ਕਿਸਾਨ ਹੁਣ ਘਰ ਬੈਠੇ ਮੋਬਾਇਲ ਐਪ ’ਤੇ ਲੈ ਸਕਣਗੇ ‘ਖੇਤੀ ਯੰਤਰ’
Saturday, Jul 03, 2021 - 04:53 PM (IST)
ਹਰਿਆਣਾ– ਸੂਚਨਾ ਕ੍ਰਾਂਤੀ ਦੀ ਸਭ ਤੋਂ ਵੱਡੀ ਦੇਣ ਮੋਬਾਇਲ ਫੋਨ ’ਤੇ ਜਿੱਥੇ ਕਈ ਸੇਵਾਵਾਂ ਇਕ ਕਲਿੱਕ ’ਤੇ ਉਪਲੱਬਧ ਹਨ, ਉੱਥੇ ਹੀ ਕਿਸਾਨ ਵੀ ਹੁਣ ਐਪ ਦੇ ਜ਼ਰੀਏ ਆਪਣੀ ਲੋੜ ਅਨੁਸਾਰ ਖੇਤੀ ਯੰਤਰ ਕਿਰਾਏ ’ਤੇ ਲੈ ਸਕਣਗੇ। ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲਾ ਨੇ ਕਿਸਾਨਾਂ ਦੀ ਸਹੂਲਤ ਲਈ ‘ਫਾਰਮਸ’ ਨਾਮ ਤੋਂ ਇਕ ਮੋਬਾਇਲ ਐਪ ਵਿਕਸਿਤ ਕੀਤੀ ਹੈ ਤਾਂ ਜੋ ਲੋੜਵੰਦ ਕਿਸਾਨਾਂ ਨੂੰ ਖੇਤੀ ਸਬੰਧੀ ਕੰਮਾਂ ਲਈ ਖੇਤਰੀ ਯੰਤਰ ਅਤੇ ਮਸ਼ੀਨਾਂ ਕਿਰਾਏ ’ਤੇ ਲੈਣ ’ਚ ਮਦਦ ਮਿਲ ਸਕੇ।
ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਕੇ ਕਿਸਾਨ ਆਪਣੇ ਖੇਤਰੀ ਯੰਤਰਾਂ ਲਈ ਰਜਿਸਟ੍ਰੇਸ਼ਨ ਕਰ ਸਕਣਗੇ। ਇਸ ਐਪ ਦੀ ਮਦਦ ਨਾਲ ਕਿਸਾਨ ਘਰ ਬੈਠੇ ਆਪਣੇ ਜ਼ਿਲ੍ਹੇ ਅਤੇ 150 ਕਿਲੋਮੀਟਰ ਤੱਕ ਦੇ ਕਸਟਮ ਹਾਈਰਿੰਗ ਸੈਂਟਰਾਂ ਦਾ ਪਤਾ, ਉਨ੍ਹਾਂ ਕੋਲ ਉਪਲੱਬਧ ਖੇਤੀ ਯੰਤਰਾਂ ਦੀ ਸੂਚੀ, ਕਿਰਾਇਆ ਸੂਚੀ ਆਦਿ ਦੀ ਜਾਣਕਾਰੀ ਲੈਣ ਅਤੇ ਬੁਕਿੰਗ ਕਰਵਾ ਸਕਣਗੇ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਆਪਣਾ ਖੇਤੀ ਯੰਤਰ ਜਾਂ ਮਸ਼ੀਨ ਕਿਰਾਏ ’ਤੇ ਦੇਣਾ ਚਾਹੁੰਦਾ ਹੈ ਤਾਂ ਉਹ ਇਸ ਮੋਬਾਇਲ ਐਪ ’ਤੇ ਰਜਿਸਟ੍ਰੇਸ਼ਨ ਕਰ ਕੇ ਆਪਣਾ ਪੂਰਾ ਵੇਰਵਾ ਦਰਜ ਕਰਵਾ ਸਕੇਗਾ, ਜਿਸ ਨਾਲ ਦੂਜੇ ਕਿਸਾਨ ਉਨ੍ਹਾਂ ਤੋਂ ਵੀ ਯੰਤਰਾਂ ਨੂੰ ਕਿਰਾਏ ’ਤੇ ਲੈ ਸਕਣਗੇ।