ਨੌਜਵਾਨਾਂ ਦੇ ਜਜ਼ਬੇ ਨਾਲ ਨਵੇਂ ਮੁਕਾਮ ’ਤੇ ਪੁੱਜਾ ਕਿਸਾਨ ਅੰਦੋਲਨ, ਅੱਗੇ ਵਧ ਕੇ ਚੁੱਕਿਆ ‘ਕਿਸਾਨੀ ਦਾ ਝੰਡਾ’

Saturday, Jan 16, 2021 - 01:27 PM (IST)

ਸਿੰਘੂ/ਟਿਕਰੀ ਬਾਰਡਰ (ਹਰੀਸ਼)– ਦਿੱਲੀ ਦੀ ਹੱਦ ’ਤੇ 52 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਨੌਜਵਾਨਾਂ ਦੇ ਉਤਸ਼ਾਹ ਨੇ ਇਕ ਨਵੇਂ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਪੰਜਾਬ-ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਜਦੋਂ ਦਿੱਲੀ ਵੱਲ ਕੂਚ ਕੀਤਾ ਸੀ ਤਾਂ ਨੌਜਵਾਨ ਵਰਗ ਨੇ ਰਸਤੇ ਦੀਆਂ ਰੋਕਾਂ ਨੂੰ ਆਪਣੇ ਦਮ-ਖਮ ਨਾਲ ਹਟਾਉਂਦੇ ਹੋਏ ਉਨ੍ਹਾਂ ਦਾ ਰਾਹ ਆਸਾਨ ਬਣਾਇਆ ਸੀ। ਹੁਣ ਵੀ ਦਿੱਲੀ ਦੇ ਹਰਿਆਣਾ ਨਾਲ ਲੱਗਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਨੌਜਵਾਨ ਦਿਨ-ਰਾਤ ਬਜ਼ੁਰਗ ਕਿਸਾਨ ਨੇਤਾਵਾਂ ਦੀ ਅਗਵਾਈ ਵਿਚ ਅੰਦੋਲਨ ਵਿਚ ਯੋਗਦਾਨ ਪਾ ਰਹੇ ਹਨ।

PunjabKesari

ਖਾਸ ਗੱਲ ਇਹ ਹੈ ਕਿ ਇਹ ਸਾਰੇ ਨੌਜਵਾਨ ਕਿਸਾਨ ਪਰਿਵਾਰਾਂ ਨਾਲ ਸਬੰਧ ਨਹੀਂ ਰੱਖਦੇ। ਕਰੀਬ ਅੱਧੇ ਨੌਜਵਾਨ ਮੁੰਡੇ-ਕੁੜੀਅਂ ਅਜਿਹੇ ਹਨ, ਜੋ ਵੱਖ-ਵੱਖ ਕਾਰਜ ਖੇਤਰ (ਪ੍ਰੋਫੈਸ਼ਨ) ਤੋਂ ਹਨ। ਡਾਕਟਰ, ਇੰਜੀਨੀਅਰ, ਐਡਵੋਕੇਟ ਅਤੇ ਕਿਹੜਾ ਅਜਿਹਾ ਪੇਸ਼ਾ ਹੈ ਜਿਸ ਨਾਲ ਜੁੜਿਆ ਕੋਈ ਵਿਅਕਤੀ ਅੰਦੋਲਨ ਲਈ ਦਿੱਲੀ ਨਹੀਂ ਪਹੁੰਚਿਆ। ਸੋਸ਼ਲ ਮੀਡੀਆ ’ਤੇ ਜੋ ਖੇਤੀ ਅੰਦੋਲਨ ਦੇ ਹੱਕ ਵਿਚ ਹਵਾ ਬਣੀ ਹੈ, ਉਸ ਦੇ ਪਿੱਛੇ ਇਨ੍ਹਾਂ ਨੌਜਵਾਨਾਂ ਦੀ ਸਖਤ ਮਿਹਨਤ, ਲਗਨ ਅਤੇ ਦਿਮਾਗ ਲੱਗਾ ਹੈ। ਚਾਹੇ ਫੇਸਬੁਕ ਹੋਵੇ ਜਾਂ ਟਵਿੱਟਰ, ਇੰਸਟਾਗਰਾਮ ਹੋਵੇ ਜਾਂ ਵਟਸਐਪ, ਹਰ ਸੋਸ਼ਲ ਪਲੇਟਫਾਰਮ ’ਤੇ ਨੌਜਵਾਨਾਂ ਦੀ ਟੀਮ ਕੰਮ ਕਰ ਰਹੀ ਹੈ।

PunjabKesari

‘ਯੂਨੀਵਰਸਿਟੀ ਦੇ ਵਿਦਿਆਰਥੀ ਵਾਲੰਟੀਅਰ ਦੇ ਤੌਰ ’ਤੇ ਵੇਖ ਰਹੇ ਹਨ ਕੰਮ’
ਮਾਨਸਾ ਦਾ ਨਵਕਿਰਨ ਨਤ ਸ਼ੁਰੂ ਤੋਂ ਟਿਕਰੀ ਬਾਰਡਰ ’ਤੇ ਹੈ। ਸਿੰਘੂ, ਸ਼ਾਹਜਹਾਂਪੁਰ ਅਤੇ ਗਾਜ਼ੀਪੁਰ ਬਾਰਡਰ ’ਤੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਸ਼ੁਰੂ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਡੈਂਟਿਸਟ ਸਕਾਲਰ ਨਵਕਿਰਨ ਦੱਸਦਾ ਹੈ ਕਿ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਲਾਵਾ ਦਿੱਲੀ ਦੀ ਜੇ. ਐੱਨ. ਯੂ., ਦਿੱਲੀ ਯੂਨੀਵਰਸਿਟੀ ਅਤੇ ਅੰਬੇਦਕਰ ਯੂਨੀਵਰਸਿਟੀ ਦੇ ਵਿਦਿਆਰਥੀ ਵਾਲੰਟੀਅਰ ਦੇ ਤੌਰ ’ਤੇ ਇਨ੍ਹਾਂ ਦਾ ਕੰਮ ਵੇਖ ਰਹੇ ਹਨ।ਉਨ੍ਹਾਂ ਨੇ ਮੁੱਖ ਸਟੇਜ ਦੇ ਨਾਲ ਬੁੱਧੀਜੀਵੀਆਂ ਦੇ ਲੈਕਚਰ ਵੀ ਸ਼ੁਰੂ ਕੀਤੇ ਹਨ। ਹਾਲ ਹੀ ਵਿਚ ਜੇ. ਐੱਨ. ਯੂ. ਦੇ ਪ੍ਰੋਫੈਸਰ ਅਤੁੱਲ ਸੂਦ ਲੈਕਚਰ ਲਈ ਆਏ ਸਨ। ਨਵਕਿਰਨ ਖੁਦ ਵੀ ਕਈ ਵਾਰ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰ ਚੁੱਕੇ ਹਨ।

PunjabKesari

ਕਿਸਾਨ ਨੇਤਾਵਾਂ ਦੇ ਵਾਰਿਸ ਦੇ ਤੌਰ ’ਤੇ ਵੀ ਤਿਆਰ ਹੋ ਰਹੀ ਨਵੀਂ ਪੀੜ੍ਹੀ
ਬਜ਼ੁਰਗ ਹੋ ਚੁੱਕੇ ਕਿਸਾਨ ਨੇਤਾਵਾਂ ਦੇ ਵਾਰਿਸ ਦੇ ਤੌਰ ’ਤੇ ਨਵੀਂ ਪੀੜ੍ਹੀ ਵੀ ਤਿਆਰ ਹੋ ਰਹੀ ਹੈ। ਸਿੰਘੂ ਅਤੇ ਟਿਕਰੀ ਬਾਰਡਰ ’ਤੇ ਨੌਜਵਾਨ ਕਿਸਾਨਾਂ ਨਾਲ ਗੱਲ ਹੋਈ ਤਾਂ ਪਤਾ ਚੱਲਿਆ ਕਿ ਕਿਸ ਤਰ੍ਹਾਂ ਨਾਲ ਉਹ ਤਾਜ਼ਾ ਹਾਲਾਤਾਂ ਨੂੰ ਸਮਝਦੇ ਹਨ।

PunjabKesari

‘ਨੌਜਵਾਨਾਂ ਦੇ ਮਨ ਵਿਚ ਨਿਰਾਸ਼ਾ ਇਸ ਲਈ ਇਨੀ ਵੱਡੀ ਗਿਣਤੀ ਵਿਚ ਅੰਦੋਲਨ ਨਾਲ ਜੁੜੇ’
ਸੁਖਵਿੰਦਰ ਕੌਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸਟੇਟ ਕਮੇਟੀ ਦੀ ਮੈਂਬਰ ਹੈ। ਉਹ ਪਹਿਲੇ ਦਿਨ ਤੋਂ ਹੀ ਦਿੱਲੀ ਦੀ ਹੱਦ ’ਤੇ ਕਿਸਾਨ ਸੰਘਰਸ਼ ਵਿਚ ਯੋਗਦਾਨ ਦੇ ਰਹੀ ਹੈ। ਫਿਲਹਾਲ ਪੰਜਾਬ ਆਈ ਹੈ ਪਰ ਐਤਵਾਰ ਨੂੰ ਵਾਪਿਸ ਜਾ ਰਹੀ ਹੈ। ਸਿਹਤ ਵਿਭਾਗ ਵਿਚ ਲੈਬ ਤਕਨੀਸ਼ੀਅਨ ਦੇ ਅਹੁਦੇ ’ਤੇ ਤਾਇਨਾਤ ਸੁਖਵਿੰਦਰ ਕੌਰ ਕਹਿੰਦੇ ਹਨ ਕਿ ਇਨੀ ਵੱਡੀ ਤਾਦਾਦ ਵਿਚ ਨੌਜਵਾਨ ਇਸ ਲਈ ਕਿਸਾਨ ਅੰਦੋਲਨ ਨਾਲ ਜੁੜੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿਚ ਨਿਰਾਸ਼ਾ ਹੈ, ਉਨ੍ਹਾਂ ਕੋਲ ਡਿਗਰੀਆਂ ਹਨ ਪਰ ਰੋਜ਼ਗਾਰ ਨਹੀਂ। ਨੌਜਵਾਨਾਂ ਕੋਲ ਗਿਆਨ ਹੈ, ਉਨ੍ਹਾਂ ਵਿਚ ਜਾਗਰੂਕਤਾ ਵੀ ਆਈ ਹੈ। ਉਨ੍ਹਾਂ ਨੂੰ ਪਤਾ ਹੈ ਕਿ ਜ਼ਮੀਨ ਹੀ ਉਨ੍ਹਾਂ ਦਾ ਆਖਰੀ ਸਹਾਰਾ ਹੈ ਅਤੇ ਇਹ ਵੀ ਚਲੀ ਗਈ ਤਾਂ ਕੀ ਹੋਵੇਗਾ, ਕੀ ਕਰਨਗੇ?

PunjabKesari

‘ਆਪਣੇ ਹੱਕ ਲਈ ਵਿਰੋਧ ਕਰਨਾ ਅਸੀਂ ਭੁੱਲ ਚੁੱਕੇ ਸੀ : ਪੋਸਟਰ ਬੁਆਏ ’
ਅੰਬਾਲੇ ਕੋਲ ਪੁਲਸ ਦੇ ਵਾਟਰ ਕੈਨਨ ਦਾ ਮੂੰਹ ਮੋੜਨ ਵਾਲਾ ਨਵਦੀਪ ਸਿੰਘ ਜਲਬੇਹੜਾ ਕਿਸਾਨ ਅੰਦੋਲਨ ਦਾ ਪੋਸਟਰ ਬੁਆਏ ਬਣ ਕੇ ਉੱਭਰਿਆ ਹੈ। ਕਿਸਾਨੀ ਸੰਘਰਸ਼ ਵਿਚ ਉਸ ਦੀ ਉਹ ਫੋਟੋ ਅਤੇ ਵੀਡੀਓ ਖੂਬ ਵਾਇਰਲ ਹੋਈ, ਉਸ ਨਾਲ ਨੌਜਵਾਨਾਂ ਦਾ ਜੋਸ਼ ਹੋਰ ਵਧਿਆ ਹੈ। ਭਾਰਤੀ ਕਿਸਾਨ ਯੂਨੀਅਨ ਚੜੂਨੀ ਨਾਲ ਜੁੜੇ 26 ਸਾਲਾ ਨਵਦੀਪ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਪਣੇ ਹੱਕ ਲਈ ਵਿਰੋਧ ਕਰਨਾ ਅਸੀਂ ਭੁੱਲ ਚੁੱਕੇ ਸੀ ਪਰ ਇਸ ਅੰਦੋਲਨ ਨਾਲ ਜੋ ਅਸੀਂ ਸਿੱਖਿਆ ਹੈ, ਉਹ ਸਾਰੀ ਉਮਰ ਸਾਡੇ ਕੰਮ ਆਵੇਗਾ।

PunjabKesari

‘ਪਿੰਡ ਵਿਚ ਘਰਾਂ ’ਤੇ ਰਾਜਨੀਤਕ ਦਲਾਂ ਦੇ ਨਹੀਂ ਸਗੋਂ ਕਿਸਾਨੀ ਦੇ ਲੱਗੇ ਝੰਡੇ’
ਮਾਨਸਾ ਦੇ ਬਲਕਰਨ ਬੱਲੀ ਬੀ. ਏ. ਐੱਲ. ਐੱਲ. ਬੀ. ਹਨ। ਉਹ ਕਹਿੰਦੇ ਹਨ ਕਿ ਨੌਜਵਾਨ ਸਮਝ ਗਿਆ ਹੈ ਕਿ ਕੌਣ ਹੱਕ ਵਿਚ ਹੈ ਅਤੇ ਕੌਣ ਖਿਲਾਫ। 70 ਸਾਲਾਂ ਤੋਂ ਲੋਕ ਰਾਜਨੀਤਕ ਪਾਰਟੀਆਂ ਨੂੰ ਵੇਖਦੇ ਆ ਰਹੇ ਹਨ ਕਿ ਉਹ ਲਾਰੇ ਅਤੇ ਚੋਪੜੀਆਂ ਗੱਲਾਂ ਦੇ ਜ਼ਰੀਏ ਉਨ੍ਹਾਂ ਦੀ ਵਰਤੋਂ ਕਰਦੇ ਆਏ ਹਨ। ਨੌਜਵਾਨ ਪੀੜ੍ਹੀ ਸਮਝ ਗਈ ਹੈ ਕਿ ਇਹੀ ਅਸਲੀ ਲੜਾਈ ਹੈ, ਜੋ ਕਿਸਾਨ ਲੜ ਰਹੇ ਹਨ, ਬਾਕੀ ਤਾਂ ਕੇਵਲ ਵੋਟ ਦੇ ਸਮੇਂ ਹੀ ਰਾਜਨੀਤਕ ਲੜਾਈ ਲੜਦੇ ਹਨ। ਰਾਜਨੀਤਕ ਰੈਲੀਆਂ ਵਿਚ ਇਨ੍ਹਾਂ ਕਿਸਾਨਾਂ ਦਾ ਇਸਤੇਮਾਲ ਪਾਰਟੀਆਂ ਕਰਦੀਆਂ ਹਨ। ਹੁਣ ਹਾਲਾਤ ਵੇਖ ਲਓ ਪਿੰਡਾਂ ਵਿਚ ਘਰਾਂ ’ਤੇ ਅਕਾਲੀ ਜਾਂ ਕਾਂਗਰਸੀ ਨਹੀਂ ਸਗੋਂ ਕਿਸਾਨੀ ਦੇ ਝੰਡੇ ਨਜ਼ਰ ਆਉਂਦੇ ਹਨ। ਮਹਿੰਗੀਆਂ-ਮਹਿੰਗੀਆਂ ਗੱਡੀਆਂ ’ਤੇ ਵੀ ਕਿਸਾਨਾਂ ਦੇ ਝੰਡੇ ਲੱਗੇ ਹੋਏ ਹਨ। 40 ਸਾਲਾ ਬੱਲੀ ਕਹਿੰਦੇ ਹਨ ਕਿ ਪਹਿਲਾਂ ਨੌਜਵਾਨ ਨੇਤਾਵਾਂ ਅਤੇ ਕਲਾਕਾਰਾਂ ਦੇ ਨਾਲ ਫੋਟੋ ਖਿਚਵਾਉਣ ਵਿਚ ਫਖਰ ਮਹਿਸੂਸ ਕਰਦੇ ਸਨ ਪਰ ਹੁਣ ਕਿਸਾਨ ਨੇਤਾਵਾਂ ਨਾਲ ਫੋਟੋ ਖਿਚਵਾਉਣਾ ਮਾਣ ਦੀ ਗੱਲ ਸਮਝਦੇ ਹਨ।

PunjabKesari

‘ਨੌਜਵਾਨਾਂ ਨੂੰ ਨਹੀਂ ਦਿਸ ਰਿਹਾ ਭਵਿੱਖ, ਇਸ ਲਈ ਜੁੜ ਰਹੇ’
38 ਸਾਲਾ ਕਿਰਤੀ ਕਿਸਾਨ ਯੂਨੀਅਨ ਦੇ ਉਪ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਹੈ ਕਿ ਉਹ 8 ਜ਼ਿਲਿਆਂ ਵਿਚ ਆਪਣਾ ਯੂਥ ਵਿੰਗ ਬਣਾ ਰਹੇ ਹਨ ਅਤੇ ਵਾਲੰਟੀਅਰਾਂ ਨੂੰ ਜੋੜ ਰਹੇ ਹਨ। ਐੱਲ. ਐੱਲ. ਬੀ., ਐੱਲ. ਐੱਲ. ਐੱਮ. ਅਤੇ ਪੀ. ਐੱਸ. ਯੂ. ਦੇ ਉਪ ਪ੍ਰਧਾਨ ਰਹੇ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਲਗਭਗ 30-35 ਸਾਲ ਤੋਂ ਨਿੱਜੀਕਰਨ ਦੇ ਕੰਮ ਨੂੰ ਵੇਖ ਰਹੇ ਸਨ ਪਰ ਜਦੋਂ ਕਿਸਾਨਾਂ ’ਤੇ ਗੱਲ ਆਈ ਤਾਂ ਅੱਗੇ ਆਉਣਾ ਪਿਆ। ਕੋਰੋਨਾ ਕਾਲ ਦੌਰਾਨ ਹੀ ਕੇਂਦਰ ਸਰਕਾਰ ਬਿੱਲ ਲੈ ਕੇ ਆਈ ਜਿਸ ਨਾਲ ਉਸ ਦੀ ਮੰਸ਼ਾ ਪ੍ਰਗਟ ਹੋ ਜਾਂਦੀ ਹੈ। ਵੱਖ-ਵੱਖ ਪ੍ਰੋਫੈਸ਼ਨ ਤੋਂ ਵੀ ਨੌਜਵਾਨ ਇਸ ਲਈ ਜੁੜ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਭਵਿੱਖ ਵਿਖਾਈ ਨਹੀਂ ਦੇ ਰਿਹਾ ਹੈ।


Tanu

Content Editor

Related News