ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’
Saturday, Jan 02, 2021 - 10:29 AM (IST)
ਨਵੀਂ ਦਿੱਲੀ (ਰਮਨਜੀਤ)- ਕਿਸਾਨ ਇਸ਼ਨਾਨ ਅਤੇ ਕੱਪੜੇ ਧੋਣ ਲਈ ਖੁੱਲ੍ਹੇ ਆਸਮਾਨ ਹੇਠ ਹੀ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ ਇਸ਼ਨਾਨ ਕਰਨ ਲਈ ਗਰਮ ਪਾਣੀ ਦੀ ਵਿਵਸਥਾ ‘ਦੇਸੀ’ ਗੀਜ਼ਰਾਂ ਨਾਲ ਬਾਖੂਬੀ ਹੋ ਰਹੀ ਹੈ ਪਰ ਇਸ਼ਨਾਨ ਫਿਰ ਵੀ ਖੁੱਲ੍ਹੇ ਅਸਮਾਨ ਹੇਠ ਹੀ ਕਰਨਾ ਪੈ ਰਿਹਾ ਹੈ। ਭਾਂਵੇ ਕੱਪੜੇ ਧੋਣ ਦੀ ਮਿਹਨਤ ਨੂੰ ਘੱਟ ਕਰਨ ਲਈ ਦਾਨੀ ਸੱਜਣਾਂ ਦੀ ਮਦਦ ਨਾਲ ਵਾਸ਼ਿੰਗ ਮਸ਼ੀਨਾਂ ਦੀ ਵਿਵਸਥਾ ਹੋ ਗਈ ਹੈ ਪਰ ਵਾਸ਼ਿੰਗ ਮਸ਼ੀਨਾਂ ਦਾ ਇਸਤੇਮਾਲ ਵੀ ਕਿਸਾਨ ਸੰਗਠਨਾਂ ਵਲੋਂ ਤੈਅ ਕੀਤੇ ਗਏ ਸਥਾਨਾਂ ’ਤੇ ਖੁੱਲ੍ਹੇ ਆਸਮਾਨ ਹੇਠ ਹੀ ਕੀਤਾ ਜਾ ਰਿਹਾ ਹੈ।
‘ਪੈਰਾਂ ਦੀ ਮਾਲਿਸ਼ ਹੀ ਨਹੀਂ, ਰਵਾਇਤੀ ਮਾਲਿਸ਼ ਦਾ ਵੀ ਇੰਤਜ਼ਾਮ’
ਐੱਨ. ਜੀ. ਓ. ਖਾਲਸਾ ਏਡ ਵਲੋਂ ਧਰਨਾ ਸਥਾਨ ’ਤੇ ਕਿਸਾਨਾਂ ਦੀ ਥਕਾਵਟ ਦੂਰ ਕਰਨ ਲਈ ਫੁੱਟ ਮਸਾਜ਼ਰ ਲਾਏ ਜਾਣ ਦੀ ਭਾਂਵੇਂ ਹੀ ਖੂਬ ਚਰਚਾ ਰਹੀ ਪਰ ਇਸ ਤੋਂ ਇਲਾਵਾ ਪੰਜਾਬ ਦੇ ਮਾਝੇ ਤੋਂ ਪਹੁੰਚੇ ਹੋਏ ਨੌਜਵਾਨਾਂ ਦੇ ਇਕ ਗਰੁੱਪ ਨੇ ਧਰਨਾ-ਪ੍ਰਦਰਸ਼ਨ ਵਿਚ ਸ਼ਾਮਲ ਲੋਕਾਂ ਦੀ ਥਕਾਵਟ ਦੂਰ ਕਰਨ ਲਈ ਰਵਾਇਤੀ ਤਰੀਕੇ ਨਾਲ ਸਿਰ ਅਤੇ ਸਰੀਰ ਦੀ ਮਾਲਿਸ਼ ਕਰਨ ਦੀ ‘ਸੇਵਾ’ ਵੀ ਸ਼ੁਰੂ ਕੀਤੀ ਹੋਈ ਹੈ। ਕਰੀਬ 8 ਕਿਲੋਮੀਟਰ ਲੰਬੇ ਪ੍ਰਦਰਸ਼ਨ ਵਾਲੀ ਥਾਂ ਵਿਚਕਾਰ ਕੈਂਪ ਲਾਈ ਬੈਠੇ ਇਨ੍ਹਾਂ ਨੌਜਵਾਨਾਂ ਵਲੋਂ ਆਉਂਦੇ-ਜਾਂਦੇ ਕਿਸਾਨ ਜ਼ਿਆਦਾਤਰ ਸਿਰ ਦੀ ਮਾਲਿਸ਼ ਕਰਾ ਕੇ ਖੁਦ ਨੂੰ ਸੰਘਰਸ਼ ਲਈ ਤਰੋਤਾਜ਼ਾ ਕਰ ਰਹੇ ਹਨ।
ਇਹ ਵੀ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ ਦਾ ਨਵਾਂ ਸਟਰੇਨ, ਮਰੀਜ਼ਾਂ ਦੀ ਕੁੱਲ ਗਿਣਤੀ 29 ਹੋਈ
‘ਖਾਣ-ਪੀਣ ਦੀ ਵਿਵਸਥਾ’
ਪਹਿਲਾਂ ਤੋਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਕਿਸਾਨ ਪੰਜਾਬ ਤੋਂ ਚੱਲਦੇ ਸਮੇਂ ਹੀ 5 ਤੋਂ 10 ਟਰਾਲੀਆਂ ਦੇ ਗਰੁੱਪਾਂ ਦੇ ਹਿਸਾਬ ਨਾਲ ਲੰਗਰ-ਪਾਣੀ ਦਾ ਇੰਤਜ਼ਾਮ ਕਰ ਕੇ ਚੱਲੇ ਸਨ। ਦਿੱਲੀ ਬਾਰਡਰ ’ਤੇ ਰੋਕੇ ਜਾਣ ਤੋਂ ਬਾਅਦ ਟਰਾਲੀਆਂ ਨੂੰ ਗਰੁੱਪਾਂ ਦੇ ਹਿਸਾਬ ਨਾਲ ਖੜ੍ਹਾ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਵਿਚ ਨਵੇਂ ਆਉਣ ਵਾਲੇ ਵੀ ਸ਼ਾਮਲ ਹੁੰਦੇ ਰਹੇ ਪਰ ਰਾਸ਼ਨ ਦੀ ਘਾਟ ਨਹੀਂ ਹੋਈ, ਸਗੋਂ ਵੱਖ-ਵੱਖ ਸੰਸਥਾਵਾਂ ਵਲੋਂ ਦਿੱਤੇ ਗਏ ਸਹਿਯੋਗ ਕਾਰਨ ਵੱਡੀ ਤਾਦਾਦ ਵਿਚ ਰਾਸ਼ਨ ਸਟੋਰ ਹੋਣ ਲੱਗਾ ਹੈ, ਜਿਸ ਕਾਰਨ ਸਿੰਘੂ ਬਾਰਡਰ ’ਤੇ ਧਰਨੇ ਵਿਚ ਬੈਠੇ ਕਿਸਾਨ ਰਸਦ-ਪਾਣੀ ਦੇਣ ਆਉਣ ਵਾਲਿਆਂ ਨੂੰ ਟਿਕਰੀ ਅਤੇ ਗਾਜੀਪੁਰ ਵਲੋਂ ਸਾਮਾਨ ਲਿਜਾਣ ਲਈ ਕਹਿਣ ਲੱਗੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਧਾਰਮਿਕ ਅਤੇ ਹੋਰ ਸਮਾਜਸੇਵੀ, ਕਿਸਾਨ ਭਾਈਚਾਰਕ ਸੰਸਥਾਵਾਂ ਵਲੋਂ ਥਾਂ-ਥਾਂ ਲੰਗਰ ਲਾ ਦਿੱਤੇ ਗਏ ਹਨ, ਜਿਸ ਨਾਲ ਨਾ ਸਿਰਫ ਧਰਨੇ ਵਿਚ ਸ਼ਾਮਲ ਹੋਏ ਕਿਸਾਨ, ਸਗੋਂ ਆਸ-ਪਾਸ ਦੇ ਜ਼ਰੂਰਤਮੰਦ ਲੋਕ ਵੀ ਢਿੱਡ ਭਰ ਕੇ ਖਾ-ਪੀ ਰਹੇ ਹਨ। ਅਜਿਹਾ ਵੀ ਨਹੀਂ ਹੈ ਕਿ ਲੰਗਰਾਂ ਕਾਰਨ ਆਸ-ਪਾਸ ਦੇ ਖਾਣ-ਪੀਣ ਵਾਲੇ ਢਾਬੇ-ਰੇਸਤਰਾਂ ਗਾਹਕਾਂ ਵਿਚ ਕਮੀ ਆਈ ਹੋਵੇ, ਧਰਨੇ ਵਾਲੀ ਥਾਂ ਤੋਂ ਲੈ ਕੇ ਪਿੰਡ ਰਾਈ ਤਕ ਕਈ ਢਾਬੇ ਅਤੇ ਹੋਟਲ ਸਥਿਤ ਹਨ, ਜਿਨ੍ਹਾਂ ’ਤੇ ਲਗਾਤਾਰ ਗਾਹਕਾਂ ਦੀ ਭੀੜ ਜਮ੍ਹਾ ਰਹਿੰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ