ਇਨਸਾਨੀਅਤ ਸ਼ਰਮਸਾਰ ! ਹਸਪਤਾਲ ਤੋਂ ਪੁੱਤ ਲਾਸ਼ ਲੈਣ ਲਈ ਪਿਓ ਨੂੰ ਸੜਕ 'ਤੇ ਮੰਗਣੀ ਪਈ ਭੀਖ
Sunday, Dec 21, 2025 - 02:37 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਤੋਂ ਇਨਸਾਨੀਅਤ ਨੂੰ ਝੰਜੋੜ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲਾਚਾਰ ਪਿਤਾ ਨੂੰ ਆਪਣੇ ਜਵਾਨ ਪੁੱਤ ਦੀ ਲਾਸ਼ ਹਸਪਤਾਲ ਤੋਂ ਛੁਡਵਾਉਣ ਲਈ ਸੜਕ 'ਤੇ ਲੋਕਾਂ ਕੋਲੋਂ ਭੀਖ ਮੰਗਣੀ ਪਈ। ਪੀੜਤ ਪਿਤਾ ਦਾ ਦੋਸ਼ ਹੈ ਕਿ ਨਿੱਜੀ ਹਸਪਤਾਲ ਨੇ ਬਿੱਲ ਦਾ ਭੁਗਤਾਨ ਨਾ ਹੋਣ ਕਾਰਨ ਉਸ ਦੇ ਪੁੱਤ ਦੀ ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਕੀ ਹੈ ਪੂਰਾ ਮਾਮਲਾ?
ਸਰੋਤਾਂ ਅਨੁਸਾਰ ਬਦਾਯੂੰ ਦੇ ਨਗਰੀਆ ਪਿੰਡ ਦਾ ਰਹਿਣ ਵਾਲਾ 24 ਸਾਲਾ ਧਰਮਵੀਰ 1 ਦਸੰਬਰ ਨੂੰ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਬਰੇਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕਰੀਬ 13-14 ਦਿਨ ਇਲਾਜ ਚੱਲਿਆ। ਸਿਰ ਵਿੱਚ ਗੰਭੀਰ ਸੱਟ ਹੋਣ ਕਾਰਨ ਉਸ ਦਾ ਆਪ੍ਰੇਸ਼ਨ ਵੀ ਹੋਇਆ ਪਰ ਅੰਤ ਵਿੱਚ ਉਸ ਦੀ ਮੌਤ ਹੋ ਗਈ।
ਪਿਤਾ ਦੀ ਦਰਦਨਾਕ ਦਾਸਤਾਨ
ਪੀੜਤ ਪਿਤਾ ਰਾਮ ਲਾਲ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਆਪਣਾ ਮਕਾਨ ਗਿਰਵੀ ਰੱਖ ਦਿੱਤਾ, ਗਹਿਣੇ ਵੇਚ ਦਿੱਤੇ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ। ਰਾਮ ਲਾਲ ਅਨੁਸਾਰ ਉਹ ਇਲਾਜ ਦੌਰਾਨ ਪਹਿਲਾਂ ਹੀ 3 ਲੱਖ ਰੁਪਏ ਕਿਸ਼ਤਾਂ ਵਿੱਚ ਜਮ੍ਹਾ ਕਰਵਾ ਚੁੱਕਾ ਸੀ ਪਰ ਪੁੱਤ ਦੀ ਮੌਤ ਤੋਂ ਬਾਅਦ ਹਸਪਤਾਲ ਪ੍ਰਬੰਧਨ ਨੇ 3 ਲੱਖ 10 ਹਜ਼ਾਰ ਰੁਪਏ ਦੇ ਵਾਧੂ ਬਿੱਲ ਦੀ ਮੰਗ ਕੀਤੀ। ਜਦੋਂ ਉਹ ਪੈਸੇ ਨਾ ਜੁਟਾ ਸਕਿਆ, ਤਾਂ ਕਥਿਤ ਤੌਰ 'ਤੇ ਹਸਪਤਾਲ ਨੇ ਲਾਸ਼ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਮਜਬੂਰਨ ਸੜਕ 'ਤੇ ਭੀਖ ਮੰਗਣੀ ਪਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ।

ਹਸਪਤਾਲ ਪ੍ਰਬੰਧਨ ਦੀ ਸਫਾਈ
ਦੂਜੇ ਪਾਸੇ, ਹਸਪਤਾਲ ਪ੍ਰਬੰਧਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਹਸਪਤਾਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦਾ ਪੂਰਾ ਬਿੱਲ ਮਾਫ਼ ਕਰ ਦਿੱਤਾ ਸੀ ਤੇ ਇਲਾਜ ਦੌਰਾਨ ਕਈ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਸਨ। ਸਟਾਫ ਅਨੁਸਾਰ ਹਸਪਤਾਲ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਰਚੀ ਗਈ ਹੈ।
ਪਿੰਡ ਵਾਸੀਆਂ ਨੇ ਕੀਤੀ ਪੁਸ਼ਟੀ
ਪਿੰਡ ਦੇ ਲੋਕਾਂ ਅਨੁਸਾਰ ਰਾਮ ਲਾਲ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਪੂਰੇ ਪਿੰਡ ਨੇ ਆਪਣੀ ਹੈਸੀਅਤ ਮੁਤਾਬਕ ਇਲਾਜ ਲਈ ਮਦਦ ਕੀਤੀ ਸੀ। ਗ੍ਰਾਮੀਣਾਂ ਦਾ ਦੋਸ਼ ਹੈ ਕਿ ਹਸਪਤਾਲ ਵੱਲੋਂ ਮੌਤ ਤੋਂ ਬਾਅਦ ਵੀ ਪਰਿਵਾਰ 'ਤੇ ਪੈਸਿਆਂ ਲਈ ਮਾਨਸਿਕ ਦਬਾਅ ਬਣਾਇਆ ਗਿਆ। ਫਿਲਹਾਲ, ਇਸ ਮਾਮਲੇ ਵਿੱਚ ਸੱਚਾਈ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ।
