ਸਿੰਘੂ ਤੇ ਟਿਕਰੀ ਸਰਹੱਦ 'ਤੇ ਲੋਕ ਘੜ੍ਹ ਰਹੇ ਹਨ ਰਾਸ਼ਟਰਵਾਦ ਦੀ ਅਸਲ ਪਰਿਭਾਸ਼ਾ

Monday, Dec 21, 2020 - 12:26 PM (IST)

ਸਿੰਘੂ ਤੇ ਟਿਕਰੀ ਸਰਹੱਦ 'ਤੇ ਲੋਕ ਘੜ੍ਹ ਰਹੇ ਹਨ ਰਾਸ਼ਟਰਵਾਦ ਦੀ ਅਸਲ ਪਰਿਭਾਸ਼ਾ

ਅੱਜ ਕੱਲ੍ਹ ਸਿੰਘੂ ਸਰਹੱਦ ਅਤੇ ਟਿਕਰੀ ਸਰਹੱਦ ਦਿੱਲੀ ਕਿਸਾਨੀ ਸੰਘਰਸ਼ ਦੀ ਲਾ-ਮਿਸਾਲ ਇਤਿਹਾਸਕ  ਤਸਵੀਰਕਸ਼ੀ ਕਰ ਰਹੇ ਹਨ।ਇਹ ਅਜੋਕੀ ਮੋਦੀ ਸਰਕਾਰ ਦੀ ਦਮਨਕਾਰੀ ਰਾਜਨੀਤੀ ਵਿਰੁੱਧ ਮਨੁੱਖੀ ਹੱਕ - ਹਕੂਕ ਦੀ ਰਾਖੀ ਲਈ ਲੜੀ ਜਾਣ ਵਾਲੀ ਬੇਮਿਸਾਲ ਇਤਿਹਾਸਕ ਐਜੀਟੇਸ਼ਨ  ਬਣਨ ਜਾ ਰਹੀ ਹੈ। ਅੱਜ ਦਸੰਬਰ ਮਹੀਨੇ ਦੀ 15 ਤਾਰੀਖ਼ ਦੀ ਹੱਡ ਚੀਰਵੀਂ ਠੰਡ ਵਿਚ ਮੈਨੂੰ ਆਪਣੇ ਸਾਥੀਆਂ ਸਰਵਸ੍ਰੀ ਸੀਤਲ ਸਿੰਘ ਸੰਘਾ, ਸਵੈਮਾਨ ਸਿੰਘ ਸੰਘਾ ਅਤੇ ਜੀਵਨ ਕੁਮਾਰ ਨਾਲ ਇਨ੍ਹਾਂ ਦੋ ਥਾਵਾਂ 'ਤੇ ਚਲ ਰਹੇ ਕਿਸਾਨੀ ਸੰਘਰਸ਼ ਦੀ ਜ਼ਿਆਰਤ ਕਰਨ ਦਾ ਮੌਕਾ ਮਿਲਿਆ। ਪਹਿਲਾਂ ਅਸੀਂ ਸਿੰਘੂ ਸਰਹੱਦ ਦੇ ਨਜ਼ਾਰੇ ਵੇਖੇ। ਮੀਲਾਂ ਲੰਮਾ ਟਰੈਕਟਰਾਂ, ਟਰਾਲੀਆਂ, ਟਰੱਕਾਂ,ਕਾਰਾਂ ਤੇ ਜੀਪਾਂ ਦਾ ਕਾਫ਼ਲਾ। ਬਹੁਤ ਹੀ ਵਿਵਸਥਿਤ ਤਰੀਕੇ ਨਾਲ ਇਸ ਸ਼ਾਂਤਮਈ ਰੋਸ-ਪ੍ਰਦਰਸ਼ਨ ਦਾ ਹਿੱਸਾ ਬਣਦਿਆਂ ਸੜਕ ਦੇ ਇਕ ਪਾਸੇ ਖਲੋਤਾ ਸੀ। ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੀ ਸੰਘਰਸ਼ੀ ਲੋਕ ਵੱਡੀ ਗਿਣਤੀ ਵਿਚ ਪੁੱਜ ਰਹੇ ਸਨ। ਆਉਣ ਜਾਣ ਵਾਲਿਆਂ ਲਈ ਸਾਂਝੇ ਲੰਗਰਾਂ ਦੀ ਵਿਵਸਥਾ ਧਾਰਮਿਕ ਤੇ ਹੋਰ ਸਮਾਜਿਕ ਜਥੇਬੰਦੀਆਂ ਵਲੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਜਲੇਬੀਆਂ, ਬਦਾਮਾਂ, ਪਿੰਨੀਆਂ ਅਤੇ ਚਾਹ ਦੇ ਲੰਗਰ ਪਹੁੰਚੇ ਹੋਏ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਲੋਕਾਂ ਆਪੇ ਲਗਾਏ ਹੋਏ ਹਨ। ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਦਰਮਿਆਨ ਕੋਈ ਧੱਕਾ ਮੁੱਕੀ, ਖੋਹ ਖਿੱਚ ਦੇਖਣ ਨੂੰ ਵੀ ਨਹੀਂ ਮਿਲਦੀ। ਮੈਨੂੰ ਲੱਗਾ ਜਿਵੇਂ ਮੈਂ ਮਨੁੱਖੀ ਭ੍ਰਾਤਰੀਭਾਵ ਅਤੇ ਪ੍ਰੇਮ ਦੀ ਵਗ ਰਹੀ ਗੰਗਾ ਵਿਚ ਇਸ਼ਨਾਨ ਕਰ ਰਿਹਾ ਹੋਵਾਂ। ਦਰਅਸਲ ਰਾਸ਼ਟਰਵਾਦ ਦੀ ਇਹੋ ਅਸਲ ਪਰਿਭਾਸ਼ਾ ਹੈ ਜੋ ਇਨ੍ਹਾਂ ਸਰਹੱਦਾਂ 'ਤੇ ਬੈਠ ਕੇ ਭਾਰਤੀ ਲੋਕ ਧਰਮਾਂ -ਮਜ਼ਹਬਾਂ ਦੇ ਬਖੇੜਿਆਂ ਤੋਂ ਉੱਪਰ ਉਠ ਕੇ ਸਾਂਝੇ ਹਿੱਤਾਂ ਲਈ ਬੜੀ ਖ਼ੂਬਸੂਰਤੀ ਨਾਲ ਘੜ੍ਹ ਰਹੇ ਹਨ।

ਇਹ ਵੀ ਪੜ੍ਹੋ:ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

 ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਇਸ ਸ਼ਾਂਤਮਈ ਰੋਸ -ਪ੍ਰਦਰਸ਼ਨ ਉੱਤੇ ਅਕਾਲਪੁਰਖ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਬਰਸਦੀ ਸਪੱਸ਼ਟ ਭਾਂਤ ਦੇਖੀ ਜਾ ਸਕਦੀ ਹੈ। ਮੁੱਖ ਸਟੇਜ ਤੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਬੁਲਾਰੇ ਬੜੇ ਜ਼ਾਬਤੇ ਵਿਚ ਰਹਿ ਕੇ ਆਪਣੀ ਗੱਲ ਰੱਖ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਅਤੇ ਹਰਿਆਣਵੀ ਬੀਬੀਆਂ ਅਤੇ ਬੱਚੇ ਵੀ ਭਾਰਤੀ ਇਤਿਹਾਸ ਦੇ ਇਸ ਲਾ ਮਿਸਾਲੀ ਤੇ ਹੁਣ ਤੱਕ ਦੇ ਸਭ ਤੋਂ ਵੱਡੇ ਤੇ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਹਿੱਸਾ ਬਣ ਕੇ ਆਪਣਾ ਜੀਵਨ ਸਫ਼ਲਾ ਕਰ ਰਹੇ ਹਨ।ਇਸੇ ਕਰਕੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਉੱਪਰ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਅਡਾਨੀ ਅਤੇ ਅੰਬਾਨੀ ਦਾ ਏਕਾਧਿਕਾਰ ਸਰਮਾਏਦਾਰੀ ਬਣਿਆ ਕਿਸਾਨੀ ਘੋਲ ਦਾ ਮੁੱਖ ਮੁੱਦਾ

 ਟਿਕਰੀ ਸਰਹੱਦ ਦਾ ਆਪਣਾ ਹੀ ਇੱਕ ਵਿਸ਼ੇਸ਼ ਨਜ਼ਾਰਾ ਹੈ। ਇੱਥੇ ਹਰਿਆਣਵੀ ਬਜ਼ੁਰਗ ਆਪੋ ਆਪਣੇ ਹੁੱਕਿਆਂ ਸਮੇਤ ਪਹੁੰਚੇ ਹੋਏ ਹਨ। ਆਗੂਆਂ ਦੇ ਲੈਕਚਰ ਸੁਣਨ ਤੋਂ ਬਾਅਦ ਉਹ  ਛੋਟੀਆਂ ਛੋਟੀਆਂ ਢਾਣੀਆਂ ਵਿੱਚ ਬੈਠ ਕੇ ਇੱਕ ਹੁੱਕਾ ਵਿਚਾਲੇ ਰੱਖ ਕੇ ਵਾਰੀ ਵਾਰੀ ਕਸ਼ ਲਗਾਈ ਜਾਂਦੇ ਹਨ।ਇਥੇ ਲੰਗਰਾਂ ਦੀ ਵਿਵਸਥਾ ਸਿੰਘੂ ਸਰਹੱਦ ਨਾਲੋਂ ਬਹੁਤ ਘੱਟ ਹੈ।ਲੋਕ ਆਪੋ ਆਪਣੇ ਕਾਫ਼ਲੇ ਲਈ ਲੰਗਰ ਬਣਾ ਵਰਤਾ ਰਹੇ ਅਸੀਂ ਦੇਖੇ।ਇਥੇ ਵਧੇਰੇ ਸਹਿਜ ਅਤੇ ਸਿਆਣਪ ਵਰਤਦੀ ਦੇਖੀ ਕਿਉਂਕਿ ਇਸ ਸਰਹੱਦ 'ਤੇ ਬਜ਼ੁਰਗਾਂ ਅਤੇ ਬੀਬੀਆਂ ਦੀ ਗਿਣਤੀ ਸਿੰਘੂ ਸਰਹੱਦ ਨਾਲੋਂ ਵਧੇਰੇ ਦੇਖਣ ਨੂੰ ਮਿਲੀ।ਲੰਗਰਾਂ ਨੂੰ ਵੇਖ ਕੇ ਸਿੰਘੂ ਸਰਹੱਦ ਦਾ ਪ੍ਰਭਾਵ ਤਾਂ ਪਹਿਲੀ ਨਜ਼ਰੇ ਇਕ ਮੇਲੇ ਵਾਲਾ ਵੀ ਪੈਂਦਾ ਹੈ। ਇਸ ਲਈ ਸਿੰਘੂ ਦੇ ਮੁਕਾਬਲੇ ਇੱਥੇ ਸਹੂਲਤਾਂ ਦੀ ਘਾਟ ਵੀ ਰੜਕੀ ਲੇਕਿੰਨ ਇਸਦੇ ਬਾਵਜੂਦ ਇੱਥੇ ਵੀ ਪੰਜਾਬ ਤੇ ਹਰਿਆਣਾ ਦੇ ਜੁਝਾਰੂ ਲੋਕ ਪੱਕੇ ਪੈਰੀਂ ਡਟੇ ਹੋਏ ਹਨ।ਇਸ ਸਰਹੱਦ 'ਤੇ ਮਲਵੀਆਂ ਦੀ ਗਿਣਤੀ ਵਧੇਰੇ ਹੈ। ਸਿੰਘੂ ਨੂੰ ਪੰਜਾਬ ਤੋਂ ਸਿੱਧਾ ਰਾਹ ਹੋਣ ਕਰਕੇ ਵਧੇਰੇ ਖਲਕਤ ਤੇ ਸਹੂਲਤ ਮਿਲ ਰਿਹੀ ਹੈ। ਲੇਕਿੰਨ ਠੰਡ ਕਾਰਨ ਇਨ੍ਹਾਂ ਸਰਹੱਦਾਂ 'ਤੇ ਪੰਜਾਬੀ ਸ਼ਹੀਦੀਆਂ ਵੀ ਪਾ ਰਹੇ ਹਨ ਪਰ ਟਿਕਰੀ ਤੇ ਲੱਗੀਆਂ ਦੋ ਸਟੇਜਾਂ ਦੇਖ ਕੇ ਅਜੀਬ ਵੀ ਲੱਗਾ। ਸਿੰਘੂ ਦੀ ਇਕ ਸਟੇਜ ਇਕ ਪ੍ਰਾਪਤੀ ਕਹੀ ਜਾ ਸਕਦੀ ਹੈ। ਟਿਕਰੀ ਵਾਲਿਆਂ ਨੂੰ ਵੀ ਚਾਹੀਦਾ ਹੈ ਇਕ ਸਟੇਜ ਕਰ ਲੈਣ ਤਾਂ ਜੋ ਹੋਰ ਵੀ ਚੰਗਾ ਸੰਦੇਸ਼ ਜਾਵੇ। ਦਾਨੀ ਸੱਜਣਾਂ ਨੂੰ ਵੀ ਟਿਕਰੀ ਵੱਲ ਥੋੜਾ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਉਗਰਾਹਾਂ ਦੀ ਕਿਸਾਨ ਯੂਨੀਅਨ ਤੇ ਕੁਝ ਖੱਬੇ ਪੱਖੀ ਜਥੇਬੰਦੀਆਂ ਇਸ ਸਰਹੱਦ 'ਤੇ ਡਟੀਆਂ ਹੋਈਆਂ ਹਨ। ਜਿੱਥੇ ਪੰਜਾਬ ਦੇ ਫ਼ੌਜੀ ਨੌਜਵਾਨ ਦੇਸ਼ ਦੀ ਰਾਖੀ ਲਈ ਮੁਲਕ ਦੀ ਸਰਹੱਦ ਦੀ ਰਾਖੀ ਕਰ ਰਹੇ ਹਨ ਉੱਥੇ ਉਨ੍ਹਾਂ ਦੇ ਬਜ਼ੁਰਗ ਮਾਪੇ ਤੇ ਭੈਣ ਭਰਾ ਦਿੱਲੀ ਦੀਆਂ ਸਰਹੱਦਾਂ ਉਪਰ ਆਪਣੇ ਹੱਕ ਹਕੂਕ ਦੀ ਰਾਖੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਮੰਨਦਿਆਂ ਹੋਇਆਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਜੋ ਉਨ੍ਹਾਂ ਦੀ ਭਵਿੱਖੀ ਮਾਲੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਹਨ।
     ਡਾ.ਰਾਮ ਮੂਰਤੀ                                                                                                                                                                                                                                                    

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਜ਼ਰੂਰ ਦੱਸੋ


author

Harnek Seechewal

Content Editor

Related News