ਭਲਕੇ 12 ਤੋਂ 4 ਵਜੇ ਤੱਕ ਦੇਸ਼ ਭਰ ’ਚ ਰੇਲਾਂ ਰੋਕਣਗੇ ਕਿਸਾਨ, ਜਾਣੋ ਕੀ ਬੋਲੇ ਰਾਕੇਸ਼ ਟਿਕੈਤ

Wednesday, Feb 17, 2021 - 04:45 PM (IST)

ਨਵੀਂ ਦਿੱਲੀ— ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਲਗਾਤਾਰ 84 ਦਿਨਾਂ ਤੋਂ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। 18 ਫਰਵਰੀ ਯਾਨੀ ਕਿ ਭਲਕੇ ਕਿਸਾਨ ਦੁਪਹਿਰ 12 ਤੋਂ 4 ਵਜੇ ਤੱਕ ਰੇਲਾਂ ਰੋਕਣਗੇ। ਦੇਸ਼ ਦੇ ਕਿਸਾਨ ਰੇਲਾਂ ਨੂੰ ਰੋਕ ਕੇ ਸਰਕਾਰ ਨੂੰ ਸਖ਼ਤ ਸੰਦੇਸ਼ ਦੇਣਗੇ। ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਵਿਆਪੀ ‘ਰੇਲ ਰੋਕੋ’ ਮੁਹਿੰਮ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਮੁਤਾਬਕ ਵੀਰਵਾਰ ਨੂੰ ਦੇਸ਼ ਭਰ ਵਿਚ ਹਜ਼ਾਰਾਂ ਕਿਸਾਨ ਰੇਲ ਦੀਆਂ ਪਟੜੀਆਂ ’ਤੇ ਬੈਠਣਗੇ। ਕਿਸਾਨਾਂ ਦੀ ਯੋਜਨਾ ਪੂਰੇ ਦੇਸ਼ ਦੇ ਰੇਲ ਨੈੱਟਵਰਕ ਨੂੰ 4 ਘੰਟਿਆਂ ਲਈ ਠੱਪ ਕਰਨ ਦੀ ਹੈ। 

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਯਕੀਨੀ ਕੀਤਾ ਜਾਵੇਗਾ ਕਿ ਪੂਰੀ ਰੇਲ ਰੋਕੋ ਮੁਹਿੰਮ ਯੋਜਨਾ ਮੁਤਾਬਕ ਹੋਵੇ। ਰੇਲ ਰੋਕੋ ਮੁਹਿੰਮ ਦਾ ਮਕਸਦ ਸਰਕਾਰ ’ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਬਾਅ ਬਣਾਉਣਾ ਹੈ। ਪਿਛਲੀ ਵਾਰ ‘ਚੱਕਾ ਜਾਮ ਵਿਚ ਜਿੱਥੇ ਕਿਸਾਨਾਂ ਨੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਛੋਟ ਦਿੱਤੀ ਸੀ, ਇਸ ਵਾਰ ਕਿਸਾਨ ਅਜਿਹੀ ਕੋਈ ਰਿਆਇਤ ਨਹੀਂ ਦੇਣਗੇ। ਉੱਥੇ ਹੀ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਅਲਰਟ ’ਤੇ ਹੈ, ਉਨ੍ਹਾਂ ਦੀਆਂ ਛੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਜਿੱਥੇ-ਜਿੱਥੇ ਰੇਲ ਰੋਕੋ ਮੁਹਿੰਮ ਦਾ ਵਧੇਰੇ ਅਸਰ ਪੈਣ ਦੀ ਸੰਭਾਵਨਾ ਹੈ, ਉੱਥੇ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ।

ਰਾਕੇਸ਼ ਟਿਕੈਤ ਕੀ ਬੋਲੇ—
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਤਾਂ ਰੇਲਾਂ ਚਲਾਉਣ ਦੀ ਗੱਲ ਕਰ ਰਹੇ ਹਾਂ। ਜੇਕਰ ਰੇਲਾਂ ਰੋਕਾਂਗੇ ਤਾਂ ਸੰਦੇਸ਼ ਦੇਵਾਂਗੇ ਕਿ ਰੇਲਾਂ ਚੱਲਣ। ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਵਿਚ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਆਪਣੇ ਹਿਸਾਬ ਨਾਲ ਰੇਲ ਰੋਕੋ ਮੁਹਿੰਮ ਦਾ ਸੰਚਾਲਨ ਕਰ ਲੈਣਗੇ। ਰਾਕੇਸ਼ ਨੇ ਕਿਹਾ ਕਿ ਰੇਲ ਰੋਕੋ ਮੁਹਿੰਮ ਦਰਮਿਆਨ ਰਸਤੇ ਵਿਚ ਰੇਲਾਂ ਨਹੀਂ ਰੋਕੀਆਂ ਜਾਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਟਿਕੈਤ ਨੇ ਕਿਹਾ ਕਿ ਕਿਸਾਨ ਇੰਜਣ ’ਤੇ ਫੁੱਲ ਚੜ੍ਹਾ ਕੇ ਰੇਲ ਰੋਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਨੂੰ ਰਸਤੇ ਵਿਚ ਚਾਹ-ਨਾਸ਼ਤਾ ਵੀ ਕਰਵਾਇਆ ਜਾਵੇਗਾ।

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਤੋਂ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕਿਸਾਨ ਕਰ ਰਹੇ ਹਨ। ਹੁਣ ਤੱਕ ਕਿਸਾਨਾਂ ਅਤੇ ਸਰਕਾਰ ਵਿਚਾਲੇ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਸਿੱਟਾ ਨਹੀਂ ਨਿਕਲਿਆ। ਸਰਕਾਰ ਕਾਨੂੰਨਾਂ ਵਿਚ ਸੋਧ ਦੀ ਗੱਲ ਕਰ ਰਹੀ ਹੈ, ਉੱਥੇ ਹੀ ਕਿਸਾਨ ਕਾਨੂੰਨਾਂ ਦੀ ਵਾਪਸੀ ਦੀ ਮੰਗ ’ਤੇ ਅੜੇ ਹੋਏ ਹਨ। ਸਰਕਾਰ ’ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ ਪਹਿਲਾਂ ਚੱਕਾ ਜਾਮ ਕੀਤਾ ਸੀ, ਤਾਂ ਹੁਣ ਰੇਲ ਰੋਕੋ ਮੁਹਿੰਮ ਦਾ ਐਲਾਨ ਕੀਤਾ ਹੈ।
 


Tanu

Content Editor

Related News