ਹੁਣ ਸਵਦੇਸ਼ੀ ਐਲੂਮੀਨੀਅਮ ਨਾਲ ਬਣਨਗੇ ਲੜਾਕੂ ਜਹਾਜ਼ ਤੇ ਮਿਜ਼ਾਈਲਾਂ
Saturday, Jun 20, 2026 - 12:51 AM (IST)
ਨਵੀਂ ਦਿੱਲੀ/ਨਾਗਪੁਰ - ਰੱਖਿਆ ਖੇਤਰ ਵਿਚ ਸਵੈ-ਨਿਰਭਰਤਾ ਵੱਲ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਦੇਸ਼ ਹੁਣ ਲੜਾਕੂ ਜਹਾਜ਼ਾਂ, ਮਿਜ਼ਾਈਲਾਂ ਅਤੇ ਪੁਲਾੜ ਪ੍ਰੋਗਰਾਮਾਂ ਲਈ ਲੋੜੀਂਦੇ ਵਿਸ਼ੇਸ਼ ਐਲੂਮੀਨੀਅਮ ਢਾਂਚੇ ਦਾ ਉਤਪਾਦਨ ਕਰੇਗਾ। ਇਸ ਉਦੇਸ਼ ਲਈ ਨਾਗਪੁਰ ਸਥਿਤ ਯੰਤਰ ਇੰਡੀਆ ਲਿਮਟਿਡ (ਵਾਈ. ਆਈ. ਐੱਲ.) ਹਥਿਆਰ ਬਣਾਉਣ ਵਾਲੀ ਫੈਕਟਰੀ ਵੱਲੋਂ ਅੰਬਾਝਾਰੀ ਵਿਖੇ ਅਤਿ-ਆਧੁਨਿਕ 10,000 ਟਨ ਐਲੂਮੀਨੀਅਮ ਐਕਸਟਰੂਜ਼ਨ ਪ੍ਰੈੱਸ ਸਥਾਪਤ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇਸ ਪ੍ਰਾਜੈਕਟ ਦਾ ਭੂਮੀ ਪੂਜਨ ਕੀਤਾ।
ਉਨ੍ਹਾਂ ਕਿਹਾ ਕਿ ਬਦਲਦੇ ਗਲੋਬਲ ਸੁਰੱਖਿਆ ਹਾਲਾਤ ’ਚ ਰਣਨੀਤਕ ਲੋੜਾਂ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਰਹਿਣਾ ਉਚਿਤ ਨਹੀਂ ਹੈ। ਨਵੀਂ ਐਕਸਟਰੂਜ਼ਨ ਪ੍ਰੈੱਸ ਦੇਸ਼ ’ਚ ਉੱਚ ਗੁਣਵੱਤਾ ਵਾਲੇ ਐਲੂਮੀਨੀਅਮ ਮਿਸ਼ਰਿਤ ਧਾਤੂ ਪ੍ਰੋਫਾਈਲ ਤਿਆਰ ਕਰੇਗੀ, ਜਿਨ੍ਹਾਂ ਦੀ ਵਰਤੋਂ ਲੜਾਕੂ ਜਹਾਜ਼ਾਂ, ਮਿਜ਼ਾਈਲਾਂ, ਪੁਲਾੜ ਯਾਨਾਂ, ਰੇਲਵੇ ਅਤੇ ਹੋਰ ਮਹੱਤਵਪੂਰਨ ਖੇਤਰਾਂ ’ਚ ਹੋਵੇਗੀ। ਇਸ ਨਾਲ ਦਰਾਮਦ ’ਤੇ ਨਿਰਭਰਤਾ ਘਟੇਗੀ ਅਤੇ ਰੱਖਿਆ ਨਿਰਮਾਣ ਦੀ ਘਰੇਲੂ ਸਪਲਾਈ ਚੇਨ ਮਜ਼ਬੂਤ ਹੋਵੇਗੀ।
ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ਨੇ ਸਵਦੇਸ਼ੀ ਰੱਖਿਆ ਉਪਕਰਨਾਂ ਦੀ ਤਾਕਤ ਸਾਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦਾ ਰੱਖਿਆ ਉਤਪਾਦਨ 2014 ਦੇ 46000 ਕਰੋੜ ਰੁਪਏ ਤੋਂ ਵਧ ਕੇ ਮਾਲੀ ਸਾਲ 2025-26 ’ਚ 1.78 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ ਰੱਖਿਆ ਬਰਾਮਦ 38,424 ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਚੁੱਕੀ ਹੈ।
