ਪੰਚ ਦੇ ਕਤਲ ’ਚ ਸ਼ਾਮਲ ਹਿਜ਼ਬੁਲ ਦੇ 3 ਅੱਤਵਾਦੀਆਂ ਸਮੇਤ 5 ਗ੍ਰਿਫ਼ਤਾਰ
Wednesday, Apr 27, 2022 - 05:11 PM (IST)
ਸ਼੍ਰੀਨਗਰ/ਜੰਮੂ (ਉਦੈ/ਅਰੀਜ)- ਕਸ਼ਮੀਰ ਵਿਚ ਮਾਸੂਮ ਨਾਗਰਿਕਾਂ ਦਾ ਕਤਲ ਅਤੇ ਸੁਰੱਖਿਆ ਫ਼ੋਰਸਾਂ ’ਤੇ ਹਮਲੇ ਦੀ ਤਾਕ ਵਿਚ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਫੋਰਸਾਂ ਨੇ ਅਸਫ਼ਲ ਬਣਾ ਦਿੱਤਾ। ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ 2 ਘਟਨਾਵਾਂ ਵਿਚ 2 ਅੱਤਵਾਦੀਆਂ ਅਤੇ 3 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ ਅੱਤਵਾਦੀ ਸਾਜ਼ਿਸ਼ ਨਾਕਾਮ ਕੀਤੀ ਹੈ। ਪੁਲਸ ਨੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕੁਲਾਪੋਰਾ ਇਲਾਕੇ ਵਿਚ ਪੰਚ ਦੇ ਕਤਲ ਵਿਚ ਸ਼ਾਮਲ ਅੱਤਵਾਦੀਆਂ ਦੇ 3 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ ਹਿਜ਼ਬੁਲ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਹੈ। ਪੁਲਸ ਬੁਲਾਰੇ ਨੇ ਕਿਹਾ ਕਿ 2 ਮਾਰਚ ਨੂੰ ਅੱਤਵਾਦੀਆਂ ਨੇ ਕੁਲਾਪੋਰਾ ਕੁਲਗਾਮ ਦੇ ਮੁਹੰਮਦ ਯਾਕੂਬ ਡਾਰ ਨਾਂ ਦੇ ਇਕ ਪੰਚ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਜਾਂਚ ਦੌਰਾਨ ਇਹ ਪਤਾ ਲੱਗਾ ਕਿ ਹਿਜ਼ਬੁਲ ਦੇ ਇਕ ਸਰਗਰਮ ਅੱਤਵਾਦੀ ਫਾਰੂਕ ਅਹਿਮਦ ਭੱਟ ਪੁੱਤਰ ਅਬਦੁੱਲ ਗਨੀ ਭੱਟ ਵਾਸੀ ਚੇਕੀ ਦੇਸੇਂਡ ਯਾਰੀਪੋਰਾ ਨੂੰ ਪਾਕਿਸਤਾਨ ਸਥਿਤ ਅੱਤਵਾਦੀਆਂ ਤੋਂ ਕੁਲਗਾਮ ਦੇ ਪੀ. ਆਰ. ਆਈ. ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੇ ਨਿਰਦੇਸ਼ ਮਿਲੇ ਸਨ। ਉਨ੍ਹਾਂ ਦੇ ਨਿਰਦੇਸ਼ ’ਤੇ ਉਸ ਨੇ ਸਰਗਰਮ ਅੱਤਵਾਦੀ ਰਾਜਾ ਨਦੀਮ ਰਾਥਰ ਪੁੱਤਰ ਅਬਦੁੱਲ ਰਹਿਮਾਨ ਰਾਥਰ ਵਾਸੀ ਅਸ਼ਮੁਚੀ ਨੂੰ ਨਿਰਦੇਸ਼ ਦਿੱਤਾ ਕਿ ਉਹ ਸਰੰਦੂ ਦੇ ਨਾਸਿਰ ਅਹਿਮਦ ਵਾਨੀ, ਆਦਿਲ ਮੰਜੂਰ ਰਾਥਰ ਪੁੱਤਰ ਮੰਜੂਰ ਅਹਿਮਦ ਰਾਥਰ ਵਾਸੀ ਅਸ਼ਮੁਚੀ ਅਤੇ ਮਾਜਿਦ ਮੁਹੰਮਦ ਰਾਥਰ ਪੁੱਤਰ ਗੁਲਾਮ ਮੁਹੰਮਦ ਰਾਥਰ ਵਾਸੀ ਮਾਲੀਪੋਰਾ ਮੀਰਬਾਜ਼ਾਰ ਨਾਂ ਦੇ ਆਪਣੇ ਸਹਿਯੋਗੀ ਦੇ ਸਮਰਥਨ ਨਾਲ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ।
ਬੁਲਾਰੇ ਨੇ ਦੱਸਿਆ ਕਿ ਕੁਲਗਾਮ ਪੁਲਸ ਨੇ ਇਸ ਅੱਤਵਾਦੀ ਅਪਰਾਧ ਵਿਚ ਸ਼ਾਮਲ ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 8 ਰਾਊਂਡ ਦੇ ਨਾਲ 2 ਗ੍ਰੇਨੇਡ ਅਤੇ 1 ਪਿਸਤੌਲ ਬਰਾਮਦ ਕੀਤੀ ਹੈ। ਉਥੇ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਦੀ ਰਾਈਫਲ ਖੋਹਣ ਦਾ ਯਤਨ ਕੀਤਾ। ਸੂਤਰਾਂ ਮੁਤਾਬਕ ਜਵਾਨ ਰੇਸ਼ੀਬਾਜ਼ਾਰ ਅਨੰਤਨਾਗ ਵਿਚ ਕਸ਼ਮੀਰੀ ਪੰਡਿਤ ਦੇ ਘਰ ਦੇ ਬਾਹਰ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਅੱਤਵਾਦੀਆਂ ਨੇ ਜਵਾਨ ਦੀਆਂ ਅੱਖਾਂ ਵਿਚ ਮਿਰਚਾਂ ਦਾ ਪਾਊਡਰ ਪਾ ਦਿੱਤਾ ਅਤੇ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ। ਉਥੇ ਮੌਜੂਦ ਪੁਲਸ ਕਰਮਚਾਰੀਆਂ ਸਮੇਤ ਉਨ੍ਹਾਂ ਦੇ ਸਹਿਯੋਗੀਆਂ ਨੇ ਇਸ ਯਤਨ ਨੂੰ ਅਸਫ਼ਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਤਵਾਦੀ ਮੌਕੇ ਤੋਂ ਭੱਜਣ ਵਿਚ ਸਫ਼ਲ ਰਹੇ।