ਕੇਰਲ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਖਿੱਚੋਤਾਣ
Friday, Jan 10, 2025 - 01:04 AM (IST)
ਨੈਸ਼ਨਲ ਡੈਸਕ- ਭਾਜਪਾ ’ਚ ਸੰਗਠਨਾਤਮਕ ਚੋਣਾਂ ਜ਼ੋਰਾਂ ’ਤੇ ਹਨ, ਅਜਿਹੇ ’ਚ ਕੇਰਲ ਦੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਵੱਡੀ ਦੌੜ ਮਚੀ ਹੋਈ ਹੈ। ਇਹ ਸਪੱਸ਼ਟ ਹੈ ਕਿ ਕੇਰਲ ਭਾਜਪਾ ਲੀਡਰਸ਼ਿਪ ਤਬਦੀਲੀ ਵੱਲ ਵਧ ਰਹੀ ਹੈ, ਕਿਉਂਕਿ ਪਾਰਟੀ ਤੇਜ਼ੀ ਨਾਲ ਅੱਗੇ ਨਹੀਂ ਵਧ ਪਾ ਰਹੀ ਹੈ। ਭਾਜਪਾ ਲੀਡਰਸ਼ਿਪ ਇਸ ਗੱਲ ਤੋਂ ਚਿੰਤਤ ਹੈ ਕਿ ਕੇਰਲ ਵਿਧਾਨ ਸਭਾ ’ਚ ਉਸ ਦੀ ਪ੍ਰਤੀਨਿਧਤਾ ਨਹੀਂ ਹੈ ਅਤੇ ਉਹ ਅਜਿਹਾ ਨੇਤਾ ਚੁਣਨਾ ਚਾਹੁੰਦੀ ਹੈ, ਜਿਸ ਨੂੰ ਵਰਕਰਾਂ ਅਤੇ ਆਰ. ਐੱਸ. ਐੱਸ. ਦਾ ਸਮਰਥਨ ਪ੍ਰਾਪਤ ਹੋਵੇ ਅਤੇ ਜੋ ਕੰਮ ਕਰਨ ’ਚ ਵੀ ਸਮਰੱਥ ਹੋਵੇ।
ਜੇ. ਪੀ. ਨੱਡਾ ਦੇ ਉੱਤਰਾਧਿਕਾਰੀ ਲਈ ਮਹੀਨੇ ਦੇ ਅੰਤ ਤੱਕ ਕੌਮੀ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਘੱਟ ਤੋਂ ਘੱਟ 20 ਸੂਬਾ ਪ੍ਰਧਾਨਾਂ ਦੇ ਅਹੁਦੇ ਭਰੇ ਜਾਣੇ ਹਨ। ਭਾਜਪਾ ਲੀਡਰਸ਼ਿਪ ਨੇ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ’ਚ ਕੇ. ਜੇ. ਅਲਫੋਂਸ ਅਤੇ ਵੀ. ਮੁਰਲੀਧਰਨ ਸਮੇਤ ਸੂਬੇ ’ਚੋਂ 2 ਕੇਂਦਰੀ ਮੰਤਰੀਆਂ ਨੂੰ ਸ਼ਾਮਲ ਕੀਤਾ ਸੀ ਪਰ ਪਾਰਟੀ ਆਪਣੀ ਇੱਛਾ ਅਨੁਸਾਰ ਵਿਸਥਾਰ ਨਹੀਂ ਕਰ ਸਕੀ।
ਹੁਣ ਪ੍ਰਦੇਸ਼ ਭਾਜਪਾ ਪ੍ਰਧਾਨ ਕੇ. ਸੁਰੇਂਦਰਨ ਦੇ ਸੰਭਾਵੀ ਉੱਤਰਾਧਿਕਾਰੀ ਦੇ ਤੌਰ ’ਤੇ 2 ਨਾਂ ਚਰਚਾ ’ਚ ਹਨ। ਉਹ ਹਨ ਸ਼ੋਭਾ ਸੁਰੇਂਦਰਨ ਅਤੇ ਐੱਮ. ਟੀ. ਰਮੇਸ਼। ਸੁਰੇਂਦਰਨ ਜਿੱਥੇ ਭਾਜਪਾ ਦੀਆਂ ਮਹਿਲਾ ਸਮਰਥਕਾਂ ’ਚ ਲੋਕਪ੍ਰਿਯ ਹਨ, ਉੱਥੇ ਹੀ ਸੂਬਾ ਜਨਰਲ ਸਕੱਤਰ ਰਮੇਸ਼ ਨਰਮ ਬੋਲਚਾਲ ਲਈ ਜਾਣੇ ਜਾਂਦੇ ਹਨ। ਕੇਰਲ ਭਾਜਪਾ ਪ੍ਰਧਾਨ ਦੇ ਅਹੁਦੇ ਲਈ ਜ਼ਬਰਦਸਤ ਲਾਬਿੰਗ ਵੇਖੀ ਜਾ ਰਹੀ ਹੈ ਅਤੇ ਸ਼ੋਭਾ ਸੁਰੇਂਦਰਨ ਨੇ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਉਹ ਭਾਜਪਾ ਦੀ ਨੈਸ਼ਨਲ ਵਰਕਿੰਗ ਕਮੇਟੀ ਦੀ ਮੈਂਬਰ ਵੀ ਹਨ। ਕੇਰਲ ’ਚ 2026 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਮੇਸ਼ 2017 ’ਚ ਵੀ ਉਮੀਦਵਾਰ ਸਨ ਪਰ ਕੇਰਲ ਭਾਜਪਾ ਪ੍ਰਧਾਨ ਬਣਨ ਦੀ ਕੋਸ਼ਿਸ਼ ਅਸਫਲ ਹੋ ਗਈ ਸੀ। ਇਸ ਵਾਰ ਕੇਰਲ ਭਾਜਪਾ ਪ੍ਰਧਾਨ ਨੂੰ ਲੈ ਕੇ ਫ਼ੈਸਲਾ ਲੈਣਾ ਔਖਾ ਹੋਣ ਜਾ ਰਿਹਾ ਹੈ, ਕਿਉਂਕਿ ਰਮੇਸ਼ ਕੇਡਰ ’ਚ ਵੀ ਲੋਕਪ੍ਰਿਯ ਹਨ।