ਸਿਡਨੀ ''ਚ ਕਹਿਰ ਵਰ੍ਹਾਉਣ ਵਾਲੇ ਪਿਓ-ਪੁੱਤ ਨੇ ਹਮਲੇ ਤੋਂ ਪਹਿਲਾਂ ਫਿਲੀਪੀਨਜ਼ ''ਚ ਬਿਤਾਇਆ ਨਵੰਬਰ ਮਹੀਨਾ

Wednesday, Dec 17, 2025 - 01:03 PM (IST)

ਸਿਡਨੀ ''ਚ ਕਹਿਰ ਵਰ੍ਹਾਉਣ ਵਾਲੇ ਪਿਓ-ਪੁੱਤ ਨੇ ਹਮਲੇ ਤੋਂ ਪਹਿਲਾਂ ਫਿਲੀਪੀਨਜ਼ ''ਚ ਬਿਤਾਇਆ ਨਵੰਬਰ ਮਹੀਨਾ

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੇ ਸਿਡਨੀ ਵਿੱਚ ਬੌਂਡੀ ਬੀਚ 'ਤੇ ਹੋਈ ਗੋਲੀਬਾਰੀ 'ਚ ਘੱਟੋ-ਘੱਟ 15 ਲੋਕ ਮਾਰੇ ਗਏ ਸਨ ਤੇ ਦਰਜਨਾਂ ਹੋਰ ਜ਼ਖਮੀ ਹੋਏ ਸਨ। ਇਸ ਹਮਲੇ ਦੇ ਮੁਲਜ਼ਮ ਪਿਓ-ਪੁੱਤਰ, ਸਾਜਿਦ ਅਕਰਮ (50) ਅਤੇ ਨਵੀਦ ਅਕਰਮ (24) ਦੇ ਪਿਛੋਕੜ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ।

ਪਿਤਾ ਸਾਜਿਦ ਅਕਰਮ, ਮੂਲ ਰੂਪ ਵਿੱਚ ਹੈਦਰਾਬਾਦ (ਤੇਲੰਗਾਨਾ) ਦਾ ਰਹਿਣ ਵਾਲਾ ਸੀ, ਜਿੱਥੋਂ ਉਸ ਨੇ ਬੈਚਲਰ ਆਫ਼ ਕਾਮਰਸ ਦੀ ਡਿਗਰੀ ਪੂਰੀ ਕੀਤੀ ਅਤੇ 1998 ਵਿੱਚ ਰੁਜ਼ਗਾਰ ਦੀ ਭਾਲ ਵਿੱਚ ਆਸਟ੍ਰੇਲੀਆ ਚਲਾ ਗਿਆ। ਸਾਜਿਦ ਅਕਰਮ ਕੋਲ ਭਾਰਤੀ ਪਾਸਪੋਰਟ ਹੈ ਅਤੇ ਉਸ ਨੇ ਆਸਟ੍ਰੇਲੀਆ ਵਿੱਚ ਇੱਕ ਯੂਰਪੀ ਮੂਲ ਦੀ ਔਰਤ ਨਾਲ ਵਿਆਹ ਕਰਵਾਇਆ ਸੀ। ਉਸ ਦਾ ਪੁੱਤਰ, ਨਵੀਦ ਅਕਰਮ, ਆਸਟ੍ਰੇਲੀਆ ਵਿੱਚ ਪੈਦਾ ਹੋਇਆ ਸੀ ਅਤੇ ਭਾਰਤੀ-ਆਸਟ੍ਰੇਲੀਆਈ ਨਾਗਰਿਕ ਹੈ।

ਇਸ ਦੌਰਾਨ ਮਨੀਲਾ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਹਮਲਾਵਰ ਪਿਓ-ਪੁੱਤਰ ਨੇ ਨਵੰਬਰ ਦਾ ਲਗਭਗ ਸਾਰਾ ਮਹੀਨਾ ਫਿਲੀਪੀਨਜ਼ ਵਿੱਚ ਬਿਤਾਇਆ। ਉਹ 1 ਨਵੰਬਰ ਨੂੰ ਸਿਡਨੀ ਤੋਂ ਫਿਲੀਪੀਨਜ਼ ਲਈ ਰਵਾਨਾ ਹੋਏ ਅਤੇ 28 ਨਵੰਬਰ, 2025 ਨੂੰ ਸਿਡਨੀ ਲਈ ਵਾਪਸ ਪਰਤੇ।

ਤੇਲੰਗਾਨਾ ਪੁਲਸ ਨੇ ਦੱਸਿਆ ਕਿ ਸਾਜਿਦ ਅਕਰਮ ਦਾ 1998 ਵਿੱਚ ਭਾਰਤ ਛੱਡਣ ਤੋਂ ਪਹਿਲਾਂ ਕੋਈ ਅਪਰਾਧਿਕ ਜਾਂ ਮਾੜਾ ਰਿਕਾਰਡ ਨਹੀਂ ਸੀ। ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਕੱਟੜਪੰਥੀ ਵਿਚਾਰਾਂ ਜਾਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਿਓ-ਪੁੱਤਰ ਦੇ ਕੱਟੜਪੰਥੀ ਹੋਣ ਦੇ ਕਾਰਕਾਂ ਦਾ ਭਾਰਤ ਜਾਂ ਤੇਲੰਗਾਨਾ ਦੇ ਕਿਸੇ ਸਥਾਨਕ ਪ੍ਰਭਾਵ ਨਾਲ ਕੋਈ ਸਬੰਧ ਨਹੀਂ ਜਾਪਦਾ।

ਜ਼ਿਕਰਯੋਗ ਹੈ ਕਿ ਯਹੂਦੀ ਸਮਾਗਮ ਹਨੁਕਾ ਦੌਰਾਨ ਹੋਈ ਇਸ ਗੋਲੀਬਾਰੀ ਦੌਰਾਨ ਜਿੱਥੇ 15 ਲੋਕ ਮਾਰੇ ਗਏ ਸਨ, ਉੱਥੇ ਹੀ 23 ਹੋਰ ਲੋਕ ਜ਼ਖ਼ਮੀ ਹੋਏ ਸਨ। ਇਸ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਦੌਰਾਨ ਸਾਜਿਦ ਅਕਰਮ ਨੂੰ ਢੇਰ ਕਰ ਦਿੱਤਾ ਗਿਆ ਸੀ, ਜਦਕਿ ਨਵੀਦ ਅਕਰਮ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

ਨਿਊ ਸਾਊਥ ਵੇਲਜ਼ (NSW) ਪੁਲਸ ਕਮਿਸ਼ਨਰ ਨੇ ਦੱਸਿਆ ਕਿ ਅਕਰਮ 'ਤੇ ਜਲਦੀ ਹੀ ਦੋਸ਼ ਲੱਗਣ ਦੀ ਉਮੀਦ ਹੈ। NSW ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਸ਼ਟੀ ਕੀਤੀ ਹੈ ਕਿ ਜ਼ਖਮੀ ਹੋਏ 23 ਲੋਕ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਹਨ, ਅਤੇ ਰਾਜ ਅਸੈਂਬਲੀ ਵਿੱਚ ਹਥਿਆਰਾਂ ਬਾਰੇ ਜ਼ਰੂਰੀ ਕਾਨੂੰਨ 'ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਮੁੜ ਬੈਠਕ ਸੱਦੀ ਜਾਵੇਗੀ।


author

Harpreet SIngh

Content Editor

Related News