ਦੇਸ਼ ’ਚ ਰੋਜ਼ਾਨਾ ਕਮਾਉਣ ਵਾਲੇ ਕਰ ਰਹੇ ਸਭ ਤੋਂ ਵੱਧ ਖ਼ੁਦਕੁਸ਼ੀਆਂ, NCRB ਰਿਪੋਰਟ ’ਚ ਖ਼ੁਲਾਸਾ

Tuesday, Aug 30, 2022 - 04:17 PM (IST)

ਦੇਸ਼ ’ਚ ਰੋਜ਼ਾਨਾ ਕਮਾਉਣ ਵਾਲੇ ਕਰ ਰਹੇ ਸਭ ਤੋਂ ਵੱਧ ਖ਼ੁਦਕੁਸ਼ੀਆਂ, NCRB ਰਿਪੋਰਟ ’ਚ ਖ਼ੁਲਾਸਾ

ਨਵੀਂ ਦਿੱਲੀ– ਕੰਮ ਛੋਟਾ ਹੋਵੇ ਜਾਂ ਵੱਡਾ ਦਿਹਾੜੀਦਾਰ ਮਜ਼ਦੂਰਾਂ ਦੇ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਇਸ ਦੇ ਬਾਵਜੂਦ ਭਾਰਤ ’ਚ ਦਿਹਾੜੀਦਾਰ ਮਜ਼ਦੂਰ ਹੀ ਸਭ ਤੋਂ ਵੱਧ ਹਾਈਸ਼ੇ ’ਤੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੀ ਤਾਜ਼ਾ ਰਿਪੋਰਟ ’ਚ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਤਾਜ਼ਾ ਰਿਪੋਰਟ ਮੁਤਾਬਕ ਦੇਸ਼ ’ਚ ਖੁਦਕੁਸ਼ੀਆਂ ਨਾਲ ਮਰਨ ਵਾਲੇ ਦਿਹਾੜੀਦਾਰ ਮਜ਼ਦੂਰਾਂ ਦੀ ਹਿੱਸੇਦਾਰੀ 2014 ਤੋਂ ਬਾਅਦ ਪਹਿਲੀ ਵਾਰ ਤਿਮਾਹੀ ਅੰਕੜੇ ਨੂੰ ਪਾਰ ਕਰ ਗਈ ਹੈ। ਦੇਸ਼ ’ਚ ਮਜ਼ਦੂਰਾਂ ਵਲੋਂ ਖ਼ੁਦਕੁਸ਼ੀ ਕਰਨ ਦੀ ਗਿਣਤੀ ਇਕ ਚੌਥਾਈ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। 

ਰਿਪੋਰਟ ਤੋਂ ਪਤਾ ਲੱਗਦਾ ਹੈ ਕਿ 2021 ਦੌਰਾਨ 1,64,033 ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ’ਚੋਂ 41,000 ਤੋਂ ਵੱਧ ਮਾਮਲੇ ਦਿਹਾੜੀਦਾਰ ਮਜ਼ਦੂਰਾਂ ਨਾਲ ਜੁੜੇ ਹਨ। ਸਾਲ 2020 ’ਚ ਦੇਸ਼ ’ਚ ਦਰਜ ਕੀਤੀਆਂ ਗਈਆਂ 1,53,052 ਖ਼ੁਦਕੁਸ਼ੀਆਂ ’ਚੋਂ 37,666 ਦਿਹਾੜੀਦਾਰ ਮਜ਼ਦੂਰਾਂ ਦੀ ਹਿੱਸੇਦਾਰੀ ਸੀ। ਉੱਥੇ ਹੀ 2019 ’ਚ ਕੋਵਿਡ-19 ਦੇ ਕਹਿਰ ਤੋਂ ਪਹਿਲਾਂ ਮਜ਼ਦੂਰਾਂ ਦੀ ਹਿੱਸੇਦਾਰੀ ਦਰਜ ਕੀਤੀ ਗਈ। 1,39,123 ਖ਼ੁਦਕੁਸ਼ੀਆਂ ’ਚੋਂ 32,563 ਮਜ਼ਦੂਰ ਸਨ। ਰੋਜ਼ਾਨਾ ਕਮਾਉਣ-ਖਾਣ ਵਾਲਿਆਂ ਦੀ ਹਿੱਸੇਦਾਰੀ ਨਾ ਸਿਰਫ ਵਧੀ ਸਗੋਂ ਰਾਸ਼ਟਰੀ ਔਸਤ ਦੀ ਤੁਲਨਾ ’ਚ ਇਹ ਗਿਣਤੀ ਤੇਜ਼ੀ ਨਾਲ ਵਧੀ ਹੈ।

ਰਿਪੋਰਟ ਮੁਤਾਬਕ ਦੇਸ਼ ’ਚ 2021 ’ਚ ਮਹਾਰਾਸ਼ਟਰ ’ਚ ਖ਼ੁਦਕੁਸ਼ੀ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ। ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਖ਼ੁਦਕੁਸ਼ੀ ਦੇ ਮਾਮਲਿਆਂ ’ਚ ਦੂਜੇ ਅਤੇ ਤੀਜੇ ਨੰਬਰ ’ਤੇ ਹੈ। ਪੂਰੇ ਭਾਰਤ ’ਚ ਅਜਿਹੇ 1,64,033 ਮਾਮਲੇ ਦਰਜ ਕੀਤੇ ਗਏ ਹਨ। NCRB ਦੀ ਹਾਲ ਹੀ ਦੀ ਰਿਪੋਰਟ ਮੁਤਾਬਕ ਪੇਸ਼ੇ ਜਾਂ ਕਰੀਅਰ ਨਾਲ ਸਬੰਧਤ ਸਮੱਸਿਆਵਾਂ, ਤਣਾਅ, ਮਾੜਾ ਵਤੀਰਾ, ਹਿੰਸਾ, ਪਰਿਵਾਰਕ ਸਮੱਸਿਆਵਾਂ, ਮਾਨਸਿਕ ਪਰੇਸ਼ਾਨੀ, ਸ਼ਰਾਬ ਦੀ ਆਦਤ ਅਤੇ ਵਿੱਤੀ ਨੁਕਸਾਨ ਦੇਸ਼ ’ਚ ਖ਼ੁਦਕੁਸ਼ੀ ਦੀਆਂ ਘਟਨਾਵਾਂ ਦੇ ਮੁੱਖ ਕਾਰਨ ਹਨ।


author

Tanu

Content Editor

Related News