ਨੌਜਵਾਨਾਂ ਲਈ ਖੁਸ਼ੀ ਦੀ ਖ਼ਬਰ, ਸ਼੍ਰੀਨਗਰ ''ਚ ਬਣਿਆ ਫੁੱਟਬਾਲ ਸਟੇਡੀਅਮ
Sunday, Aug 09, 2020 - 06:02 PM (IST)
ਸ਼੍ਰੀਨਗਰ— ਫੁੱਟਬਾਲ ਉਨ੍ਹਾਂ ਕਈ ਖੇਡਾਂ ਵਿਚੋਂ ਇਕ ਹੈ, ਜੋ ਜੰਮੂ-ਕਸ਼ਮੀਰ ਵਿਚ ਹਰ ਉਮਰ ਵਰਗ ਵਲੋਂ ਖੇਡਿਆ ਜਾਂਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਹੁਤ ਸਾਰੇ ਨੌਜਵਾਨ ਆਪਣੇ ਹੁਨਰ 'ਤੇ ਮਾਣ ਮਹਿਸੂਸ ਕਰਦੇ ਹੋਏ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਪਹੁੰਚ ਗਏ ਹਨ। ਸ਼੍ਰੀਨਗਰ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਖ਼ਾਸ ਕਰ ਕੇ ਫੁੱਟਬਾਲ ਦੇ ਵਧੀਆ ਭਵਿੱਖ ਦੀ ਇੱਛਾ ਨਾਲ ਮਦਦ ਕਰਨ ਲਈ ਜੰਮੂ-ਕਸ਼ਮੀਰ ਸਰਕਾਰ ਨੇ ਅਲੀਚੀਬਾਗ ਇਲਾਕੇ ਵਿਚ ਇਕ ਫੁੱਟਬਾਲ ਸਟੇਡੀਅਮ ਬਣਾਇਆ ਹੈ। ਸਰਕਾਰ ਦੀ ਇਸ ਕਾਰਗੁਜ਼ਾਰੀ ਤੋਂ ਖੁਸ਼ ਖੇਡ ਪ੍ਰੇਮੀਆਂ ਨੇ ਕਿਹਾ ਉਹ ਸਰਕਾਰ ਦਾ ਸ਼ੁਕਰਗੁਜ਼ਾਰ ਹਨ ਅਤੇ ਅਧਿਕਾਰੀਆਂ ਨੂੰ ਬਾਕੀ ਕੰਮ ਜਲਦੀ ਖਤਮ ਕਰਨ ਦੀ ਬੇਨਤੀ ਕਰਦੇ ਹਨ। ਫੁੱਟਬਾਲ ਖਿਡਾਰੀ ਨਿਸਾਰ ਖਾਨ ਅਤੇ ਕੋਚ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਟੇਡੀਅਮ ਦਾ ਸਾਨੂੰ ਫਾਇਦਾ ਹੋਇਆ ਹੈ। ਮੈਂ ਇਕ ਫੁੱਟਬਾਲ ਖਿਡਾਰੀ ਹਾਂ ਅਤੇ ਇਕ ਅਕੈਡਮੀ ਦਾ ਮੁਖੀ ਹਾਂ। ਮੈਂ ਇਸ ਸਟੇਡੀਅਮ 'ਚ ਖਿਡਾਰੀਆਂ ਨੂੰ ਕੋਚਿੰਗ ਦੇ ਰਿਹਾ ਹਾਂ। ਮੈਂ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਮਿੱਟੀ ਦੇ ਪੱਧਰ ਨੂੰ ਸਮਾਨ ਬਣਾਉਣ ਵਰਗੇ ਸਾਰੇ ਕੰਮ ਮੁਕੰਮਲ ਕਰਨ ਅਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਸਾਬਕਾ ਫੁੱਟਬਾਲ ਖਿਡਾਰੀ ਤਾਰਿਕ ਅਹਿਮਦ ਨੇ ਕਿਹਾ ਕਿ ਇਹ ਮੈਦਾਨ ਹਰ ਕਿਸਮ ਦੀਆਂ ਖੇਡਾਂ ਖੇਡਣ ਲਈ ਘਾਟੀ ਦਾ ਸਭ ਤੋਂ ਚੰਗਾ ਮੈਦਾਨ ਹੈ। ਅਹਿਮਦ ਨੇ ਕਿਹਾ ਕਿ ਜਦੋਂ ਧਰਤੀ ਹੋਂਦ ਵਿਚ ਨਹੀਂ ਆਈ ਸੀ, ਤਾਂ ਇੱਥੇ ਸਾਰਾ ਪਾਣੀ ਸੀ। ਸਪੋਰਟਸ ਕੌਂਸਲ ਨੇ ਇਸ ਮੈਦਾਨ ਨੂੰ ਵਿਕਸਿਤ ਕੀਤਾ ਹੈ। ਇਹ ਇਸ ਖੇਤਰ ਦਾ ਸਭ ਤੋਂ ਉੱਤਮ ਮੈਦਾਨ ਹੈ। ਇਹ ਨੌਜਵਾਨਾਂ ਨੂੰ ਆਪਣੇ ਕਰੀਅਰ ਵਿਚ ਉੱਨਤ ਕਰਨ ਅਤੇ ਉਨ੍ਹਾਂ ਦੇ ਖੇਡ ਹੁਨਰਾਂ 'ਚ ਸੁਧਾਰ ਕਰਨ ਵਿਚ ਸਹਾਇਤਾ ਕਰੇਗਾ। ਇਕ ਸਥਾਨਕ ਵਸਨੀਕ, ਮਨਜੂਰ ਬੇਗ ਨੇ ਕਿਹਾ ਕਿ ਸਰਕਾਰ ਨੇ ਇੱਥੇ ਇਕ ਚੰਗਾ ਸਟੇਡੀਅਮ ਬਣਾਇਆ ਹੈ। ਅਸੀਂ ਇਸ ਸਟੇਡੀਅਮ ਨੂੰ ਦੇਣ ਲਈ ਸਪੋਰਟਸ ਕੌਂਸਲ ਦਾ ਧੰਨਵਾਦ ਕਰਦੇ ਹਾਂ। ਮੈਂ ਰੋਜ਼ਾਨਾ ਇੱਥੇ ਆਉਂਦਾ ਹਾਂ। ਓਧਰ ਸ਼੍ਰੀਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਾਹਿਦ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਸਥਾਨਕ ਖਿਡਾਰੀਆਂ ਅਤੇ ਫੁੱਟਬਾਲ ਕੋਚਾਂ ਦੀ ਮੰਗ 'ਤੇ ਇਹ ਫੁੱਟਬਾਲ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਇਹ ਨੌਜਵਾਨਾਂ ਨੂੰ ਉਨ੍ਹਾਂ ਦੇ ਫੁੱਟਬਾਲ ਹੁਨਰ ਨੂੰ ਵਧਾਉਣ 'ਚ ਮਦਦਗਾਰ ਹੋਵੇਗਾ ਅਤੇ ਉਹ ਇਸ ਮੈਦਾਨ 'ਤੇ ਹਰ ਪ੍ਰਕਾਰ ਦੀਆਂ ਖੇਡਾਂ ਖੇਡ ਸਕਦੇ ਹਨ।