ਜਨਸੰਖਿਆ ਦੇ ਮੁੱਦੇ ’ਤੇ ਮੋਹਨ ਭਾਗਵਤ ਦੀ ਦੋ-ਟੁੱਕ, ਆਬਾਦੀ ਵਧਾਉਣਾ ਜਾਨਵਰਾਂ ਦਾ ਕੰਮ, ਇਨਸਾਨ ਬਣੋ

07/15/2022 11:47:33 AM

ਬੇਂਗਲੁਰੂ– ਜਨਸੰਖਿਆ ’ਤੇ ਛਿੜੀ ਬਹਿਸ ਵਿਚਾਲੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਵੀ ਵੱਡਾ ਬਿਆਨ ਦਿੱਤਾ ਹੈ। ਭਾਗਵਤ ਨੇ ਕਿਹਾ ਕਿ ਆਬਾਦੀ ਵਧਾਉਣ ਅਤੇ ਖਾਣ ਦਾ ਕੰਮ ਤਾਂ ਜਾਨਵਰ ਵੀ ਕਰਦੇ ਹਨ। ਇਹ ਜੰਗਲ ’ਚ ਸਭ ਤੋਂ ਤਾਕਤਵਰ ​​ਰਹਿਣ ਲਈ ਜ਼ਰੂਰੀ ਹੈ।

ਤਾਕਤਵਰ ਹੀ ਜ਼ਿੰਦਾ ਰਹੇਗਾ, ਇਹ ਜੰਗਲ ਦਾ ਕਾਨੂੰਨ ਹੈ। ਇਨਸਾਨਾਂ ’ਚ ਅਜਿਹਾ ਨਹੀਂ ਹੈ। ਇਨਸਾਨਾਂ ’ਚ ਜਦੋਂ ਤਾਕਤਵਰ ਦੂਜਿਆਂ ਦੀ ਰੱਖਿਆ ਕਰਦਾ ਹੈ ਤਾਂ ਇਹ ਹੀ ਮਨੁੱਖਤਾ ਦੀ ਨਿਸ਼ਾਨੀ ਹੈ। ਭਾਗਵਤ ਨੇ ਕਿਹਾ ਕਿ ਧਰਮ ਪਰਿਵਰਤਨ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਤੋਂ ਵੱਖ ਕਰਦਾ ਹੈ।

ਭਾਗਵਤ ਕਰਨਾਟਕ ਦੇ ਚਿੱਕਬੱਲਾਪੁਰ ਦੀ ਸ੍ਰੀ ਸੱਤਿਆ ਸਾਈਂ ਯੂਨੀਵਰਸਿਟੀ ਫਾਰ ਹਿਊਮਨ ਐਕਸੀਲੈਂਸ ਦੇ ਪਹਿਲੇ ਕਾਨਵੋਕੇਸ਼ਨ ’ਚ ਬੋਲ ਰਹੇ ਸਨ। ਸੰਘ ਮੁਖੀ ਨੇ ਦੇਸ਼ ਦੇ ਵਿਕਾਸ ’ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਦੇਸ਼ ਨੇ ਹਾਲ ਹੀ ’ਚ ਬਹੁਤ ਤਰੱਕੀ ਕੀਤੀ ਹੈ। ਦੇਸ਼ ਵਾਸੀਆਂ ਨੇ ਵਿਕਾਸ ਦੇਖਿਆ ਹੈ। ਅਸੀਂ ਇਤਿਹਾਸ ਤੋਂ ਸਬਕ ਲੈ ਕੇ ਅਤੇ ਭਵਿੱਖ ਵੱਲ ਦੇਖ ਕੇ ਵਿਕਾਸ ਕੀਤਾ ਹੈ।

ਭਾਗਵਤ ਨੇ ਕਾਨਵੋਕੇਸ਼ਨ ਦੌਰਾਨ ਕਿਹਾ ਕਿ ਜੇਕਰ ਕਿਸੇ ਦੀ ਭਾਸ਼ਾ ਵੱਖਰੀ ਹੈ, ਧਰਮ ਵੱਖਰਾ ਹੈ, ਇੱਥੋਂ ਤੱਕ ਕਿ ਦੇਸ਼ ਵੀ ਵੱਖਰਾ ਹੈ ਤਾਂ ਇਹ ਵਿਵਾਦ ਦੀ ਜੜ੍ਹ ਹੈ। ਵਾਤਾਵਰਨ ਅਤੇ ਵਿਕਾਸ ਵਿਚਾਲੇ ਹਮੇਸ਼ਾ ਟਕਰਾਅ ਰਿਹਾ ਹੈ। ਉੱਤਮਤਾ ਅਧਿਆਤਮਿਕਤਾ ਰਾਹੀਂ ਹੀ ਮਿਲ ਸਕਦੀ ਹੈ, ਕਿਉਂਕਿ ਵਿਗਿਆਨ ਅਜੇ ਤੱਕ ਸ੍ਰਿਸ਼ਟੀ ਦੇ ਮੂਲ ਨੂੰ ਨਹੀਂ ਸਮਝ ਸਕਿਆ ਹੈ।

ਇਸ ਦੌਰਾਨ ਇਸਰੋ ਦੇ ਸਾਬਕਾ ਚੇਅਰਮੈਨ ਕੇ. ਕਸਤੂਰੀਰੰਗਨ, ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੁਨੀਲ ਗਾਵਸਕਰ, ਗਾਇਕ ਪੰਡਿਤ ਐਮ. ਵੈਂਕਟੇਸ਼ ਕੁਮਾਰ ਵੀ ਮੌਜੂਦ ਸਨ। ਕਾਨਵੋਕੇਸ਼ਨ ਦੌਰਾਨ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੂੰ ਆਨਰੇਰੀ ਡਿਗਰੀ ਦਿੱਤੀ ਗਈ। ਸਰਸੰਘਚਾਲਕ ਦੇ ਆਬਾਦੀ ’ਤੇ ਬਿਆਨ ਨੂੰ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉਸ ਬਿਆਨ ਦੇ ਸੰਦਰਭ ’ਚ ਦੇਖਿਆ ਜਾ ਰਿਹਾ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਜੇਕਰ ਆਬਾਦੀ ਦਾ ਅਸੰਤੁਲਨ ਜਾਰੀ ਰੱਖਿਆ ਗਿਆ ਤਾਂ ਇਸ ਨਾਲ ਅਵਿਵਸਥਾ ਅਤੇ ਅਰਾਜਕਤਾ ਦਾ ਕਾਰਨ ਬਣ ਸਕਦਾ ਹੈ।


Rakesh

Content Editor

Related News