ਹੁਣ ਬੀਮਾ ਕੰਪਨੀਆਂ ਦੀ ਮਨਮਰਜ਼ੀ ਹੋਵੇਗੀ ਖਤਮ, ਦਾਅਵਾ ਲਟਕਾਉਣ ’ਤੇ ਦੇਣਾ ਪਵੇਗਾ ਹਰਜਾਨਾ

Saturday, Aug 08, 2026 - 03:40 PM (IST)

ਹੁਣ ਬੀਮਾ ਕੰਪਨੀਆਂ ਦੀ ਮਨਮਰਜ਼ੀ ਹੋਵੇਗੀ ਖਤਮ, ਦਾਅਵਾ ਲਟਕਾਉਣ ’ਤੇ ਦੇਣਾ ਪਵੇਗਾ ਹਰਜਾਨਾ

ਨਵੀਂ ਦਿੱਲੀ- ਬੀਮਾ ਕੰਪਨੀਆਂ ਵੱਲੋਂ ਦਾਅਵਿਆਂ ਦੇ ਨਿਪਟਾਰੇ ’ਚ ਹੋਣ ਵਾਲੀ ਅਣ-ਲੋੜੀਂਦੀ ਦੇਰੀ ’ਤੇ ਹੁਣ ਗਾਹਕਾਂ ਨੂੰ ਹਰਜਾਨਾ ਮਿਲੇਗਾ। ਸਰਕਾਰ ਨੇ ਬੀਮਾ ਦਾਅਵਾ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ, ਆਸਾਨ ਅਤੇ ਜਵਾਬਦੇਹ ਬਣਾਉਣ ਲਈ ਨਵੇਂ ਪ੍ਰਬੰਧ ਲਾਗੂ ਕੀਤੇ ਹਨ। ਨਵੇਂ ਨਿਯਮਾਂ ਤਹਿਤ ਜੇਕਰ ਕੰਪਨੀ ਤੈਅ ਸਮੇਂ ਦੇ ਅੰਦਰ ਦਾਅਵਾ ਨਹੀਂ ਨਿਪਟਾਉਂਦੀ ਤਾਂ ਉਸ ਨੂੰ ਵਿਆਜ ਜਾਂ ਹਰਜਾਨੇ ਦੇ ਨਾਲ ਭੁਗਤਾਨ ਕਰਨਾ ਪਵੇਗਾ। ਨਾਲ ਹੀ, ਬਿਨਾਂ ਠੋਸ ਕਾਰਨ ਦੇ ਦਾਅਵਾ ਖਾਰਿਜ ਕਰਨਾ ਵੀ ਆਸਾਨ ਨਹੀਂ ਰਹੇਗਾ।

ਗਾਹਕਾਂ ਦੇ ਅਧਿਕਾਰ ਹੋਏ ਮਜ਼ਬੂਤ

ਨਵੇਂ ਨਿਯਮਾਂ ਅਨੁਸਾਰ ਬੀਮਾ ਕੰਪਨੀਆਂ ਨੂੰ ਦਾਅਵਾ ਪ੍ਰਕਿਰਿਆ, ਲਾਜ਼ਮੀ ਦਸਤਾਵੇਜ਼ ਅਤੇ ਸਮਾਂ-ਹੱਦ ਦੀ ਪੂਰੀ ਜਾਣਕਾਰੀ ਸਪੱਸ਼ਟ ਰੂਪ ’ਚ ਦੇਣੀ ਪਵੇਗੀ। ਗਾਹਕ ਆਨਲਾਈਨ ਪੋਰਟਲ, ਮੋਬਾਈਲ ਐਪ, ਈ-ਮੇਲ ਜਾਂ ਕਾਲ ਸੈਂਟਰ ਰਾਹੀਂ ਵੀ ਦਾਅਵਾ ਦਰਜ ਕਰਵਾ ਸਕਣਗੇ। ਕੰਪਨੀਆਂ ਨੂੰ ਦਾਅਵਾ ਕਰਨ ਵਾਲੇ ਗਾਹਕਾਂ ਨਾਲ ਨਿਰਪੱਖ ਅਤੇ ਪਾਰਦਰਸ਼ੀ ਵਿਵਹਾਰ ਯਕੀਨੀ ਬਣਾਉਣਾ ਪਵੇਗਾ।

ਦੇਰੀ ਹੋਈ ਤਾਂ ਦੇਣਾ ਪਵੇਗਾ ਮੁਆਵਜ਼ਾ

ਜੇਕਰ ਕਿਸੇ ਕਾਰਨ ਬੀਮਾ ਦਾਅਵਾ ਤੈਅ ਸਮੇਂ ’ਚ ਨਹੀਂ ਨਿਪਟਾਇਆ ਜਾਂਦਾ ਅਤੇ ਦੇਰੀ ਲਈ ਕੰਪਨੀ ਜ਼ਿੰਮੇਵਾਰ ਪਾਈ ਜਾਂਦੀ ਹੈ ਤਾਂ ਉਸ ਨੂੰ ਗਾਹਕ ਨੂੰ ਵਿਆਜ ਜਾਂ ਹਰਜਾਨੇ ਦੇ ਨਾਲ ਭੁਗਤਾਨ ਕਰਨਾ ਪਵੇਗਾ। ਇਸ ਵਿਵਸਥਾ ਦਾ ਉਦੇਸ਼ ਕੰਪਨੀਆਂ ਦੀ ਜਵਾਬਦੇਹੀ ਤੈਅ ਕਰਨਾ ਅਤੇ ਦਾਅਵਿਆਂ ਦੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ।

ਦਸਤਾਵੇਜ਼ਾਂ ਦੀ ਘਾਟ ਨਾਲ ਨਹੀਂ ਟਾਲ ਸਕਣਗੀਆਂ ਦਾਅਵਾ 

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ ਦਸਤਾਵੇਜ਼ਾਂ ’ਚ ਮਾਮੂਲੀ ਘਾਟ ਜਾਂ ਕਾਗਜ਼ਾਤ ਮਿਲਣ ’ਚ ਦੇਰੀ ਦੇ ਆਧਾਰ ’ਤੇ ਦਾਅਵਾ ਸਿੱਧਾ ਖਾਰਿਜ ਨਹੀਂ ਕੀਤਾ ਜਾ ਸਕੇਗਾ। ਵਿਸ਼ੇਸ਼ ਰੂਪ ’ਚ ਸਿਹਤ ਬੀਮਾ ਮਾਮਲਿਆਂ ’ਚ ਕੰਪਨੀਆਂ ਅਤੇ ਥਰਡ ਪਾਰਟੀ ਐਡਮਨਿਸਟ੍ਰੇਟਰ (ਟੀ. ਪੀ. ਏ.) ਨੂੰ ਲਾਜ਼ਮੀ ਦਸਤਾਵੇਜ਼ ਸਿੱਧੇ ਹਸਪਤਾਲ ਤੋਂ ਪ੍ਰਾਪਤ ਕਰਨ ਦਾ ਯਤਨ ਕਰਨਾ ਪਵੇਗਾ। 

ਦਾਅਵਾ ਖਾਰਿਜ ਕਰਨ ਤੋਂ ਪਹਿਲਾਂ ਦੱਸਣਾ ਪਵੇਗਾ ਕਾਰਨ

ਬੀਮਾ ਕੰਪਨੀਆਂ ਨੂੰ ਹੁਣ ਦਾਅਵਾ ਅਸਵੀਕਾਰ ਕਰਨ ਦਾ ਸਪੱਸ਼ਟ ਅਤੇ ਲਿਖਤੀ ਕਾਰਨ ਦੇਣਾ ਪਵੇਗਾ। ਜੇਕਰ ਕਿਸੇ ਵਾਧੂ ਜਾਣਕਾਰੀ ਜਾਂ ਦਸਤਾਵੇਜ਼ ਦੀ ਲੋੜ ਹੋਵੇਗੀ ਤਾਂ ਗਾਹਕ ਨੂੰ ਸਮਾਂ ਰਹਿੰਦੇ ਇਸ ਦੀ ਸੂਚਨਾ ਦੇਣੀ ਪਵੇਗੀ। ਬਿਨਾਂ ਉਚਿਤ ਕਾਰਨ ਦੇ ਦਾਅਵਾ ਰੱਦ ਕਰਨ ’ਤੇ ਰੈਗੂਲੇਟਰੀ ਕਾਰਵਾਈ ਵੀ ਹੋ ਸਕਦੀ ਹੈ।

ਪਾਰਦਰਸ਼ੀ ਅਤੇ ਜਵਾਬਦੇਹ ਹੋਵੇਗੀ ਪੂਰੀ ਪ੍ਰਕਿਰਿਆ

ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਦਾ ਉਦੇਸ਼ ਬੀਮਾ ਖੇਤਰ ’ਚ ਖਪਤਕਾਰਾਂ ਦਾ ਵਿਸ਼ਵਾਸ ਵਧਾਉਣਾ ਹੈ। ਜੀਵਨ, ਸਿਹਤ ਅਤੇ ਆਮ ਬੀਮੇ ਨਾਲ ਜੁੜੇ ਸਾਰੇ ਦਾਅਵਿਆਂ ਦੀ ਪ੍ਰਕਿਰਿਆ ਵਧੇਰੇ ਪਾਰਦਰਸ਼ੀ, ਸਮਾਂਬੱਧ ਅਤੇ ਜਵਾਬਦੇਹ ਹੋਵੇਗੀ, ਜਿਸ ਨਾਲ ਗਾਹਕਾਂ ਨੂੰ ਅਣ-ਲੋੜੀਂਦੀ ਪ੍ਰੇਸ਼ਾਨੀ ਅਤੇ ਲੰਮੀ ਉਡੀਕ ਤੋਂ ਰਾਹਤ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News