ਕੇਰਲ ਦੇ ਮੰਤਰੀ ਗਣੇਸ਼ ਕੁਮਾਰ ’ਤੇ ਉਨ੍ਹਾਂ ਦੀ ਪਤਨੀ ਨੇ ਲਾਇਆ ਵਿਸ਼ਵਾਸਘਾਤ ਦਾ ਦੋਸ਼
Tuesday, Mar 10, 2026 - 12:16 AM (IST)
ਤਿਰੂਵਨੰਤਪੁਰਮ, (ਭਾਸ਼ਾ)- ਕੇਰਲ ਦੇ ਟਰਾਂਸਪੋਰਟ ਮੰਤਰੀ ਕੇ. ਬੀ. ਕੁਮਾਰ ਦੀ ਪਤਨੀ ਨੇ ਸੋਮਵਾਰ ਨੂੰ ਉਨ੍ਹਾਂ ਦੇ ਖ਼ਿਲਾਫ ਵਿਸ਼ਵਾਸਘਾਤ ਦੇ ਦੋਸ਼ ਲਾਏ। ਇਕ ਖਬਰਾਂ ਦੇ ਚੈਨਲ ਨਾਲ ਗੱਲ ਕਰਦੇ ਹੋਏ ਬਿੰਦੂ ਮੇਨਨ ਨੇ ਕਿਹਾ ਕਿ 2014 ’ਚ ਵਿਆਹ ਤੋਂ ਬਾਅਦ ਤੋਂ ਉਨ੍ਹਾਂ ਅਤੇ ਕੁਮਾਰ ਵਿਚਾਲੇ ਵਿਆਹੁਤਾ ਸਬੰਧੀ ਸਮੱਸਿਆਵਾਂ ਰਹੀਆਂ ਹਨ। ਕੇਰਲ ਕਾਂਗਰਸ (ਬੀ) ਦੇ ਨੇਤਾ ਕੁਮਾਰ ਨੇ 2014 ’ਚ ਯਾਮਿਨੀ ਥਾਂਕੇਚੀ ਤੋਂ ਕਾਨੂੰਨੀ ਤੌਰ ’ਤੇ ਵੱਖ ਹੋਣ ਤੋਂ ਬਾਅਦ ਮੇਨਨ ਨਾਲ ਵਿਆਹ ਕੀਤਾ ਸੀ।
ਮੇਨਨ ਨੇ ਕਿਹਾ ਕਿ 2019 ’ਚ ਇਕ ਵੱਡਾ ਵਿਵਾਦ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਰਿਸ਼ਤੇਦਾਰ, ਸਾਬਕਾ ਡੀ. ਜੀ. ਪੀ. ਅਤੇ ਭਾਜਪਾ ਨੇਤਾ ਆਰ. ਸ਼੍ਰੀਲੇਖਾ ਤੋਂ ਮਦਦ ਮੰਗੀ ਸੀ। ਮੇਨਨ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਵੱਖ ਰਹਿ ਰਹੀ ਹੈ, ਕਿਉਂਕਿ ਕੁਮਾਰ ਦੇ ਕਈ ਔਰਤਾਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਕਈ ਔਰਤਾਂ ਨੂੰ ਲੈ ਕੇ ਮੇਰੀ ਉਨ੍ਹਾਂ ਨਾਲ ਲੜਾਈ ਹੁੰਦੀ ਸੀ। ਫਿਰ ਮੇਰੇ ਫ਼ੋਨ ਟਰੈਕ ਕੀਤੇ ਗਏ ਅਤੇ ਮੇਰੇ ’ਤੇ ਦੋਸ਼ ਲਾਏ ਗਏ ਕਿ ਮੇਰੇ ਆਪਣੇ ਦੋਸਤਾਂ ਨਾਲ ਪ੍ਰੇਮ-ਸਬੰਧ ਹਨ। ਮੇਨਨ ਨੇ ਦੋਸ਼ ਲਾਇਆ ਕਿ ਕੁਮਾਰ ਨੇ ਉਨ੍ਹਾਂ ਦਾ ਫ਼ੋਨ ਬਲਾਕ ਕਰ ਦਿੱਤਾ ਅਤੇ ਆਪਣੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਉਨ੍ਹਾਂ ਨਾਲ ਗੱਲ ਨਾ ਕਰਨ।
