ਸਾਬਕਾ ਫੌਜੀਆਂ ਦੀ ਹੈਲਥ ਸਕੀਮ 'ਚ ਹੋਇਆ 500 ਕਰੋੜ ਰੁਪਏ ਦਾ ਘਪਲਾ!

05/21/2019 9:02:01 PM

ਨਵੀਂ ਦਿੱਲੀ–ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸਿਹਤ ਯੋਜਨਾ ਐਕਸ ਸਰਵਿਸਮੈਨ ਕੰਟ੍ਰੀਬਿਊਟਰੀ ਹੈਲਥ ਸਕੀਮ (ਈ. ਸੀ. ਐੱਚ. ਐੱਸ.) 'ਚ ਲਗਾਤਾਰ ਫਰਜ਼ੀ ਬਿੱਲ ਆ ਰਹੇ ਹਨ। ਸੂਤਰਾਂ ਮੁਤਾਬਕ ਵੱਖ-ਵੱਖ ਹਸਪਤਾਲਾਂ 'ਚੋਂ ਇਸ ਯੋਜਨਾ ਅਧੀਨ ਜਿੰਨੇ ਵੀ ਬਿੱਲ ਆਏ, ਉਨ੍ਹਾਂ 'ਚੋਂ 16 ਤੋਂ 20 ਫੀਸਦੀ ਗਲਤ ਪਾਏ ਗਏ। ਪਿਛਲੇ ਇਕ ਸਾਲ ਦੌਰਾਨ 500 ਕਰੋੜ ਰੁਪਏ ਦੇ ਬਿੱਲ ਜਾਂ ਤਾਂ ਫਰਜ਼ੀ ਨਿਕਲੇ ਜਾਂ ਉਸ ਇਲਾਜ ਦਾ ਬਿੱਲ ਪਾ ਦਿੱਤਾ ਗਿਆ ਜੋ ਹੋਇਆ ਹੀ ਨਹੀਂ। ਬਿੱਲਾਂ ਨੂੰ ਵਧਾ ਕੇ ਦੇਣ ਦੇ ਮਾਮਲੇ ਦੇ ਨਾਲ ਹੀ ਬਿਨਾਂ ਲੋੜ ਤੋਂ ਮਰੀਜ਼ਾਂ ਨੂੰ ਦਾਖਲ ਕਰਵਾਏ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਸੂਤਰਾਂ ਮੁਤਾਬਕ ਆਰਮੀ ਵਲੋਂ ਕਈ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਭ੍ਰਿਸ਼ਟ ਪ੍ਰੈਕਟਿਸ ਕਾਰਨ ਉਕਤ ਯੋਜਨਾ ਦੇ ਪੈਨਲ 'ਚੋਂ ਬਾਹਰ ਕੱਢਣ ਦੀ ਸਿਫਾਰਸ਼ ਕੀਤੀ ਗਈ ਸੀ ਪਰ ਬਾਹਰੀ ਦਬਾਅ ਕਾਰਨ ਕੋਈ ਕਾਰਵਾਈ ਨਹੀਂ ਹੋ ਸਕੀ। ਸੂਤਰ ਦੱਸਦੇ ਹਨ ਕਿ ਇਸ ਭ੍ਰਿਸ਼ਟ ਪ੍ਰੈਕਟਿਸ ਦੀ ਜਾਣਕਾਰੀ ਆਰਮੀ ਦੇ ਨਾਲ-ਨਾਲ ਰੱਖਿਆ ਮੰਤਰਾਲਾ ਨੂੰ ਵੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗੀ ਗੜਬੜ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

ਈ. ਸੀ. ਐੱਚ. ਐੱਸ. ਯੋਜਨਾ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਕੈਸ਼ ਫ੍ਰੀ ਸਿਹਤ ਯੋਜਨਾ ਹੈ। ਇਸ ਤੋਂ ਲਗਭਗ 52 ਲੱਖ ਵਿਅਕਤੀ ਲਾਭ ਹਾਸਲ ਕਰਨ ਵਾਲੇ ਹਨ। ਦੇਸ਼ ਦੇ 2,000 ਤੋਂ ਵੱਧ ਹਸਪਤਾਲਾਂ ਨੂੰ ਇਸ ਲਈ ਅਧਿਕਾਰਤ ਕੀਤਾ ਗਿਆ ਹੈ। ਮੇਰਠ, ਨੋਇਡਾ, ਪਾਣੀਪਤ ਅਤੇ ਕੁਝ ਹੋਰਨਾਂ ਸ਼ਹਿਰਾਂ ਦੇ ਵੱਖ-ਵੱਖ ਹਸਪਤਾਲਾਂ ਵਿਰੁੱਧ ਆਰਮੀ ਵਲੋਂ ਕਾਰਵਾਈ ਸ਼ੁਰੂ ਕੀਤੀ ਗਈ ਪਰ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਇਸ 'ਚ ਦਖਲ ਦਿੱਤਾ।

ਕਈ ਹਸਪਤਾਲਾਂ ਨੇ ਵਧਾ-ਚੜ੍ਹਾ ਕੇ ਭੇਜੇ ਬਿੱਲ
ਇਸ ਸਾਲ 29 ਅਗਸਤ ਨੂੰ ਡਾਕਟਰਾਂ ਦੀ ਇਕ ਟੀਮ ਨੇ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕੀਤਾ। ਟੀਮ ਨੇ ਕਿਹਾ ਕਿ ਉਕਤ ਹਸਪਤਾਲ ਇਸ ਲਈ ਫਿੱਟ ਨਹੀਂ ਹਨ। ਨੋਇਡਾ ਦੇ ਇਕ ਵੱਡੇ ਹਸਪਤਾਲ ਦੇ ਮਾਮਲੇ 'ਚ ਇਕ ਸਾਬਕਾ ਮੁੱਖ ਮੰਤਰੀ ਨੇ ਰੱਖਿਆ ਮੰਤਰਾਲਾ ਦਾ ਦੌਰਾ ਕੀਤਾ ਅਤੇ ਉਕਤ ਹਸਪਤਾਲ ਦੇ ਇੰਪੈਨਲਮੈਂਟ ਨੂੰ ਖਤਮ ਕਰਨ ਦੀ ਪ੍ਰਕਿਰਿਆ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਹਸਪਤਾਲ 'ਤੇ ਬਿੱਲ ਵਧਾ-ਚੜ੍ਹਾ ਕੇ ਭੇਜਣ ਦਾ ਦੋਸ਼ ਲੱਗਾ ਸੀ। ਗੁਰੂਗ੍ਰਾਮ ਦੇ ਇਕ ਪ੍ਰਸਿੱਧ ਹਸਪਤਾਲ ਦੇ ਵੀ 24 ਫੀਸਦੀ ਬਿੱਲ ਗਲਤ ਪਾਏ ਗਏ। ਦਿੱਲੀ ਦੇ ਇਕ ਚੋਟੀ ਦੇ ਹਸਪਤਾਲ ਦੇ 17 ਫੀਸਦੀ ਬਿੱਲ ਗਲਤ ਨਿਕਲੇ।
ਸੂਤਰਾਂ ਮੁਤਾਬਕ ਮੰਤਰਾਲਾ ਅਤੇ ਆਰਮੀ ਦੋਹਾਂ ਨੂੰ ਹੀ ਭ੍ਰਿਸ਼ਟ ਪ੍ਰੈਕਟਿਸ ਦਾ ਪਤਾ ਹੈ ਪਰ ਇਸ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਭ੍ਰਿਸ਼ਟਾਚਾਰ ਦੇ 61 ਫੀਸਦੀ ਮਾਮਲੇ ਦਿੱਲੀ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ ਹਨ। 35 ਫੀਸਦੀ ਮਾਮਲੇ ਦਿਲ ਦੇ ਰੋਗਾਂ, ਹੱਡੀਆਂ ਦੀ ਬੀਮਾਰੀ ਅਤੇ ਅੱਖਾਂ ਦੇ ਇਲਾਜ ਨਾਲ ਜੁੜੇ ਹੋਏ ਹਨ। ਇਹ ਅਜਿਹੀਆਂ ਬੀਮਾਰੀਆਂ ਹਨ ਜਿਨ੍ਹਾਂ ਦੇ ਇਲਾਜ ਨੂੰ ਚੁਣੌਤੀ ਦੇਣੀ ਔਖੀ ਹੁੰਦੀ ਹਨ।


Karan Kumar

Content Editor

Related News