ਸੱਪਾਂ ਦੇ ਡੰਗ ਦਾ ਕਹਿਰ, ਜਾਨ ਲਈ ਖ਼ਤਰਾ ਬਣਦੀ ਹੈ ਇਲਾਜ ’ਚ ਕੀਤੀ ਦੇਰੀ
Monday, Sep 28, 2026 - 11:00 AM (IST)
ਗੁਰਦਾਸਪੁਰ (ਹਰਮਨ): ਪੰਜਾਬ ਦੇ ਦਿਹਾਤੀ ਖੇਤਰਾਂ ’ਚ ਖੇਤਾਂ, ਘਰਾਂ, ਪਾਰਕਾਂ, ਖਾਲੀ ਪਲਾਟਾਂ ਅਤੇ ਹੋਰ ਥਾਵਾਂ ’ਤੇ ਸੱਪ ਨਿਕਲਣ ਦੀਆਂ ਘਟਨਾਵਾਂ ਜਿੱਥੇ ਲੋਕਾਂ ’ਚ ਅਚਾਨਕ ਦਹਿਸ਼ਤ ਪੈਦਾ ਕਰ ਦਿੰਦੀਆਂ ਹਨ, ਉੱਥੇ ਸੱਪ ਦੇ ਡੰਗ ਤੋਂ ਬਾਅਦ ਘਬਰਾਹਟ, ਗਲਤ ਧਾਰਨਾਵਾਂ ਅਤੇ ਇਲਾਜ ਲਈ ਇੱਧਰ-ਉੱਧਰ ਭਟਕਣਾ ਕਈ ਵਾਰ ਮਰੀਜ਼ ਲਈ ਹੋਰ ਵੱਡਾ ਖ਼ਤਰਾ ਬਣ ਜਾਂਦਾ ਹੈ। ਮਾਹਿਰਾਂ ਮੁਤਾਬਕ ਹਰ ਸੱਪ ਜ਼ਹਿਰੀਲਾ ਨਹੀਂ ਹੁੰਦਾ ਪਰ ਡੰਗ ਲੱਗਣ ਤੋਂ ਬਾਅਦ ਆਪਣੇ ਤੌਰ ’ਤੇ ਇਹ ਫੈਸਲਾ ਕਰਨਾ ਕਿ ਸੱਪ ਜ਼ਹਿਰੀਲਾ ਨਹੀਂ ਸੀ, ਖਤਰਨਾਕ ਹੋ ਸਕਦਾ ਹੈ। ਮਨੁੱਖੀ ਸਿਹਤ ਅਤੇ ਜਾਨ ਨੂੰ ਬਚਾਉਣ ਲਈ ਸਹੀ ਸਮੇਂ ਹਸਪਤਾਲ ਪਹੁੰਚਣਾ ਹੀ ਸਭ ਤੋਂ ਅਹਿਮ ਕਦਮ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !
ਭਾਰਤ ’ਚ ਹਰ ਸਾਲ ਹਜ਼ਾਰਾਂ ਮੌਤਾਂ ਦਾ ਅੰਦਾਜ਼ਾ
ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਜਾਣਕਾਰੀ ਮੁਤਾਬਕ ਦੁਨੀਆ ਭਰ ’ਚ ਹਰ ਸਾਲ ਲਗਭਗ 54 ਲੱਖ ਲੋਕਾਂ ਨੂੰ ਸੱਪ ਡੰਗ ਮਾਰਦੇ ਹਨ, ਜਿਨ੍ਹਾਂ ’ਚੋਂ ਕਰੀਬ 18 ਤੋਂ 27 ਲੱਖ ਮਾਮਲਿਆਂ ’ਚ ਸੱਪ ਦੇ ਜ਼ਹਿਰ ਦਾ ਪ੍ਰਭਾਵ ਹੁੰਦਾ ਹੈ ਅਤੇ ਲਗਭਗ 81,410 ਤੋਂ 1,37,880 ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਜ਼ਹਿਰੀਲੇ ਸੱਪ ਦਾ ਡੰਗ ਸਾਹ ਲੈਣ ਵਿੱਚ ਰੁਕਾਵਟ, ਖੂਨ ਵਹਿਣ, ਗੁਰਦਿਆਂ ਨੂੰ ਨੁਕਸਾਨ ਅਤੇ ਸਰੀਰ ਦੇ ਅੰਗਾਂ ਨੂੰ ਸਥਾਈ ਨੁਕਸਾਨ ਤੱਕ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ DOUBLE MURDER, ਘਰ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
ਭਾਰਤ ਸਬੰਧੀ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੇ ਰਾਸ਼ਟਰੀ ਅਧਿਐਨ ਮੁਤਾਬਕ ਸਾਲ 2000 ਤੋਂ 2019 ਦਰਮਿਆਨ ਦੇਸ਼ ’ਚ ਲਗਭਗ 12 ਲੱਖ ਲੋਕਾਂ ਦੀ ਸੱਪ ਦੇ ਡੰਗ ਕਾਰਨ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ, ਜੋ ਔਸਤਨ ਕਰੀਬ 58 ਹਜ਼ਾਰ ਮੌਤਾਂ ਪ੍ਰਤੀ ਸਾਲ ਬਣਦਾ ਹੈ। ਇਸ ਅਧਿਐਨ ਮੁਤਾਬਕ ਮ੍ਰਿਤਕਾਂ ’ਚ ਲਗਭਗ ਅੱਧੇ ਲੋਕ 30 ਤੋਂ 69 ਸਾਲ ਦੀ ਉਮਰ ਦੇ ਸਨ, ਜਦਕਿ ਇੱਕ ਚੌਥਾਈ ਤੋਂ ਵੱਧ ਮ੍ਰਿਤਕ 15 ਸਾਲ ਤੋਂ ਘੱਟ ਉਮਰ ਦੇ ਬੱਚੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਭਾਰੀ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਪੰਜਾਬ ਦੇ ਸਰਕਾਰੀ ਰਿਕਾਰਡ ’ਚ ਵੀ ਸੈਂਕੜੇ ਮਾਮਲੇ
ਭਾਰਤ ਸਰਕਾਰ ਵੱਲੋਂ ਲੋਕ ਸਭਾ ’ਚ 21 ਮਾਰਚ 2025 ਨੂੰ ਦਿੱਤੀ ਜਾਣਕਾਰੀ ਮੁਤਾਬਕ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਅਤੇ ਏਕੀਕ੍ਰਿਤ ਸਿਹਤ ਜਾਣਕਾਰੀ ਪਲੇਟਫਾਰਮ ’ਤੇ ਪੰਜਾਬ ’ਚ ਸਾਲ 2022 ਦੌਰਾਨ 69, ਸਾਲ 2023 ਦੌਰਾਨ 127 ਅਤੇ ਸਾਲ 2024 ਦੌਰਾਨ 101 ਸੱਪ ਡੰਗ ਦੇ ਮਾਮਲੇ ਦਰਜ ਹੋਏ। ਇਹ ਸਰਕਾਰੀ ਰਿਪੋਰਟਿੰਗ ਦੇ ਅੰਕੜੇ ਹਨ ਅਤੇ ਇਨ੍ਹਾਂ ਨੂੰ ਪੰਜਾਬ ਵਿੱਚ ਸੱਪ ਡੰਗ ਦੇ ਸਾਰੇ ਅਸਲ ਮਾਮਲਿਆਂ ਦੀ ਕੁੱਲ ਗਿਣਤੀ ਨਹੀਂ ਮੰਨਿਆ ਜਾ ਸਕਦਾ। ਭਾਰਤ ਸਰਕਾਰ ਵੱਲੋਂ ਮਾਰਚ 2026 ਵਿੱਚ ਲੋਕ ਸਭਾ ’ਚ ਦਿੱਤੇ ਇੱਕ ਹੋਰ ਜਵਾਬ ਅਨੁਸਾਰ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਅਤੇ ਏਕੀਕ੍ਰਿਤ ਸਿਹਤ ਜਾਣਕਾਰੀ ਪਲੇਟਫਾਰਮ ਰਾਹੀਂ ਪੰਜਾਬ ਵਿੱਚ 2023, 2024 ਅਤੇ 2025 ਦੌਰਾਨ ਸੱਪ ਡੰਗ ਨਾਲ ਕੋਈ ਮੌਤ ਰਿਪੋਰਟ ਨਹੀਂ ਕੀਤੀ ਗਈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਖੁਦ ਸੱਪ ਡੰਗ ਦੇ ਮਾਮਲਿਆਂ ਅਤੇ ਮੌਤਾਂ ਦੀ ਘੱਟ ਰਿਪੋਰਟਿੰਗ ਨੂੰ ਇੱਕ ਵੱਡੀ ਸਮੱਸਿਆ ਮੰਨਦਾ ਹੈ, ਇਸ ਲਈ ਇਨ੍ਹਾਂ ਅੰਕੜਿਆਂ ਤੋਂ ਇਹ ਨਤੀਜਾ ਨਹੀਂ ਕੱਢਿਆ ਜਾ ਸਕਦਾ ਕਿ ਪੰਜਾਬ ਵਿੱਚ ਇਨ੍ਹਾਂ ਸਾਲਾਂ ਦੌਰਾਨ ਸੱਪ ਡੰਗ ਕਾਰਨ ਕੋਈ ਮੌਤ ਹੋਈ ਹੀ ਨਹੀਂ।
ਸਭ ਤੋਂ ਵੱਧ ਖ਼ਤਰਨਾਕ ਹਨ ਇਹ ਚਾਰ ਕਿਸਮਾਂ
ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ’ਚ ਲਗਭਗ 90 ਫ਼ੀਸਦੀ ਜ਼ਹਿਰੀਲੇ ਸੱਪ ਡੰਗਾਂ ਨੂੰ ਚਾਰ ਪ੍ਰਮੁੱਖ ਸੱਪਾਂ—ਕਾਮਨ ਕਰੈਤ, ਇੰਡੀਅਨ ਕੋਬਰਾ (ਨਾਗ), ਰਸਲ ਵਾਈਪਰ ਅਤੇ ਸਾਅ-ਸਕੇਲਡ ਵਾਈਪਰ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਚਾਰ ਕਿਸਮਾਂ ਸਭ ਤੋਂ ਵੱਧ ਜ਼ਹਿਰੀਲੀਆਂ ਮੰਨੀਆਂ ਜਾਂਦੀਆਂ ਹਨ। ਕਾਮਨ ਕਰੈਤ ਅਤੇ ਇੰਡੀਅਨ ਕੋਬਰਾ ਦਾ ਜ਼ਹਿਰ ਮੁੱਖ ਤੌਰ ’ਤੇ ਨਰਵ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਮਰੀਜ਼ ਦੀਆਂ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਸਾਹ ਲੈਣ ’ਚ ਮੁਸ਼ਕਲ ਪੈਦਾ ਹੋ ਸਕਦੀ ਹੈ।
ਦੂਜੇ ਪਾਸੇ ਰਸਲ ਵਾਈਪਰ ਅਤੇ ਸਾਅ-ਸਕੇਲਡ ਵਾਈਪਰ ਦਾ ਜ਼ਹਿਰ ਖੂਨ ਦੇ ਜਮ੍ਹਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਖੂਨ ਵਹਿਣ, ਗੁਰਦਿਆਂ ਨੂੰ ਨੁਕਸਾਨ ਅਤੇ ਹੋਰ ਗੰਭੀਰ ਪੇਚੀਦਗੀਆਂ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਦਾ ਪ੍ਰਭਾਵ ਸੱਪ ਦੀ ਕਿਸਮ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।
23 ਹਜ਼ਾਰ ਸੱਪ ਫੜ ਚੁੱਕੇ ਬਿੱਟੂ ਸ਼ਰਮਾ ਨੇ ਗਲਤ ਧਾਰਨਾਵਾਂ ਤੋਂ ਬਚਣ ਦੀ ਕੀਤੀ ਅਪੀਲ
ਗੁਰਦਾਸਪੁਰ ਦੇ ਸੱਪ ਫੜਨ ਵਾਲੇ ਬਿੱਟੂ ਸ਼ਰਮਾ ਦਾ ਦਾਅਵਾ ਹੈ ਕਿ ਉਹ ਪਿਛਲੇ ਕਰੀਬ 44 ਸਾਲਾਂ ਦੌਰਾਨ 23 ਹਜ਼ਾਰ ਤੋਂ ਵੱਧ ਸੱਪ ਫੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦਿਨ ਅਤੇ ਰਾਤ ਸਮੇਂ ਲੋਕਾਂ ਦੇ ਘਰਾਂ, ਖੇਤਾਂ ਅਤੇ ਹੋਰ ਥਾਵਾਂ ਤੋਂ ਸੱਪ ਕੱਢੇ ਹਨ। ਬਿੱਟੂ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਨੂੰ ਦੇਖ ਕੇ ਘਬਰਾਉਣ ਦੀ ਬਜਾਇ ਉਸ ਤੋਂ ਦੂਰੀ ਬਣਾਈ ਰੱਖੀ ਜਾਵੇ ਅਤੇ ਉਸ ਨੂੰ ਖੁਦ ਫੜਨ ਜਾਂ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੱਪਾਂ ਬਾਰੇ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਮੌਜੂਦ ਹਨ। ਕਈ ਲੋਕ ਇਹ ਵੀ ਮੰਨਦੇ ਹਨ ਕਿ ਪਹਿਲੀ ਵਾਰ ਡੰਗ ਮਾਰਨ ’ਤੇ ਸੱਪ ਜ਼ਹਿਰ ਨਹੀਂ ਛੱਡਦਾ, ਜਿਸ ਕਾਰਨ ਉਹ ਇਲਾਜ ’ਚ ਦੇਰੀ ਕਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਸੱਪ ਦੇ ਡੰਗ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਮਰੀਜ਼ ਨੂੰ ਤੁਰੰਤ ਇਲਾਜ ਲਈ ਲਿਜਾਣਾ ਚਾਹੀਦਾ ਹੈ। ਉਨ੍ਹਾਂ ਸੱਪ ਫੜਨ ਵਾਲੇ ਹੋਰ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਗਲਤ ਧਾਰਨਾਵਾਂ ਜਾਂ ਅਫਵਾਹਾਂ ਨਾ ਫੈਲਾਉਣ ਅਤੇ ਸੱਪ ਦੇ ਡੰਗ ਨਾਲ ਸਬੰਧਤ ਮਾਮਲਿਆਂ ਵਿੱਚ ਲੋਕਾਂ ਨੂੰ ਵਿਗਿਆਨਕ ਇਲਾਜ ਵੱਲ ਪ੍ਰੇਰਿਤ ਕਰਨ।
ਸਾਹ ਤੋਂ ਲੈ ਕੇ ਖੂਨ ਤੱਕ ਨੂੰ ਪ੍ਰਭਾਵਿਤ ਕਰ ਸਕਦਾ ਸੱਪ ਦਾ ਜ਼ਹਿਰ : ਡਾ. ਮਨਜੀਤ ਬੱਬਰ
ਗੁਰਦਾਸਪੁਰ ਮੈਡੀਸਿਟੀ ਹਸਪਤਾਲ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਬੱਬਰ ਨੇ ਕਿਹਾ ਕਿ ਸੱਪ ਦੇ ਡੰਗ ਦੇ ਮਰੀਜ਼ ਨੂੰ ਸਭ ਤੋਂ ਪਹਿਲਾਂ ਬਿਨਾਂ ਦੇਰੀ ਅਜਿਹੇ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੈ, ਜਿੱਥੇ ਉਸ ਦੀ ਤੁਰੰਤ ਜਾਂਚ ਅਤੇ ਲੋੜ ਅਨੁਸਾਰ ਇਲਾਜ ਦੀ ਸਹੂਲਤ ਹੋਵੇ। ਉਨ੍ਹਾਂ ਕਿਹਾ ਕਿ ਸੱਪਾਂ ਦੀਆਂ ਵੱਖ-ਵੱਖ ਕਿਸਮਾਂ ਦੇ ਜ਼ਹਿਰ ਦਾ ਪ੍ਰਭਾਵ ਵੀ ਵੱਖਰਾ ਹੁੰਦਾ ਹੈ। ਕੁਝ ਸੱਪਾਂ ਦਾ ਜ਼ਹਿਰ ਨਰਵ ਪ੍ਰਣਾਲੀ ਨੂੰ ਪ੍ਰਭਾਵਿਤ ਕਰਕੇ ਮਰੀਜ਼ ਦੀ ਸਾਹ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਦਕਿ ਕੁਝ ਸੱਪਾਂ ਦਾ ਜ਼ਹਿਰ ਖੂਨ ਦੇ ਜਮ੍ਹਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ। ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਮੇਤ ਸਾਹ ਦੀ ਸਹਾਇਤਾ ਅਤੇ ਹੋਰ ਐਮਰਜੈਂਸੀ ਇਲਾਜ ਦੀ ਲੋੜ ਪੈ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਮੈਡੀਸਿਟੀ ਵਿੱਚ ਇੱਕ ਅਜਿਹਾ ਵਿਅਕਤੀ ਆਇਆ ਸੀ ਜਿਸ ਨੂੰ ਬਹੁਤ ਹੀ ਜ਼ਹਿਰੀਲੇ ਸੱਪ ਨੇ ਡੰਗ ਮਾਰਿਆ ਸੀ, ਪਰ ਉਸ ਦੀ ਜਾਨ ਸਿਰਫ਼ ਇਸ ਕਰਕੇ ਬਚਾਈ ਜਾ ਸਕੀ ਕਿ ਉਸ ਨੂੰ ਤੁਰੰਤ ਬਿਨਾਂ ਦੇਰੀ ਹਸਪਤਾਲ ਪਹੁੰਚਾ ਦਿੱਤਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਸਮੇਂ ਸਿਰ ਇਲਾਜ ਕਰਕੇ ਉਸ ਨੂੰ ਬਚਾ ਲਿਆ।
ਡੰਗ ਤੋਂ ਬਾਅਦ ਮਰੀਜ਼ ਨੂੰ ਤੁਰੰਤ ਸ਼ਾਂਤ ਰੱਖੋ, ਹਿਲਜੁਲ ਘਟਾਓ
ਡਾ. ਮਨਜੀਤ ਸਿੰਘ ਬੱਬਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਮੁਤਾਬਕ ਸੱਪ ਦੇ ਸ਼ੱਕੀ ਜ਼ਹਿਰੀਲੇ ਡੰਗ ਤੋਂ ਬਾਅਦ ਸਭ ਤੋਂ ਪਹਿਲਾਂ ਮਰੀਜ਼ ਨੂੰ ਸੱਪ ਵਾਲੀ ਥਾਂ ਤੋਂ ਸੁਰੱਖਿਅਤ ਦੂਰ ਕੀਤਾ ਜਾਵੇ। ਮਰੀਜ਼ ਨੂੰ ਭਰੋਸਾ ਦਿਵਾ ਕੇ ਸ਼ਾਂਤ ਰੱਖਿਆ ਜਾਵੇ ਅਤੇ ਉਸ ਦੀ ਹਿਲਜੁਲ ਘੱਟ ਤੋਂ ਘੱਟ ਕੀਤੀ ਜਾਵੇ। ਡੰਗ ਵਾਲੇ ਅੰਗ ਨੂੰ ਸਥਿਰ ਰੱਖਦਿਆਂ ਮਰੀਜ਼ ਨੂੰ ਜਿੰਨੀ ਜਲਦੀ ਸੰਭਵ ਹੋਵੇ ਸਿਹਤ ਕੇਂਦਰ ਜਾਂ ਹਸਪਤਾਲ ਪਹੁੰਚਾਇਆ ਜਾਵੇ। ਜੇਕਰ ਡੰਗ ਵਾਲੇ ਅੰਗ ’ਤੇ ਅੰਗੂਠੀ, ਕੜਾ, ਚੂੜੀ ਜਾਂ ਹੋਰ ਕੋਈ ਤੰਗ ਚੀਜ਼ ਹੋਵੇ ਤਾਂ ਸੋਜ ਵਧਣ ਤੋਂ ਪਹਿਲਾਂ ਉਸ ਨੂੰ ਹਟਾ ਦੇਣਾ ਚਾਹੀਦਾ ਹੈ।
ਚਾਕੂ ਨਾਲ ਕੱਟਣਾ, ਜ਼ਹਿਰ ਚੂਸਣਾ ਤੇ ਝਾੜ-ਫੂਕ ਕਰਨਾ ਹੋ ਸਕਦੈ ਖਤਰਨਾਕ
ਡਾ. ਬੱਬਰ ਨੇ ਦੱਸਿਆ ਕਿ ਸੱਪ ਦੇ ਡੰਗ ਵਾਲੀ ਥਾਂ ’ਤੇ ਚਾਕੂ ਜਾਂ ਬਲੇਡ ਨਾਲ ਕੱਟ ਨਹੀਂ ਲਗਾਉਣਾ ਚਾਹੀਦਾ ਅਤੇ ਮੂੰਹ ਨਾਲ ਜ਼ਹਿਰ ਚੂਸਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਜ਼ਖ਼ਮ ਨੂੰ ਰਗੜਨਾ, ਮਸਾਜ ਕਰਨਾ, ਜੜੀਆਂ-ਬੂਟੀਆਂ ਜਾਂ ਕੋਈ ਹੋਰ ਅਣਪ੍ਰਮਾਣਿਤ ਪਦਾਰਥ ਲਗਾਉਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਸੱਪ ਨੂੰ ਫੜਨ ਜਾਂ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਜੇਕਰ ਸੱਪ ਦੀ ਪਛਾਣ ਸੁਰੱਖਿਅਤ ਦੂਰੀ ਤੋਂ ਹੋ ਸਕੇ ਤਾਂ ਉਸ ਦੀ ਜਾਣਕਾਰੀ ਡਾਕਟਰਾਂ ਨੂੰ ਦਿੱਤੀ ਜਾ ਸਕਦੀ ਹੈ, ਪਰ ਸੱਪ ਨੂੰ ਫੜ ਕੇ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਦੇਸੀ ਇਲਾਜ ਦੇ ਚੱਕਰ ’ਚ ਸਮਾਂ ਨਾ ਗਵਾਓ : ਐੱਸ. ਐੱਮ. ਓ. ਡਾ. ਗੁਰਪ੍ਰੀਤ ਸਿੰਘ
ਗੁਰਦਾਸਪੁਰ ਦੇ ਐੱਸ. ਐੱਮ. ਓ. ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੱਪ ਦੇ ਡੰਗ ਦੇ ਮਰੀਜ਼ਾਂ ਲਈ ਸਰਕਾਰੀ ਸਿਹਤ ਪ੍ਰਣਾਲੀ ਵਿੱਚ ਇਲਾਜ ਦੀ ਪੂਰੀ ਸਹੂਲਤ ਉਪਲਬਧ ਹੈ। ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਸੱਪ ਦੇ ਜ਼ਹਿਰ ਵਿਰੁੱਧ ਦਵਾਈ (ਐਂਟੀ-ਸਨੇਕ ਵੈਨਮ) ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਦੇਸੀ ਨੀਮ-ਹਕੀਮ, ਝਾੜ-ਫੂਕ ਜਾਂ ਅਣਪ੍ਰਮਾਣਿਤ ਇਲਾਜ ਦੇ ਚੱਕਰ ਵਿੱਚ ਸਮਾਂ ਬਰਬਾਦ ਨਾ ਕੀਤਾ ਜਾਵੇ, ਸਗੋਂ ਤੁਰੰਤ ਹਸਪਤਾਲ ਪਹੁੰਚਿਆ ਜਾਵੇ। ਸਿਵਲ ਸਰਜਨ ਡਾ. ਮਹੇਸ਼ ਪ੍ਰਭਾਕਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਕਮਿਊਨਿਟੀ ਹੈਲਥ ਸੈਂਟਰਾਂ ’ਚ ਵੀ ਇਹ ਦਵਾਈ ਉਪਲਬਧ ਹੈ, ਜਿੱਥੇ ਲੋਕ ਬਿਨਾਂ ਦੇਰੀ ਪਹੁੰਚ ਕੇ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
