Red Sea ''ਚ ਹਮਲੇ ਤੋਂ ਬਾਅਦ ਭਾਰਤੀ ਵਪਾਰਕ ਜਹਾਜ਼ ਡੁੱਬਿਆ, 13 ਭਾਰਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ
Tuesday, Aug 04, 2026 - 11:02 PM (IST)
ਨਵੀਂ ਦਿੱਲੀ/ਰਿਆਦ: ਲਾਲ ਸਾਗਰ ਵਿੱਚ ਵਪਾਰਕ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੇ ਸਿਲਸਿਲੇ ਦੌਰਾਨ ਇੱਕ ਭਾਰਤੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। 4 ਅਗਸਤ, 2026 ਨੂੰ ਯਮਨ ਦੇ ਤੱਟ ਨੇੜੇ ਲਾਲ ਸਾਗਰ ਵਿੱਚ ਭਾਰਤੀ ਝੰਡੇ ਵਾਲੇ ਵਪਾਰਕ ਜਹਾਜ਼ 'ਐਮ.ਐਸ.ਵੀ. ਫੈਜ਼ ਨੂਰੇ ਓਲੀਆ' 'ਤੇ ਹਮਲਾ ਕੀਤਾ ਗਿਆ, ਜਿਸ ਕਾਰਨ ਇਹ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ।
ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ 'ਤੇ ਸਵਾਰ ਸਾਰੇ 13 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਰਿਆਦ ਸਥਿਤ ਭਾਰਤੀ ਦੂਤਾਵਾਸ ਪੂਰੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਮਨ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਕਰ ਰਿਹਾ ਹੈ। ਭਾਰਤ ਸਰਕਾਰ ਨੇ ਇਸ ਮੁਸ਼ਕਲ ਘੜੀ ਵਿੱਚ ਸਹਿਯੋਗ ਦੇਣ ਲਈ ਯਮਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।
ਭਾਰਤ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਖੇਤਰ ਵਿੱਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਧਦੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਪਾਰਕ ਜਹਾਜ਼ਾਂ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ ਅਤੇ ਅੰਤਰਰਾਸ਼ਟਰੀ ਜਲ ਮਾਰਗਾਂ ਵਿੱਚ ਸੁਤੰਤਰ ਨੇਵੀਗੇਸ਼ਨ ਅਤੇ ਵਪਾਰ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ।
ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਤਾਂ ਜੋ ਵਿਸ਼ਵ ਵਪਾਰ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇ। ਪਿਛਲੇ ਕੁਝ ਸਮੇਂ ਤੋਂ ਇਸ ਖੇਤਰ ਵਿੱਚ ਵਪਾਰਕ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਨੇ ਵਿਸ਼ਵ ਭਰ ਦੀ ਚਿੰਤਾ ਵਧਾ ਦਿੱਤੀ ਹੈ।
