ਭਾਰਤ ਆਉਣ ਵਾਲੇ ਵਿਦੇਸ਼ੀ ਪੱਤਰਕਾਰਾਂ ਨੂੰ ਵੱਡੀ ਰਾਹਤ, ਪਰਿਵਾਰ ਸਮੇਤ ਮਿਲੇਗਾ ਵੀਜ਼ਾ
Wednesday, Aug 19, 2020 - 02:46 AM (IST)

ਨਵੀਂ ਦਿੱਲੀ - ਭਾਰਤ ਸਰਕਾਰ ਨੇ ਵਿਦੇਸ਼ੀ ਪੱਤਰਕਾਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਜ (18 ਅਗਸਤ) ਇੱਕ ਵਿਸ਼ੇਸ਼ ਐਲਾਨ ਕੀਤਾ ਹੈ। ਸਰਕਾਰ ਨੇ ਵਿਦੇਸ਼ੀ ਪੱਤਰਕਾਰਾਂ ਨੂੰ ਪ੍ਰਮਾਣਤ ਪੱਤਰਕਾਰ ਵੀਜ਼ਾ (ਜੇ-1) 'ਤੇ ਪਰਿਵਾਰ ਸਮੇਤ ਭਾਰਤ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਗ੍ਰਹਿ ਮੰਤਰਾਲਾ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਜ਼ਿਆਦਾ ਸ਼੍ਰੇਣੀਆਂ ਦੇ ਵੀਜ਼ੇ ਅਤੇ ਯਾਤਰਾ ਪਾਬੰਦੀਆਂ ਦੀ ਜ਼ਰੂਰਤ 'ਤੇ ਵਿਚਾਰ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਪ੍ਰਵੇਸ਼ ਦੀ ਪਹਿਲਾਂ ਤੋਂ ਮਨਜ਼ੂਰੀ ਪ੍ਰਾਪਤ ਵਿਦੇਸ਼ੀ ਨਾਗਰਿਕਾਂ ਦੀਆਂ ਸ਼੍ਰੇਣੀਆਂ ਤੋਂ ਇਲਾਵਾ ਪੱਤਰਕਾਰ ਵੀਜ਼ਾ (J-1) ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ 'ਤੇ ਨਿਰਭਰ ਰਹਿਣ ਵਾਲਿਆਂ ਨੂੰ ਭਾਰਤ 'ਚ ਪ੍ਰਵੇਸ਼ ਕਰਨ ਲਈ J-1X ਵੀਜ਼ਾ ਰੱਖਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਵਿਦੇਸ਼ੀ ਨਾਗਰਿਕਾਂ ਕੋਲ J1 ਜਾਂ J-1X ਵੀਜ਼ਾ ਹਨ ਪਰ ਉਹ ਮੁਅੱਤਲ ਹੋ ਗਏ ਹਨ ਤਾਂ ਉਨ੍ਹਾਂ ਵੀਜ਼ਾ ਨੂੰ ਵੀ ਤੱਤਕਾਲ ਪ੍ਰਭਾਵ ਨਾਲ ਬਹਾਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਗ੍ਰਹਿ ਮੰਤਰਾਲਾ ਨੇ ਕਿਹਾ ਕਿ ਜੇਕਰ ਅਜਿਹੇ ਵੀਜ਼ਾ ਦੀ ਵੈਧਤਾ ਖ਼ਤਮ ਹੋ ਗਈ ਹੈ ਤਾਂ ਨਵਾਂ ਵੀਜ਼ਾ ਪਾਉਣ ਲਈ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਚੈੱਕ ਪੋਸਟ ਦੇ ਜ਼ਰੀਏ ਭਾਰਤ ਆਉਣ ਵਾਲੇ ਯਾਤਰੀ ਟ੍ਰੈਫਿਕ 'ਤੇ ਮੌਜੂਦਾ ਪਾਬੰਦੀਆਂ ਵਿਦੇਸ਼ੀ ਨਾਗਰਿਕਾਂ ਦੀਆਂ ਇਨ੍ਹਾਂ ਸ਼੍ਰੇਣੀਆਂ 'ਤੇ ਲਾਗੂ ਨਹੀਂ ਹੋਣਗੀਆਂ। ਹਾਲਾਂਕਿ ਕੋਰੋਨਾ ਕਾਲ 'ਚ ਆਇਸੋਲੇਸ਼ਨ ਅਤੇ ਹੋਰ ਸਾਰੇ ਸਿਹਤ ਅਤੇ ਕੋਰੋਨਾ ਵਾਇਰਸ ਨਾਲ ਸਬੰਧਤ ਸਿਹਤ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਸਰਕਾਰ ਨੇ ਪਹਿਲਾਂ ਹੀ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (OCI) ਕਾਰਡ ਧਾਰਕਾਂ ਨੂੰ ਅਮਰੀਕਾ, ਬ੍ਰਿਟੇਨ, ਜਰਮਨ ਅਤੇ ਫ਼ਰਾਂਸ ਤੋਂ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦੇ ਨਾਲ ਭਾਰਤ ਸਰਕਾਰ ਨੇ ਏਅਰ ਬਬਲ ਐਗ੍ਰੀਮੈਂਟ 'ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਦੇਸ਼ਾਂ ਦੇ ਹੋਰ ਵਿਦੇਸ਼ੀਆਂ ਨੂੰ ਵੀ ਵਪਾਰ, ਮੈਡੀਕਲ ਅਤੇ ਰੁਜ਼ਗਾਰ ਦੇ ਉਦੇਸ਼ਾਂ ਲਈ ਭਾਰਤੀ ਵੀਜ਼ਾ ਸਹੂਲਤ ਪ੍ਰਾਪਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।