ਮਿਸਾਲ : ਸਹੁਰੇ ਨੇ ਨੂੰਹ ਦੀ ਜਾਨ ਬਚਾਉਣ ਲਈ ਦਾਨ ਦਿੱਤੀ ਕਿਡਨੀ

03/12/2020 12:56:26 PM

ਕਰਨਾਲ— ਕਹਿੰਦੇ ਨੇ ਇਨਸਾਨ ਦੀ ਜ਼ਿੰਦਗੀ 'ਚ ਸੁੱਖ ਅਤੇ ਦੁੱਖ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਸਹੁਰੇ ਘਰ 'ਚ ਨੂੰਹ ਨੂੰ ਆਦਰ-ਮਾਣ ਮਿਲੇ ਤਾਂ ਘਰ 'ਚ ਖੁਸ਼ੀ ਦਾ ਮਾਹੌਲ ਰਹਿੰਦਾ ਹੈ। ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤਾਂ ਖੂਨ ਅਤੇ ਪਿਆਰ ਦੇ ਰਿਸ਼ਤੇ ਵੀ ਕਦੇ-ਕਦੇ ਟੁੱਟ ਜਾਂਦੇ ਹਨ ਪਰ ਇਸ ਨੂੰਹ ਨਾਲ ਅਜਿਹਾ ਨਹੀਂ ਹੋਇਆ। ਕਰਨਾਲ ਦੇ ਰਹਿਣ ਵਾਲੇ 65 ਸਾਲਾ ਮੋਹਲ ਲਾਲ ਕਾਠਪਾਲ ਨੇ ਆਪਣੀ ਨੂੰਹ ਪ੍ਰਿਅੰਕਾ ਕਾਠਪਾਲ (33) ਨੂੰ ਕਿਡਨੀ ਦਾਨ ਕਰਕੇ ਨਵੀਂ ਜ਼ਿੰਦਗੀ ਦਿੱਤੀ ਹੈ। ਦਰਅਸਲ ਪ੍ਰਿਅੰਕਾ ਨੇ ਪ੍ਰੀ-ਮੈਚਿਓਰ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵੱਧ ਗਈਆਂ। ਬੱਚੇ ਨੂੰ ਸਮੇਂ ਤੋਂ ਪਹਿਲਾਂ ਜਨਮ ਦੇਣ ਕਾਰਨ ਉਸ ਦੇ ਖੂਨ 'ਚ ਇਨਫੈਕਸ਼ਨ ਫੈਲ ਗਈ ਸੀ, ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਕਿਡਨੀ ਬਦਲਵਾਉਣ ਦੀ ਸਲਾਹ ਦਿੱਤੀ। ਕਿਡਨੀ ਖਰਾਬ ਹੋਣ ਕਾਰਨ ਪ੍ਰਿਅੰਕਾ ਦੇ ਸਹੁਰੇ ਨੇ ਕਿਡਨੀ ਦੇ ਕੇ ਉਸ ਦੀ ਜਾਨ ਬਚਾਈ। 

ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਹੋਇਆ। ਡਾਕਟਰ ਕਹਿੰਦੇ ਹਨ ਕਿ ਜਦੋਂ ਅਜਿਹਾ ਮੁਸ਼ਕਲ ਸਮਾਂ ਕਿਸੇ ਉੱਤੇ ਆਉਂਦਾ ਹੈ ਤਾਂ ਕਰੀਬੀ ਰਿਸ਼ਤੇਦਾਰ ਵੀ ਸਾਥ ਛੱਡ ਦਿੰਦੇ ਹਨ ਪਰ ਪ੍ਰਿਅੰਕਾ ਦੇ ਸਹੁਰੇ ਨੇ ਪਿਓ ਬਣ ਕੇ ਦਿਖਾ ਦਿੱਤਾ ਅਤੇ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਓਧਰ ਪ੍ਰਿਅੰਕਾ ਨੇ ਦੱਸਿਆ ਕਿ ਸਾਡੇ ਜ਼ਿੰਦਗੀ 'ਚ ਸਭ ਕੁਝ ਠੀਕ ਚੱਲ ਰਿਹਾ ਸੀ। ਪ੍ਰੀ-ਮੈਚਿਓਰ ਬੱਚੇ ਦੇ ਜਨਮ ਤੋਂ ਬਾਅਦ ਮੁਸ਼ਕਲਾਂ ਵਧ ਗਈਆਂ, ਜਿਸ ਨਾਲ ਕਿਡਨੀ ਖਰਾਬ ਹੋ ਗਈ। ਪ੍ਰਿਅੰਕਾ ਨੇ ਇਹ ਵੀ ਕਿਹਾ ਕਿ ਮੈਨੂੰ ਮੇਰੇ ਸਹੁਰੇ ਕਾਰਨ ਦੂਜਾ ਜਨਮ ਮਿਲਿਆ ਹੈ। ਉਹ ਖੁਦ ਨੂੰ ਖੁਸ਼ਨਸੀਬ ਮੰਨਦੀ ਹੈ ਕਿ ਉਸ ਨੂੰ ਇੰਨਾ ਦਿਆਲੂ ਸਹੁਰਾ ਪਰਿਵਾਰ ਮਿਲਿਆ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦੀ ਜਾਨ ਬਚਾਈ। ਪ੍ਰਿਅੰਕਾ ਦਾ ਪਤੀ ਵੀ ਉਸ ਨੂੰ ਆਪਣੀ ਕਿਡਨੀ ਦੇਣਾ ਚਾਹੁੰਦਾ ਸੀ ਪਰ ਉਸ ਦੇ ਮਾਪਿਆਂ ਨੇ ਕਿਹਾ ਕਿ ਉਸ ਦੀ ਉਮਰ ਅਜੇ ਛੋਟੀ ਹੈ। ਜਿਸ ਕਾਰਨ ਪ੍ਰਿਅੰਕਾ ਦੇ ਸਹੁਰੇ ਨੇ ਉਸ ਦੀ ਕਿਡਨੀ ਦਾਨ ਕੀਤੀ।


Tanu

Content Editor

Related News