ਹੜ੍ਹ ਨਾਲ ਕੋਚੀ ਹਵਾਈ ਅੱਡੇ ਨੂੰ 220 ਕਰੋੜ ਰੁਪਏ ਦਾ ਨੁਕਸਾਨ!

08/21/2018 11:27:30 PM

ਕੋਚੀ-ਕੇਰਲ 'ਚ ਭਾਰੀ ਮੀਂਹ ਅਤੇ ਹੜ੍ਹ ਨਾਲ ਕੋਚੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਸਾਇਲ) ਨੂੰ 220 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਾਇਲ ਪ੍ਰਬੰਧਨ ਨੇ ਹੜ੍ਹ ਨਾਲ ਤਬਾਹ ਹੋਏ ਬੁਨਿਆਦੀ ਢਾਂਚੇ ਨੂੰ ਫਿਰ ਤੋਂ ਬਣਾਉਣਾ ਸ਼ੁਰੂ ਕੀਤਾ ਹੈ। ਇਸ 'ਚ ਹਵਾਈ ਅੱਡੇ ਦੀ ਢਾਈ ਕਿਲੋਮੀਟਰ ਲੰਮੀ ਚਾਰਦੀਵਾਰੀ ਵੀ ਸ਼ਾਮਲ ਹੈ ਜੋ ਪੇਰਿਆਰ ਨਦੀ 'ਚ ਪਾਣੀ ਦਾ ਪੱਧਰ ਵਧਣ ਕਾਰਨ ਵਹਿ ਗਈ ਸੀ।    
ਅਧਿਕਾਰੀ ਨੇ ਦੱਸਿਆ ਕਿ ਹੜ੍ਹ ਨਾਲ ਰਨਵੇ, ਜਹਾਜ਼ਾਂ ਦੇ ਖੜ੍ਹੇ ਹੋਣ ਦੇ ਸਥਾਨ, ਟੈਕਸੀ-ਵੇਅ, ਕਸਟਮ ਡਿਊਟੀ ਮੁਕਤ ਦੁਕਾਨਾਂ ਦੇ ਨਾਲ ਘਰੇਲੂ ਅਤੇ ਕੌਮਾਂਤਰੀ ਟਰਮੀਨਲਾਂ ਦੇ ਕਈ ਖੇਤਰਾਂ ਨੂੰ ਨੁਕਸਾਨ ਪੁੱਜਾ ਹੈ। ਇਸ ਤੋਂ ਇਲਾਵਾ ਰਨਵੇ ਦੀ ਰੌਸ਼ਨੀ ਵਿਵਸਥਾ ਸਮੇਤ ਇਲੈਕਟ੍ਰੀਕਲ ਯੰਤਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।    
ਉਨ੍ਹਾਂ ਕਿਹਾ ਕਿ ਦੁਨੀਆ ਦੇ ਪਹਿਲੇ ਪੂਰੀ ਤਰ੍ਹਾਂ ਸੌਰ ਊਰਜਾ ਸੰਚਾਲਿਤ ਇਸ ਹਵਾਈ ਅੱਡੇ ਦਾ ਸੌਰ ਬਿਜਲੀ ਪਲਾਂਟ ਵੀ ਹੜ੍ਹ ਨਾਲ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ, ''ਅਸੀਂ ਨੁਕਸਾਨਗ੍ਰਸਤ ਬੁਨਿਆਦੀ ਢਾਂਚੇ ਨੂੰ ਫਿਰ ਤੋਂ ਬਣਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤੀਆਂ ਹਨ। ਟਰਮੀਨਲ ਦੀਆਂ ਇਮਾਰਤਾਂ ਨੂੰ ਸਾਫ਼ ਕਰਨ ਲਈ ਲਗਭਗ 200 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।'' ਹਵਾਈ ਅੱਡੇ ਦੇ ਅਗਲੇ ਹਫਤੇ ਮੁੜ ਤੋਂ ਚਾਲੂ ਹੋਣ ਦੀ ਉਮੀਦ ਹੈ।  
ਕੱਲ ਤੋਂ ਕੋਚੀ ਦੇ ਨੇਵੀ ਹਵਾਈ ਅੱਡੇ ਆਈ. ਐੱਨ. ਐੱਸ. ਗਰੁੜ ਤੋਂ ਸਿਵਲ ਜਹਾਜ਼ਾਂ ਦਾ ਸੰਚਾਲਨ ਸ਼ੁਰੂ ਕੀਤਾ ਜਾ ਚੁੱਕਾ ਹੈ। ਅਜੇ ਏਅਰ ਇੰਡੀਆ ਦੀ ਸਹਿਯੋਗੀ ਇਕਾਈ ਅਲਾਇੰਸ ਏਅਰ ਉਥੋਂ ਇਕ ਉਡਾਣ ਬੇਂਗਲੁਰੂ ਅਤੇ ਇਕ ਕੋਇੰਬਟੂਰ ਲਈ ਸੰਚਾਲਿਤ ਕਰ ਰਹੀ ਹੈ। ਅੱਜ ਇੰਡੀਗੋ ਨੇ ਵੀ ਉਥੋਂ ਆਪਣੀ ਜਹਾਜ਼ ਉਡਾਣ ਦਾ ਪ੍ਰੀਖਣ ਕੀਤਾ ਹੈ ਅਤੇ ਉਸ ਦਾ ਉਡਾਣ ਸੰਚਾਲਨ ਅੱਜ ਤੋਂ ਸ਼ੁਰੂ ਹੋ ਸਕਦਾ ਹੈ।


Related News