ਤੀਸਤਾ ਨਦੀ ''ਚ ਹੜ੍ਹ : ਵਾਲ-ਵਾਲ ਬਚੇ ਰੇਲਵੇ ਨਿਰਮਾਣ ਸਥਨ ''ਤੇ ਮੌਜੂਦ 150 ਮਜ਼ਦੂਰ

Sunday, Oct 08, 2023 - 01:28 PM (IST)

ਤੀਸਤਾ ਨਦੀ ''ਚ ਹੜ੍ਹ : ਵਾਲ-ਵਾਲ ਬਚੇ ਰੇਲਵੇ ਨਿਰਮਾਣ ਸਥਨ ''ਤੇ ਮੌਜੂਦ 150 ਮਜ਼ਦੂਰ

ਕੋਲਕਾਤਾ, (ਭਾਸ਼ਾ)- ਸਿਕੱਮ-ਪੱਛਮੀ ਬੰਗਾਲ ਸਰਹੱਦ ਨੇੜੇ ਰੇਲ ਸੁਰੰਗ ਦੇ ਨਿਰਮਾਣ ਕਾਰਜ ਵਿਚ ਲੱਗੇ ਲਗਭਗ 150 ਮਜ਼ਦੂਰ ਤੀਸਤਾ ਨਦੀ ਵਿਚ ਬੁੱਧਵਾਰ ਸਵੇਰੇ ਅਚਾਨਕ ਆਏ ਹੜ੍ਹ ’ਚ ਵਾਲ-ਵਾਲ ਬਚ ਗਏ ਕਿਉਂਕਿ ਹੜ੍ਹ ਦਾ ਪਾਣੀ ਵੜਨ ਅਤੇ ਉਨ੍ਹਾਂ ਦਾ ਕੈਂਪ ਅਤੇ ਸਾਮਾਨ ਰੋੜ ਕੇ ਲੈ ਜਾਣ ਤੋਂ ਕੁਝ ਮਿੰਟ ਪਹਿਲਾਂ ਉਨ੍ਹਾਂ ਨੂੰ ਉਥੋਂ ਕੱਢ ਲਿਆ ਗਿਆ ਸੀ।

ਇਹ ਲੋਕ ਜਿਸ ਨਿੱਜੀ ਕੰਪਨੀ ਲਈ ਕੰਮ ਕਰ ਰਹੇ ਸਨ, ਉਸਦੇ ਅਧਿਕਾਰੀ ਹੜ੍ਹ ਆਉਣ ਦੀ ਸੂਚਨਾ ਮਿਲਦਿਆਂ ਹੀ ਸਮਾਂ ਰਹਿੰਦਿਆਂ ਵਾਹਨਾਂ ਨਾਲ ਉਨ੍ਹਾਂ ਦੀ ਕਾਲੋਨੀ ਵਿਚ ਪਹੁੰਚੇ ਅਤੇ ਸੁੱਤੇ ਪਏ ਮਜ਼ਦੂਰਾਂ ਨੂੰ ਉਥੋਂ ਕੱਢਿਆ, ਨਹੀਂ ਤਾਂ ਉਨ੍ਹਾਂ ਸਾਰਿਆਂ ਦੀ ਮੌਤ ਪੱਕੀ ਸੀ। ਪੱਛਮੀ ਬੰਗਾਲ ਦੇ ਕਲਿਮਪੋਂਗ ਜ਼ਿਲੇ ਦੇ ਰਾਂਬੀ ਬਾਜ਼ਾਰ ਤੋਂ 2 ਕਿਲੋਮੀਟਰ ਦੂਰ ਜ਼ੀਰੋ ਮੀਲ ਨੇੜੇ ਸਥਿਤ ਕੈਂਪ ਨੂੰ ਤੀਸਤਾ ਨਦੀ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਪੂਰੇ ਇਲਾਕੇ ਵਿਚ ਕਈ ਫੁੱਟ ਚਿੱਕੜ ਭਰ ਗਿਆ ਹੈ।

ਸੁੱਤੇ ਪਏ ਮਜ਼ਦੂਰਾਂ ਨੂੰ ਫੋਨ ਕਰ ਕੇ ਜਗਾਉਂਦੇ ਹੋਏ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਆਪਣਾ ਸਾਮਾਨ ਸਮੇਟਣ ਅਤੇ ਜ਼ਰੂਰੀ ਸਾਮਾਨ ਨਾਲ ਨਦੀ ਕੰਢੇ ਸਥਿਤ ਕੈਂਪ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ। ਅਖੀਰ ਉਨ੍ਹਾਂ ਨੂੰ ਲਿਆਉਣ ਲਈ ਭੇਜੇ ਗਏ ਇਕ ਸੁਰੱਖਿਆ ਗਾਰਡ ਦੀ ਮਦਦ ਨਾਲ ਮਜ਼ਦੂਰ ਟਾਈਮ ਦੀ ਕਮੀ ਨੂੰ ਧਿਆਨ ਵਿਚ ਰੱਖਦੇ ਹੋਏ ਇਕ-ਦੂਜੇ ਰਸਤੇ ਰਾਹੀਂ ਕੈਂਪ ’ਚੋਂ ਨਿਕਲੇ। ਉਹ ਲਗਭਗ 20 ਮਿੰਟ ਪੈਦਲ ਤੁਰਨ ਤੋਂ ਬਾਅਦ ਨੇੜਲੀ ਸੜਕ ਤੱਕ ਪਹੁੰਚੇ। ਸੜਕ ’ਤੇ ਸੁਰੱਖਿਅਤ ਪਹੁੰਚਣ ’ਤੇ ਜਦੋਂ ਮਜ਼ਦੂਰਾਂ ਨੇ ਪਿੱਛੇ ਮੁੜ ਕੇ ਕੈਂਪ ਵੱਲ ਦੇਖਿਆ ਤਾਂ ਉਨ੍ਹਾਂ ਨੇ ਆਪਣਾ ਕੈਂਪ ਡੁੱਬਦਾ ਹੋਇਆ ਦੇਖਿਆ। ਸਭ ਕੁਝ ਪਾਣੀ ਵਿਚ ਡੁੱਬ ਗਿਆ ਸੀ।

ਮਜ਼ਦੂਰ ਕੁਦਰਤ ਦੇ ਵਿਨਾਸ਼ ’ਤੋਂ ਜਿਊਂਦੇ ਬਚਣ ਤੋਂ ਬਾਅਦ ਰੋ ਪਏ। ਉਥੇ ਕੰਮ ਕਰਨ ਵਾਲੇ ਸ਼ਿਬਯੇਂਦੁ ਦਾਸ (32) ਨੇ ਦੱਸਿਆ ਕਿ ਜਦੋਂ ਅਸੀਂ ਆਪਣੇ ਕੈਂਪ ਨੂੰ ਪਾਣੀ ਵਿਚ ਡੁੱਬਦਿਆਂ ਦੇਖਿਆ ਤਾਂ ਸਾਡਾ ਦਿਲ ਰੋ ਪਿਆ। ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਸਿਰਫ 15-20 ਮਿੰਟ ਪਹਿਲਾਂ ਅਸੀਂ ਉਸੇ ਸਥਾਨ ’ਤੇ ਸੁੱਤੇ ਪਏ ਸੀ। ਰੱਬ ਦੀ ਕਿਰਪਾ ਨਾਲ ਅਸੀਂ ਸਾਰੇ ਬਚ ਗਏ। ਦਾਸ ਉਨ੍ਹਾਂ 150 ਮਜ਼ਦੂਰਾਂ ਵਿਚ ਹਨ, ਜਿਨ੍ਹਾਂ ਨੂੰ ਬਚਾਇਆ ਗਿਆ ਹੈ। ਬਚਾਏ ਗਏ ਮਜ਼ਦੂਰ ਆਸਾਮ, ਬਿਹਾਰ, ਪੰਜਾਬ ਅਤੇ ਪੱਛਮੀ ਬੰਗਾਲ ਦੇ ਨਿਵਾਸੀ ਹਨ ਅਤੇ ਭਾਰਤੀ ਰੇਲਵੇ ਦੇ ਸੇਵੋਕੇ-ਰੰਗਪੋ ਪ੍ਰਾਜੈਕਟ ਵਿਚ 5 ਸੁਰੰਗਾਂ ਦੀ ਉਸਾਰੀ ਵਿਚ ਲੱਗੇ ਹਨ।


author

Rakesh

Content Editor

Related News