‘ਲੋੜ ਪਈ ਤਾਂ ਬੈਰੀਕੇਡ ਤੋੜ ਕੇ ਫਸਲ ਲੈ ਕੇ ਸੰਸਦ ’ਚ ਵੜਾਂਗੇ : ਟਿਕੈਤ’
Thursday, Mar 25, 2021 - 10:28 AM (IST)
ਮਹਿਮ (ਪ੍ਰੀਤ) : ਮਹਿਮ ਚੌਬੀਸੀ ਦੇ ਇਤਿਹਾਸਕ ਚਬੂਤਰੇ ’ਤੇ ਹੋਈ ਮਹਾਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਹਰ ਹਾਲਤ ਵਿਚ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਕਿਸਾਨ ਖੇਤੀ ਕਾਨੂੰਨ ਵਾਪਸ ਹੋਣ ਦੀ ਸ਼ਰਤ ’ਤੇ ਹੀ ਘਰਾਂ ਨੂੰ ਮੁੜਨਗੇ ਪਰ ਸਰਕਾਰ ਦੇ ਇਰਾਦੇ ਨੂੰ ਦੇਖਦਿਆਂ ਸਪਸ਼ਟ ਹੈ ਕਿ ਕਿਸਾਨ ਅੰਦੋਲਨ ਲੰਮਾ ਚੱਲੇਗਾ। ਆਉਣ ਵਾਲੀ ਨਵੰਬਰ ਤੇ ਦਸੰਬਰ ਤਕ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣ ਦੀ ਯੋਜਨਾ ਬਣਾ ਚੁੱਕੇ ਹਨ।
ਸਰਕਾਰ ਨੂੰ ਆਖਰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਕੇ ਫਸਲਾਂ ਲਈ ਗਾਰੰਟੀ ਮੁੱਲ ਤੈਅ ਕਰਨੀ ਹੀ ਪਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਫਸਲਾਂ ਨੂੰ ਤੈਅ ਕੀਮਤ ’ਤੇ ਵੇਚਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਜਾਣਗੇ। ਜੇ ਲੋੜ ਪਈ ਤਾਂ ਦਿੱਲੀ ਵਿਚ ਬੈਰੀਕੇਡ ਤੋੜ ਕੇ ਸੰਸਦ ਭਵਨ ਤਕ ਆਪਣੀ ਫਸਲ ਲਿਜਾਉਣ ਦਾ ਕੰਮ ਕੀਤਾ ਜਾਵੇਗਾ।
ਟਿਕੈਤ ਨੇ ਕਿਹਾ ਕਿ ਦਿੱਲੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਪੱਖ ਵਿਚ ਆਉਣ ਵਾਲੇ ਵਿਧਾਇਕਾਂ, ਮੰਤਰੀਆਂ, ਕਾਰੋਬਾਰੀਆਂ, ਸਮਾਜਿਕ ਵਰਕਰਾਂ ਸਮੇਤ ਹੋਰਨਾਂ ’ਤੇ ਕੇਂਦਰ ਸਰਕਾਰ ਛਾਪੇਮਾਰੀ ਕਰ ਰਹੀ ਹੈ। ਸਰਕਾਰ ਦੀਆਂ ਸੁਤੰਤਰ ਏਜੰਸੀਆਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ। ਸਾਂਝਾ ਮੋਰਚਾ ਅੰਦੋਲਨ ਸਮਰਥਕਾਂ ਨਾਲ ਬੇਇਨਸਾਫੀ ਜਾਂ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਨੂੰ ਭਵਿੱਖ ਵਿਚ ਬਰਦਾਸ਼ਤ ਨਹੀਂ ਕਰੇਗਾ। ਕਿਸਾਨ ਨੇਤਾ ਡਾ. ਯੁੱਧਵੀਰ ਸਿੰਘ ਨੇ ਕਿਹਾ ਕਿ ਖੇਤੀ ਬਿੱਲਾਂ ਵਿਚ ਚੰਗਾ ਤੇ ਬਿਹਤਰ ਕੀ ਹੈ, ਇਸ ਬਾਰੇ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਗੇ ਆ ਕੇ ਦੱਸਣਾ ਚਾਹੀਦਾ ਹੈ।
ਮਹਾਪੰਚਾਇਤ ਦੀ ਪ੍ਰਧਾਨਗੀ ਅਨਿਲ ਨਾਂਦਲ ਨੇ ਕੀਤੀ। ਮਹਾਪੰਚਾਇਤ ਵਿਚ ਟਿਕੈਤ ਤੇ ਯੁੱਧਵੀਰ ਸਿੰਘ ਨੂੰ ਚੌਬੀਸੀ ਮਹਿਮ ਵਲੋਂ ਪੱਗੜੀ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੈਂਕੜੇ ਬੀਬੀਆਂ ਸਮੇਤ ਹਜ਼ਾਰਾਂ ਕਿਸਾਨ ਸ਼ਾਮਲ ਹੋਏ ਅਤੇ ਕਿਸਾਨ ਅੰਦੋਲਨ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਸੰਕਲਪ ਲਿਆ।