾਨਿਸਤਾਨ ਵਿਚ ਦਿਲਚਸਪੀ ਲੈ ਰਿਹਾ ਸੀ ਤਾਂ ਅਮਰੀਕਾ ਤਾਲਿਬਾਨ ਦੀ ਮਦਦ ਕਰ ਰਿਹਾ ਸੀ ਅਤੇ ਜਦੋਂ ਰੂਸ ਅਫਗਾਨਿਸਤਾਨ ’ਚੋਂ ਚਲਾ ਗਿਆ ਤਾਂ ਅਮਰੀਕਾ ਤਾਲਿਬਾਨ ਦੇ ਖਿਲਾਫ ਹੋ ਗਿਆ। ਕੀ ਅਮਰੀਕਾ ਨੇ ਕਦੇ ਕਲਪਨਾ ਕੀਤੀ ਹੋਵੇਗੀ ਕਿ ਜਿਵੇਂ ਹੀ ਆਪਣੀਆਂ ਫੌਜਾਂ ਨੂੰ ਹਟਾਏਗਾ, ਅਫਗਾਨਿਸਤਾਨ ਵਿਚ ਅਰਾਜਕਤਾ ਦੇ ਹਾਲਾਤ ਪੈਦਾ ਹੋ ਜਾਣਗੇ?
ਮੇਰੇ ਖਿਆਲ ’ਚ ਨਹੀਂ। ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਦੀ ਫੌਜ ਦੀ ਜੋ ਅਸੈੱਸਮੈਂਟ ਸੀ, ਖਾਸ ਤੌਰ ’ਤੇ ਇੰਟੈਲੀਜੈਂਸ ਸੋਰਸਿਜ਼ ਦੀ ਅਸੈੱਸਮੈਂਟ ਗਲਤ ਰਹੀ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਇਹ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਭੱਜਣਾ ਪਿਆ ਅਤੇ ਜਿਸ ਤਰ੍ਹਾਂ ਉੱਥੇ ਨੁਕਸਾਨ ਹੋਇਆ, ਲੋਕਾਂ ਦੀਆਂ ਜਾਨਾਂ ਗਈਆਂ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜੋ ਸਟ੍ਰੈਟੇਜਿਕ ਤੇ ਇੰਟੈਲੀਜੈਂਸ ਅਸੈੱਸਮੈਂਟ ਸੀ, ਗਲਤ ਸਾਬਤ ਹੋਈ ਹੈ।
ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੁੰਦਿਆਂ ਹੀ ਚੀਨ, ਪਾਕਿਸਤਾਨ ਤੇ ਰੂਸ ਤੁਰੰਤ ਸਮਰਥਨ ਵਿਚ ਖੜ੍ਹੇ ਨਜ਼ਰ ਆਏ। ਤੁਸੀਂ ਇਸ ਗਠਜੋੜ ਨੂੰ ਕਿਵੇਂ ਵੇਖਦੇ ਹੋ?
ਅਜੇ ਹੋ ਸਕਦਾ ਹੈ ਕਿ ਇਕ-ਦੋ ਹੋਰ ਦੇਸ਼ ਵੀ ਤਾਲਿਬਾਨ ਨੂੰ ਮਾਨਤਾ ਦੇ ਦੇਣ। ਤੁਰਕੀ ਤੇ ਈਰਾਨ ਵੀ ਮਾਨਤਾ ਦੇ ਸਕਦੇ ਹਨ। ਹਰ ਦੇਸ਼ ਆਪਣਾ-ਆਪਣਾ ਹਿੱਤ ਵੇਖਦਾ ਹੈ। ਚੀਨ ਵੀ ਆਪਣਾ ਹਿੱਤ ਵੇਖ ਰਿਹਾ ਹੈ। ਸ਼ਾਇਦ ਆਪਣੇ ਸੀ. ਪੀ. ਈ. ਸੀ. ਪ੍ਰਾਜੈਕਟ ਨੂੰ ਵਧਾਉਣਾ ਉਸ ਦਾ ਮਕਸਦ ਹੋਵੇ। ਅਫਗਾਨਿਸਤਾਨ ਵਿਚ ਜੋ ਕਾਪਰ ਮਾਈਨਜ਼ ਸਮੇਤ ਹੋਰ ਮਾਈਨਜ਼ ਹਨ, ਉਨ੍ਹਾਂ ’ਤੇ ਕਬਜ਼ਾ ਕਰਨ ਦਾ ਇਰਾਦਾ ਹੋਵੇ। ਇਸੇ ਤਰ੍ਹਾਂ ਹਰ ਦੇਸ਼, ਭਾਵੇਂ ਪਾਕਿਸਤਾਨ ਹੋਵੇ ਜਾਂ ਫਿਰ ਰੂਸ, ਹਰ ਕੋਈ ਆਪਣਾ ਕੌਮੀ ਹਿੱਤ ਵੇਖ ਰਿਹਾ ਹੈ। ਅੱਗੇ ਇਹ ਵੇਖਣਾ ਜ਼ਰੂਰੀ ਹੋਵੇਗਾ ਕਿ ਤਾਲਿਬਾਨ ਆਪਣੇ ਦੇਸ਼ ਵਿਚ ਕਿਵੇਂ ਰਾਜ ਕਰਦਾ ਹੈ।
ਅਫਗਾਨਿਸਤਾਨ 20 ਸਾਲ ਪਹਿਲਾਂ ਜਿੱਥੇ ਸੀ, ਫਿਰ ਉੱਥੇ ਹੀ ਖੜ੍ਹਾ ਹੋ ਗਿਆ ਹੈ। ਤਾਲਿਬਾਨ ਰਾਜ ਵਿਚ ਅਫਗਾਨਿਸਤਾਨ ਦਾ ਕੀ ਭਵਿੱਖ ਹੈ?
ਸਾਨੂੰ ਵੇਖਣਾ ਪਵੇਗਾ ਕਿ ਤਾਲਿਬਾਨ-2 ਕਿਵੇਂ ਰਾਜ ਕਰਦਾ ਹੈ। ਜੇ ਉਨ੍ਹਾਂ ਤਾਲਿਬਾਨ-1 ਵਾਂਗ ਕੰਮ ਕੀਤਾ ਤਾਂ ਹਾਲਾਤ ਖਰਾਬ ਹੋ ਜਾਣਗੇ ਅਤੇ ਇਹ ਸਭ ਜ਼ਿਆਦਾ ਚੱਲ ਨਹੀਂ ਸਕੇਗਾ। ਕੀ ਤਾਲਿਬਾਨੀ ਬਦਲ ਗਏ ਹਨ, ਅਜੇ ਇਹ ਵੇਖਣ ਦੀ ਲੋੜ ਹੈ। ਅਗਲੇ ਇਕ-ਦੋ ਮਹੀਨਿਆਂ ਅੰਦਰ ਪਤਾ ਲੱਗ ਜਾਵੇਗਾ। ਬੇਰਹਿਮੀ ਕੀਤੀ ਗਈ ਤਾਂ ਫਿਰ ਕਾਰਵਾਈ ਹੋਵੇਗੀ ਪੂਰੀ ਦੁਨੀਆ ਦੀ, ਸਾਡੀ ਵੀ ਹੋਣੀ ਚਾਹੀਦੀ ਹੈ।
ਇਕ ਫੌਜ ਮੁਖੀ ਦੇ ਨਜ਼ਰੀਏ ਨਾਲ ਮੈਂ ਜਾਣਨਾ ਚਾਹੁੰਦਾ ਹਾਂ ਕਿ ਕੌਮਾਂਤਰੀ ਸ਼ਕਤੀਆਂ ਨੇ 20 ਸਾਲ ਤੋਂ ਅਫਗਾਨਿਸਤਾਨ ਨੂੰ ਅਖਾੜਾ ਕਿਉਂ ਬਣਾਇਆ ਹੋਇਆ ਹੈ?
ਅਮਰੀਕਾ ਦੀ ਜੋ ਰਣਨੀਤਕ ਨੀਤੀ ਹੈ, ਉਹ ਮੇਰੇ ਹਿਸਾਬ ਨਾਲ ਆਪਣੀ ਦਿਸ਼ਾ ਬਦਲਦੀ ਰਹਿੰਦੀ ਹੈ। ਵੇਖੋ ਜਦੋਂ 2001 ਵਿਚ ਅਮਰੀਕਾ ਨੇ ਆਪਣੇ ਸਾਥੀਆਂ ਨਾਲ ਕਾਬੁਲ ’ਤੇ ਹਮਲਾ ਕੀਤਾ ਸੀ ਤਾਂ ਇਕੋ ਮੁੱਦਾ ਸੀ ਕਿ ਤਾਲਿਬਾਨ ਨੂੰ ਅਫਗਾਨਿਸਤਾਨ ’ਚੋਂ ਹਟਾਵਾਂਗੇ। ਇਹ ਕਰ ਲਿਆ ਤਾਂ ਕੁਝ ਸਾਲਾਂ ਬਾਅਦ ਫੋਕਸ ਇਰਾਕ ਵੱਲ ਸ਼ਿਫਟ ਕਰ ਲਿਆ। ਉਨ੍ਹਾਂ ਆਪਣਾ ਧਿਆਨ ਵੰਡ ਲਿਆ, ਇਰਾਕ ਵਿਚ ਵੀ ਤੇ ਅਫਗਾਨਿਸਤਾਨ ਵਿਚ ਵੀ। ਫਿਰ ਬਾਅਦ ’ਚ ਓਸਾਮਾ ਬਿਨ ਲਾਦੇਨ ਨੂੰ ਮਾਰਿਆ। ਸਹੀ ਗੱਲ ਸੀ ਪਰ ਉਸ ਵੇੇਲੇ ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਸੀ। ਫਿਰ ਦੂਜਾ ਟੀਚਾ ਸ਼ੁਰੂ ਕੀਤਾ ਅਫਗਾਨਿਸਤਾਨ ਨੇਸ਼ਨ ਬਿਲਡਿੰਗ ਦਾ। ਅਫਗਾਨਿਸਤਾਨ ਵਰਗੇ ਦੇਸ਼ ਵਿਚ ਜਿੱਥੇ ਕਬੀਲੇ ਹਨ, ਜਿੱਥੇ ਕਮਿਊਨੀਕੇਸ਼ਨ ਸਹੀ ਨਹੀਂ, ਹਰ ਕਬੀਲੇ ਵਿਚ ਮਜ਼ਬੂਤ ਤੇ ਵੱਖ-ਵੱਖ ਤਰ੍ਹਾਂ ਦੇ ਲੋਕ ਹਨ। ਉੱਥੇ ਇਕ ਡੈਮੋਕ੍ਰੈਟਿਕ ਸਿਸਟਮ ਤੇ ਮਾਡਰਨਾਈਜ਼ੇਸ਼ਨ ਲਿਆਉਣਾ ਸੌਖਾ ਕੰਮ ਨਹੀਂ, ਬਹੁਤ ਮੁਸ਼ਕਲ ਹੈ। ਇਸੇ ਵਿਚ ਅਮਰੀਕੀ ਮਾਤ ਖਾ ਗਏ। ਫਿਰ ਬਾਅਦ ’ਚ ਫੈਸਲਾ ਕੀਤਾ ਕਿ ਅਸੀਂ ਆਪਣੀ ਫੌਜ ਹਟਾ ਲਵਾਂਗੇ। ਅੱਧੇ ਕੰਮ ਤੋਂ ਬਾਅਦ ਉਨ੍ਹਾਂ ਸੋਚਿਆ ਕਿ ਫੌਜ ਨੂੰ ਅਫਗਾਨਿਸਤਾਨ ’ਚੋਂ ਵਾਪਸ ਸੱਦ ਲੈਂਦੇ ਹਾਂ। ਇਸੇ ਕਾਰਨ ਜੋ ਬਾਕੀ ਦੇਸ਼ ਸਨ, ਯੂਰਪੀਅਨ ਤੇ ਨਾਟੋ ਨੇ ਵੀ ਫੌਜਾਂ ਹਟਾ ਲਈਆਂ। ਇਸ ਤੋਂ ਇਕ ਵੱਡਾ ਸਬਕ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਰਣਨੀਤਕ ਕੰਮਾਂ ਉੱਪਰ ਆਪਣਾ ਜੋ ਮੁੱਦਾ ਹੈ, ਆਪਣਾ ਜੋ ਟੀਚਾ ਹੈ, ਉਸ ਦੇ ਉੱਪਰ ਹੀ ਚੱਲਣਾ ਚਾਹੀਦਾ ਹੈ।
ਭਾਰਤ ਨੇ ਅਫਗਾਨਿਸਤਾਨ ਦਾ ਸੰਸਦ ਭਵਨ ਬਣਵਾਇਆ ਹੈ। ਅਫਗਾਨਿਸਤਾਨ ਦੇ ਵਿਕਾਸ ਲਈ ਕਰੋੜਾਂ-ਅਰਬਾਂ ਖਰਚ ਕੀਤੇ ਹਨ। ਸਾਨੂੰ ਇਸ ਦਾ ਕੀ ਫਾਇਦਾ ਮਿਲਿਆ?
ਅਸੀਂ ਲਗਭਗ 3 ਬਿਲੀਅਨ ਡਾਲਰ ਅਫਗਾਨਿਸਤਾਨ ਵਿਚ ਖਰਚ ਕੀਤੇ ਹਨ, ਖਾਸ ਤੌਰ ’ਤੇ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਨੂੰ ਬਣਾਉਣ ’ਚ। ਇਸ ਲਈ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕੋਲੈਟਰਲ ਨੁਕਸਾਨ ਹੋਇਆ ਹੈ ਪਰ ਮੈਂ ਸਮਝਦਾ ਹਾਂ ਕਿ ਅਫਗਾਨੀਆਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਹੈ, ਇਹ ਬਹੁਤ ਅਹਿਮ ਗੱਲ ਹੈ। ਅਫਗਾਨਿਸਤਾਨ ਦੇ ਲੋਕਾਂ ਦੇ ਦਿਲਾਂ ਵਿਚ ਭਾਰਤ ਲਈ ਜੋ ਇੱਜ਼ਤ ਤੇ ਪਿਆਰ ਹੈ, ਉਸ ਦਾ ਕਦੇ ਨਾ ਕਦੇ ਫਾਇਦਾ ਜ਼ਰੂਰ ਹੋਵੇਗਾ।
ਇਹ ਠੀਕ ਹੈ ਕਿ ਭਾਰਤ ਨੇ ਅਫਗਾਨਿਸਤਾਨ ਵਿਚ ਜੋ ਕੰਮ ਕੀਤਾ, ਤਾਲਿਬਾਨੀਆਂ ਨੇ ਉਸ ਦਾ ਧੰਨਵਾਦ ਕੀਤਾ ਹੈ ਪਰ ਮੌਜੂਦਾ ਹਾਲਾਤ ਵਿਚ ਚੀਨ ਤੇ ਪਾਕਿਸਤਾਨ ਜਿਸ ਤਰ੍ਹਾਂ ਭਾਰਤ ਖਿਲਾਫ ਹਮਲਾਵਰੀ ਰੁਖ਼ ਰੱਖਦੇ ਹਨ, ਅਜਿਹੀ ਸਥਿਤੀ ’ਚ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਦਾ ਭਾਰਤ ’ਤੇ ਕੀ ਅਸਰ ਪਵੇਗਾ?
ਇਸ ਵੇਲੇ ਅਜਿਹੀਆਂ ਚੀਜ਼ਾਂ ਨੂੰ ਸ਼ਾਰਟ ਟਰਮ ਨਹੀਂ, ਸਗੋਂ ਲੌਂਗ ਟਰਮ ਦੇ ਰੂਪ ਵਿਚ ਵੇਖਿਆ ਜਾਣਾ ਚਾਹੀਦਾ ਹੈ। ਮੈਂ ਕਿਹਾ ਹੈ ਕਿ ਇਸ ਵੇਲੇ ਕੋਲੈਟਰਲ ਨੁਕਸਾਨ ਹੋਇਆ ਹੈ ਪਰ ਦੂਰ ਦੀ ਵੇਖੀਏ ਤਾਂ ਭਾਰਤ ਸਰਕਾਰ, ਭਾਰਤੀ ਲੋਕ ਤੇ ਅਫਗਾਨਿਸਤਾਨ ਦੀ ਸਰਕਾਰ ਅਤੇ ਅਫਗਾਨੀਆਂ ਦਰਮਿਆਨ ਪਿਆਰ ਵਧਿਆ ਹੈ, ਇਸ ਵਿਚ ਕੋਈ ਸ਼ੱਕ ਨਹੀਂ। ਇਸ ਦਾ ਅੱਗੇ ਜ਼ਰੂਰ ਫਾਇਦਾ ਹੋਵੇਗਾ।
ਅਫਗਾਨਿਸਤਾਨ ’ਤੇ ਸਾਡੀ ਅਗਲੀ ਰਣਨੀਤੀ ਕੀ ਹੋਵੇਗੀ?
ਫਿਲਹਾਲ ਭਾਰਤ ਨੂੰ ਥੋੜ੍ਹਾ ‘ਵੇਟ ਐਂਡ ਵਾਚ’ ਕਰਨ ਦੀ ਲੋੜ ਹੈ। ਸਬਰ ਰੱਖ ਕੇ ਵੇਖਣਾ ਚਾਹੀਦਾ ਹੈ ਕਿ ਤਾਲਿਬਾਨੀ ਕਿਸ ਤਰ੍ਹਾਂ ਅੱਗੇ ਵਧਦੇ ਹਨ। ਨਾ ਸਿਰਫ ਅਫਗਾਨਿਸਤਾਨ ਦੇ ਹਾਲਾਤ, ਸਗੋਂ ਬਾਕੀ ਜਿਹੜੇ ਦੇਸ਼ ਹਨ, ਖਾਸ ਤੌਰ ’ਤੇ ਡੈਮੋਕ੍ਰੈਟਿਕ ਦੇਸ਼ ਜਿਵੇਂ ਅਮਰੀਕਾ, ਯੂਰਪੀ ਦੇਸ਼ ਤੇ ਰੂਸ, ਇਨ੍ਹਾਂ ਦੇਸ਼ਾਂ ਦੀ ਕੀ ਰਣਨੀਤੀ ਹੁੰਦੀ ਹੈ? ਫਿਲਹਾਲ ਜੋ ਭਾਰਤੀ ਮੂਲ ਦੇ ਲੋਕ ਉੱਥੇ ਫਸੇ ਹਨ, ਸਾਨੂੰ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਲੋੜ ਹੈ। ਹਾਲਾਤ ਜ਼ਿਆਦਾ ਖਰਾਬ ਹੋਏ ਤਾਂ ਬਾਕੀ ਦੇਸ਼ਾਂ ਨਾਲ ਮਿਲ ਕੇ ਕਾਰਵਾਈ ਕਰਨੀ ਪਵੇਗੀ। ਭਾਵੇਂ ਫੌਜੀ ਕਾਰਵਾਈ ਹੋਵੇ ਜਾਂ ਕੂਟਨੀਤਕ ਕੋਸ਼ਿਸ਼, ਇਸ ਦੇ ਲਈ ਯੋਜਨਾ ਬਣਾਉਣੀ ਪਵੇਗੀ।
ਕੀ ਤੁਹਾਨੂੰ ਲੱਗਦਾ ਸੀ ਕਿ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨੀਆਂ ਸਾਹਮਣੇ ਇੰਝ ਹਥਿਆਰ ਸੁੱਟ ਦੇਣਗੇ ਅਤੇ ਅਚਾਨਕ ਦੇਸ਼ ਛੱਡ ਕੇ ਭੱਜ ਜਾਣਗੇ?
ਕਿਸੇ ਵੀ ਕਰੱਪਟ ਲੀਡਰਸ਼ਿਪ ਵਿਚ ਅਜਿਹਾ ਹੀ ਹੁੰਦਾ ਹੈ। ਬਹੁਤ ਸ਼ਰਮਨਾਕ ਹਰਕਤ ਕੀਤੀ ਹੈ ਗਨੀ ਨੇ। ਆਪਣਾ ਦੇਸ਼ ਛੱਡ ਕੇ ਭੱਜ ਗਏ। ਮੈਂ ਸਮਝਦਾ ਹਾਂ ਕਿ ਉਨ੍ਹਾਂ ਨੇ ਪਾਲਿਟੀਕਲ ਲੀਡਰਸ਼ਿਪ ਦੀ ਕਮਜ਼ੋਰੀ ਵਿਖਾਈ ਹੈ।