ਦੁਬਈ ’ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਹਵਾਈ ਅੱਡਾ, ਲਾਗਤ ‘2 ਲੱਖ 91 ਹਜ਼ਾਰ ਕਰੋੜ ਰੁਪਏ’
Sunday, Apr 28, 2024 - 11:05 PM (IST)

ਇੰਟਰਨੈਸ਼ਨਲ ਡੈਸਕ– ਵੱਡੀਆਂ ਤੇ ਸ਼ਾਨਦਾਰ ਇਮਾਰਤਾਂ ਬਣਾਉਣ ਵਾਲਾ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਹੁਣ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਾਉਣ ਜਾ ਰਿਹਾ ਹੈ। ਇਸ ਦਾ ਨਾਮ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਐਤਵਾਰ ਨੂੰ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ 128 ਬਿਲੀਅਨ ਦਿਰਹਾਮ (35 ਬਿਲੀਅਨ ਡਾਲਰਸ) ਯਾਨੀ ਭਾਰਤੀ ਕਰੰਸੀ ’ਚ ‘2 ਲੱਖ 91 ਹਜ਼ਾਰ ਕਰੋੜ ਰੁਪਏ’ ਦੀ ਲਾਗਤ ਨਾਲ ਇਕ ਨਵੇਂ ਯਾਤਰੀ ਟਰਮੀਨਲ ਨੂੰ ਮਨਜ਼ੂਰੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਇਸ ਏਅਰਪੋਰਟ ਨੂੰ ਬਣਾਉਣ ਦਾ ਕੰਮ 2013 ’ਚ ਹੀ ਸ਼ੁਰੂ ਹੋ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ ਸੁਨੀਤਾ ਕੇਜਰੀਵਾਲ, ਜੇਲ੍ਹ ਪ੍ਰਸ਼ਾਸਨ ਨੇ ਰੱਦ ਕੀਤੀ ਮੁਲਾਕਾਤ ਦੀ ਇਜਾਜ਼ਤ
ਕੀ ਹੋਵੇਗੀ ਖ਼ਾਸੀਅਤ?
- ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ
- ਇਸ ਹਵਾਈ ਅੱਡੇ ਦੀ ਸਮਰੱਥਾ 260 ਮਿਲੀਅਨ ਯਾਨੀ 26 ਕਰੋੜ ਯਾਤਰੀਆਂ ਦੀ ਹੋਵੇਗੀ
- ਇਹ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ
- ਆਉਣ ਵਾਲੇ ਸਾਲਾਂ ’ਚ ਦੁਬਈ ਹਵਾਈ ਅੱਡੇ ਦੇ ਸਾਰੇ ਸੰਚਾਲਨ ਅਲ ਮਕਤੂਮ ’ਚ ਤਬਦੀਲ ਕਰ ਦਿੱਤੇ ਜਾਣਗੇ
- ਅਲ ਮਕਤੂਮ ਹਵਾਈ ਅੱਡੇ ’ਚ 400 ਟਰਮੀਨਲ ਗੇਟ ਤੇ 5 ਰਨਵੇ ਵੀ ਸ਼ਾਮਲ ਹੋਣਗੇ
ਕੀ ਹੋਵੇਗਾ ਫ਼ਾਇਦਾ?
ਦੁਬਈ ਦੀ ਸਰਕਾਰੀ ਮਾਲਕੀ ਵਾਲੀ ਏਅਰਲਾਈਨ ਅਮੀਰਾਤ ਦੇ ਚੇਅਰਮੈਨ ਸ਼ੇਖ ਅਹਿਮਦ ਬਿਨ ਸਈਦ ਅਲ-ਮਕਤੂਮ ਨੇ ਕਿਹਾ ਕਿ ਹਵਾਈ ਅੱਡਾ ਫਲੈਗਸ਼ਿਪ ਕੈਰੀਅਰ ਅਮੀਰਾਤ ਤੇ ਇਸ ਦੀ ਘੱਟ ਕੀਮਤ ਵਾਲੀ ਏਅਰਲਾਈਨ ਫਲਾਈਦੁਬਈ ਦੇ ਨਾਲ-ਨਾਲ ਦੁਨੀਆ ਨੂੰ ਦੁਬਈ ਨਾਲ ਜੋੜਨ ਵਾਲੇ ਸਾਰੇ ਏਅਰਲਾਈਨਜ਼ ਭਾਈਵਾਲਾਂ ਲਈ ਨਵਾਂ ਘਰ ਹੋਵੇਗਾ।
ਦੁਬਈ ਮੀਡੀਆ ਦਫ਼ਤਰ ਨੇ ਦੁਬਈ ਹਵਾਈ ਅੱਡਿਆਂ ਦੇ ਸੀ. ਈ. ਓ. ਪਾਲ ਗ੍ਰਿਫਿਥਸ ਦੇ ਹਵਾਲੇ ਨਾਲ ਕਿਹਾ, ‘‘ਇਹ ਕਦਮ ਵਿਸ਼ਵ ਪੱਧਰ ’ਤੇ ਇਕ ਪ੍ਰਮੁੱਖ ਹਵਾਬਾਜ਼ੀ ਹੱਬ ਵਜੋਂ ਦੁਬਈ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।