ਸ਼ਰਾਬ ਲਈ ਪੈਸੇ ਨਹੀਂ ਦਿੱਤੇ ਤਾਂ ਪਿਤਾ ਨੇ ਧੀ ਦਾ ਕਰਵਾਇਆ ਕਤਲ, ਕੁੜੀ ਦਾ ਮਈ ''ਚ ਹੋਣ ਵਾਲਾ ਸੀ ਵਿਆਹ

Sunday, Mar 26, 2023 - 04:45 PM (IST)

ਮਧੇਪੁਰਾ- ਬਿਹਾਰ ਦੇ ਮਧੇਪੁਰਾ 'ਚ ਇਕ ਪਿਤਾ ਨੇ ਆਪਣੀ ਹੀ ਧੀ ਦਾ ਗੋਲੀ ਮਰਵਾ ਕੇ ਕਤਲ ਕਰਵਾ ਦਿੱਤਾ। ਗੋਲੀ ਕੁੜੀ ਦੇ ਸਿਰ 'ਚ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਸ਼ੀ ਪਿਤਾ ਫਿਲਹਾਲ ਫਰਾਰ ਹੈ। ਕੁੜੀ ਦਾ ਮਈ 'ਚ ਵਿਆਹ ਹੋਣ ਵਾਲਾ ਸੀ। ਧੀ ਨੇ ਸ਼ਰਾਬ ਪੀਣ ਲਈ ਪੈਸੇ ਨਹੀਂ ਦਿੱਤੇ ਸਨ। ਇਸ ਤੋਂ ਪਿਤਾ ਨਾਰਾਜ਼ ਸੀ ਅਤੇ ਇਸ ਲਈ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ਿਵਰਾਮ ਸਾਹ (50) ਦੀ 24 ਸਾਲਾ ਧੀ ਵੰਦਨਾ ਦਿੱਲੀ 'ਚ ਕਿਸੇ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ। ਪਰਿਵਾਰ ਦਾ ਪੂਰਾ ਖਰਚ ਵੀ ਉਹ ਚੁੱਕਦੀ ਸੀ। ਮਈ 'ਚ ਉਸ ਦਾ ਵਿਆਹ ਹੋਣ ਵਾਲਾ ਸੀ। ਇਸ ਲਈ ਉਹ ਛੁੱਟੀ 'ਤੇ ਆਪਣੇ ਪਿੰਡ ਪਹੁੰਚੀ ਸੀ ਅਤੇ ਵਿਆਹ ਦੀ ਤਿਆਰੀ 'ਚ ਲੱਗੀ ਹੋਈ ਸੀ। ਵੰਦਨਾ ਦੀ ਮਾਸੀ ਸੁਨੀਤਾ ਦੇਵੀ ਨੇ ਦੱਸਿਆ ਕਿ ਸ਼ਿਵਰਾਮ ਸਾਹ ਨਸ਼ੇੜੀ ਹੈ। ਉਹ ਕੋਈ ਕੰਮ ਨਹੀਂ ਕਰਦਾ। ਉਹ ਆਪਣੀ ਧੀ ਤੋਂ ਸ਼ਰਾਬ ਪੀਣ ਲਈ ਬਰਾਬਰ ਪੈਸਾ ਮੰਗਦਾ ਰਹਿੰਦਾ ਸੀ। ਇਸ ਨੂੰ ਲੈ ਕੇ ਪਰਿਵਾਰ 'ਚ ਲੜਾਈ ਹੁੰਦੀ ਰਹਿੰਦੀ ਸੀ।

ਇਹ ਵੀ ਪੜ੍ਹੋ : ਹਾਦਸੇ 'ਚ ਗਈ ਦਾਦੇ ਦੀ ਜਾਨ, 23 ਸਾਲਾ ਪੋਤੀ ਨੇ ਸੜਕ ਸੁਰੱਖਿਆ 'ਤੇ ਸ਼ੁਰੂ ਕੀਤੀ ਇਹ ਅਨੋਖੀ ਮੁਹਿੰਮ

ਵੰਦਨਾ ਸ਼ਿਵਰਾਮ ਦੀ ਸਭ ਤੋਂ ਵੱਡੀ ਧੀ ਸੀ। ਉਸ ਤੋਂ ਬਾਅਦ ਇਕ ਹੋਰ ਧੀ ਅਤੇ ਇਕ 14 ਸਾਲ ਦਾ ਪੁੱਤ ਹੈ। ਸ਼ਨੀਵਾਰ ਸਵੇਰੇ ਸ਼ਿਵਰਾਮ ਨੇ ਵੰਦਨਾ ਤੋਂ ਸ਼ਰਾਬ ਪੀਣ ਲਈ 500 ਰੁਪਏ ਮੰਗੇ। ਧੀ ਨੇ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਿਵਰਾਮ ਨਾਰਾਜ਼ ਹੋ ਗਿਆ ਅਤੇ ਘਰੋਂ ਚੱਲਾ ਗਿਆ। ਪਰਿਵਾਰ ਅਨੁਸਾਰ ਸ਼ਨੀਵਾਰ ਦੇਰ ਰਾਤ ਸ਼ਿਵਰਾਮ ਕਿਸੇ ਹੋਰ ਵਿਅਕਤੀ ਨਾਲ ਘਰ ਆਇਆ। ਘਟਨਾ ਦੇ ਸਮੇਂ ਮਾਂ ਚੰਦਾ ਦੇਵੀ ਅਤੇ ਚਾਚੀ ਮੌਜੂਦ ਸੀ। ਸ਼ਿਵਰਾਮ ਨਾਲ ਆਏ ਵਿਅਕਤੀ ਨੇ ਚਿਹਰਾ ਢੱਕਿਆ ਹੋਇਆ ਸੀ। ਉਹ ਵੰਦਨਾ ਨਾਲ ਗੱਲ ਕਰਨ ਲੱਗਾ, ਇਸ ਵਿਚ ਉਸ ਨੇ ਵੰਦਨਾ ਦੇ ਸਿਰ 'ਚ ਗੋਲੀ ਮਾਰ ਦਿੱਤੀ। ਘਟਨਾ ਦੇ ਤੁਰੰਤ ਬਾਅਦ ਸ਼ਿਵਰਾਮ ਆਪਣੇ ਸਾਥੀ ਨਾਲ ਬਾਈਕ 'ਤੇ ਦੌੜ ਗਿਆ। ਘਰ 'ਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਤੁਰੰਤ ਵੰਦਨਾ ਨੂੰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਸ ਮਾਮਲੇ 'ਚ ਜੁਟ ਗਈ ਹੈ। ਸਿੰਘੇਸ਼ਵਰ ਥਾਣਾ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਦੋਸ਼ੀ ਪਿਤਾ ਫਿਲਹਾਲ ਫਰਾਰ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News