ਅੰਦੋਲਨ ਦੇ ਇਕ ਸਾਲ ਬਾਅਦ ਮੁੜ ਸਿੰਘੂ ਬਾਰਡਰ 'ਤੇ ਇਕੱਠੇ ਹੋਣਗੇ ਕਿਸਾਨ
Sunday, Nov 20, 2022 - 10:08 AM (IST)
ਸੋਨੀਪਤ (ਭਾਸ਼ਾ)- ਕੇਂਦਰ ਸਰਕਾਰ ਦੇ ਵਿਵਾਦਿਤ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਸਫ਼ਲ ਹੋਣ ਤੋਂ ਬਾਅਦ ਦਸੰਬਰ 2021 'ਚ ਆਪਣੇ ਘਰਾਂ ਨੂੰ ਪਰਤੇ ਕਿਸਾਨ ਮੁੜ ਸਿੰਘੂ ਬਾਰਡਰ 'ਤੇ ਜੁਟਣ ਦੀ ਯੋਜਨਾ ਬਣਾ ਰਹੇ ਹਨ। ਕਿਸਾਨ ਆਗੂਆਂ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਦੀ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਅੰਦੋਲਨ ਮੁਲਤਵੀ ਜ਼ਰੂਰ ਕਰਵਾ ਦਿੱਤਾ ਪਰ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਤੇ ਹਰਿਆਣਾ ਦੇ ਕਿਸਾਨ ਆਗੂ ਅਭਿਮਨਿਊ ਕੋਹਾਡ ਨੇ ਦੱਸਿਆ,''11 ਦਸੰਬਰ 2022 ਨੂੰ ਮੁੜ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਕਿਸਾਨ ਸਿੰਘੂ ਬਾਰਡਰ ਪਹੁੰਚ ਰਹੇ ਹਨ।'' ਉਨ੍ਹਾਂ ਕਿਹਾ ਕਿ ਉਸ ਦਿਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰਨਾਮ ਚਢੂਨੀ ਨੇ ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ CM ਮਨੋਹਰ ਲਾਲ ਨੂੰ ਲਿਖੀ ਚਿੱਠੀ
ਅਭਿਮਨਿਊ ਨੇ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਸਾਡੀਆਂ ਕਈ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ, ਜਿਨ੍ਹਾਂ 'ਚ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਮਹੱਤਵਪੂਰਨ ਹੈ।'' ਉਨ੍ਹਾਂ ਕਿਹਾ ਕਿ ਪਰਾਲੀ ਸਾੜਨ 'ਤੇ ਕਿਸਾਨਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ, ਉੱਥੇ ਹੀ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਮੁਕੱਦਮਿਆਂ ਨੂੰ ਸਾਲ ਭਰ ਬਾਅਦ ਵੀ ਵਾਪਸ ਨਹੀਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੋਨੀਪਤ 'ਚ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਸਿੰਘੂ ਬਾਰਡਰ 'ਤੇ ਇਕ ਵਾਰ ਮੁੜ ਕਿਸਾਨਾਂ ਦੀ ਵਾਪਸੀ ਦੇ ਸਵਾਲ 'ਤੇ ਕਿਹਾ ਸੀ ਕਿ 2 ਮਹੀਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਮ.ਐੱਸ.ਪੀ. ਅਤੇ ਹੋਰ ਮਸਲਿਆਂ 'ਤੇ ਕਮੇਟੀ ਦਾ ਗਠਨ ਕੀਤਾ ਹੈ ਅਤੇ ਉਹ ਆਪਣਾ ਕੰਮ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ