ਦਰਦਨਾਕ ਹਾਦਸਾ; ਦੀਵਾਲੀ ਮੌਕੇ ਬੱਸ ’ਚ ਦੀਵੇ ਜਗਾ ਕੇ ਸੌਂ ਗਏ ਡਰਾਈਵਰ ਅਤੇ ਕੰਡਕਟਰ, ਦੋਵੇਂ ਜ਼ਿੰਦਾ ਸੜੇ
Tuesday, Oct 25, 2022 - 03:39 PM (IST)
ਰਾਂਚੀ- ਦੀਵਾਲੀ ਦੀ ਰਾਤ ਝਾਰਖੰਡ ਦੇ ਰਾਂਚੀ ’ਚ ਇਕ ਬੱਸ ’ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਸੂਬੇ ਦੇ ਸਭ ਤੋਂ ਰੁੱਝੇ ਬੱਸ ਟਰਮੀਨਲ ’ਚੋਂ ਇਕ ਲੋਅਰ ਬਜ਼ਾਰ ਥਾਣਾ ਖੇਤਰ ਦੇ ਕਾਂਟਾ ਟੋਲੀ ਸਥਿਤ ਖਾਦਗੜਾ ਬੱਸ ਸਟੈਂਡ ’ਚ ਖੜ੍ਹੀ ਮੂਨਲਾਈਨ ਨਾਂ ਦੀ ਬੱਸ ’ਚ ਦੇਰ ਰਾਤ ਅੱਗ ਲੱਗਣ ਕਾਰਨ ਵਾਪਰੀ। ਇਸ ਅੱਗ ਕਾਰਨ ਡਰਾਈਵਰ ਅਤੇ ਕੰਡਕਟਰ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਘਟਨਾ ਦੇ ਸਮੇਂ ਡਰਾਈਵਰ ਅਤੇ ਕੰਡਕਟਰ ਬੱਸ ’ਚ ਸੁੱਤੇ ਹੋਏ ਸਨ। ਮ੍ਰਿਤਕਾਂ ਦੀ ਪਛਾਣ ਮਦਨ ਮਹਤੋ ਅਤੇ ਇਬਰਾਹਿਮ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ- ਪਾਬੰਦੀ ਦੇ ਬਾਵਜੂਦ ਦਿੱਲੀ ’ਚ ਖ਼ੂਬ ਚੱਲੇ ਪਟਾਕੇ, ਰਾਜਧਾਨੀ ਦੀ ਆਬੋ-ਹਵਾ ਹੋਈ ‘ਬੇਹੱਦ ਖਰਾਬ’
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਵਾਹਨ ਮੌਕੇ ’ਤੇ ਪਹੁੰਚੇ ਅਤੇ ਬੱਸ ’ਚ ਲੱਗੀ ਅੱਗ ’ਤੇ ਕਾਬੂ ਪਾਇਆ। ਬੱਸ ਅੰਦਰੋਂ ਸੜੀਆਂ ਹੋਈਆਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ’ਤੇ ਖੜ੍ਹੀ ਬੱਸ ’ਚ ਦੀਵਾਲੀ ਦੀ ਰਾਤ ਪੂਜਾ ਕਰਨ ਮਗਰੋਂ ਡਰਾਈਵਨ ਮਦਨ ਅਤੇ ਕੰਡਕਟਰ ਇਬਰਾਹਿਮ ਦੀਵੇ ਜਗਾ ਕੇ ਬੱਸ ਦੇ ਅੰਦਰ ਸੌਂ ਗਏ ਸਨ। ਇਸ ਕਾਰਨ ਬੱਸ ’ਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਵੇਖਦੇ ਹੀ ਵੇਖਦੇ ਪੂਰੀ ਬੱਸ ਨੂੰ ਲਪੇਟ ’ਚ ਲੈ ਲਿਆ। ਜਿਸ ਕਾਰਨ ਦੋਵੇਂ ਬੱਸ ਅੰਦਰ ਜ਼ਿੰਦਾ ਸੜ ਗਏ।
ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਘਟਨਾ: ਜ਼ਮੀਨੀ ਵਿਵਾਦ ਨੇ ਲਈ 7 ਮਹੀਨੇ ਦੀ ਮਾਸੂਮ ਦੀ ਜਾਨ
ਬੱਸ ’ਚ ਅੱਗ ਲੱਗੀ ਵੇਖ ਕੇ ਕੁਝ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਹੇ। ਪੁਲਸ ਨੇ ਫਾਇਰ ਬ੍ਰਿਗੇਡ ਵਾਹਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਾਹਨ ਮੌਕੇ ’ਤੇ ਪਹੁੰਚੀ, ਉਸ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਚੁੱਕੀ ਸੀ। ਅੱਗ ਬੁਝਾਉਣ ਮਗਰੋਂ ਬੱਸ ਵਿਚ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਗਿਨੀਜ਼ ਬੁੱਕ ’ਚ ਮੁੜ ਦਰਜ ਹੋਈ ‘ਅਯੁੱਧਿਆ’, ਸਭ ਤੋਂ ਵੱਧ ਦੀਵੇ ਜਗਾਉਣ ਦਾ ਤੋੜਿਆ ਆਪਣਾ ਹੀ ਰਿਕਾਰਡ