ਕੋਵਿਡ-19 : ਕੇਰਲ ''ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ
Saturday, Mar 28, 2020 - 02:54 PM (IST)
ਕੋਚੀ (ਵਾਰਤਾ)— ਕੇਰਲ 'ਚ ਖਤਰਨਾਕ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ 69 ਸਾਲਾ ਬਜ਼ੁਰਗ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਸੂਬੇ ਵਿਚ ਕੋਰੋਨਾ ਵਾਇਰਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਬਜ਼ੁਰਗ ਨੂੰ ਕੋਚੀ ਦੇ ਕਲਮਸਸੇਰੀ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ।
ਹਸਪਤਾਲ ਦੇ ਸੂਤਰਾਂ ਮੁਤਾਬਕ ਬਜ਼ੁਰਗ ਦੀ ਕੁਝ ਸਮੇਂ ਪਹਿਲਾਂ ਬਾਈਪਾਸ ਸਰਜਰੀ ਹੋਈ ਸੀ ਅਤੇ ਉਹ ਹਾਈ ਬਲੱਡ ਪ੍ਰੈੱਸ਼ਰ ਤੋਂ ਵੀ ਪੀੜਤ ਸੀ। ਉਨ੍ਹਾਂ ਨੇ ਦੱਸਿਆ ਕਿ ਜੋੜਾ 16 ਮਾਰਚ ਨੂੰ ਦੁਬਈ ਤੋਂ ਪਰਤਿਆ ਸੀ ਅਤੇ ਜਿਸ ਫਲਾਈਟ ਤੋਂ ਦੋਵੇਂ ਆਏ ਸਨ, ਉਸ 'ਚ ਸਵਾਰ 40 ਲੋਕਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਸਾਰਿਆਂ ਨੂੰ 22 ਮਾਰਚ ਨੂੰ ਹਸਪਤਾਲ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਓਧਰ ਪ੍ਰਸ਼ਾਸਨ ਵਲੋਂ ਜਾਰੀ ਸਖਤ ਦਿਸ਼ਾ-ਨਿਰਦੇਸ਼ ਮੁਤਾਬਕ ਮ੍ਰਿਤਕ ਵਿਅਕਤੀ ਦੇ ਅੰਤਿਮ ਸੰਸਕਾਰ ਵਿਚ ਕੁਝ ਹੀ ਲੋਕ ਸ਼ਾਮਲ ਹੋ ਸਕਣਗੇ।
ਦੱਸ ਦੇਈਏ ਕਿ ਕੇਰਲ 'ਚ ਕੋਰੋਨਾ ਦੇ ਕੁੱਲ 165 ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 8 ਵਿਦੇਸ਼ੀ ਵੀ ਹਨ। ਇਨ੍ਹਾਂ 'ਚੋਂ 11 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ ਭਰ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 873 ਤਕ ਪਹੁੰਚ ਗਈ ਹੈ ਅਤੇ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।