ਸੂਰਜਮੁਖੀ ਦੇ MSP ’ਤੇ ਸਰਕਾਰ ਨਾਲ ਗੱਲਬਾਤ ਨਾਕਾਮ, ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਕੀਤਾ ਜਾਮ
Tuesday, Jun 13, 2023 - 11:52 AM (IST)
ਪਿੱਪਲੀ/ਕੁਰੂਕਸ਼ੇਤਰ, (ਭਾਸ਼ਾ)- ਸੂਰਜਮੁਖੀ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਤੇ ਹੋਰ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੱਪਲੀ ’ਚ ਆਯੋਜਿਤ ਮਹਾਪੰਚਾਇਤ ’ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋਈ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਕਿਸਾਨ ਭੜਕ ਗਏ ਅਤੇ ਉਨ੍ਹਾਂ ਨੇ ਪਿੱਪਲੀ ਵਿਖੇ ਰਾਸ਼ਟਰੀ ਰਾਜਮਾਰਗ ਦਿੱਲੀ-ਜੰਮੂ ਹਾਈਵੇਅ ’ਤੇ ਜਾਮ ਲਗਾ ਦਿੱਤਾ। ਕਿਸਾਨ ਫਲਾਈਓਵਰ ਅਤੇ ਸਰਵਿਸ ਰੋਡ ਬੰਦ ਕਰ ਕੇ ਹਾਈਵੇਅ ’ਤੇ ਲਾਠੀਆਂ ਲੈ ਕੇ ਬੈਠੇ ਹਨ। ਹਾਈਵੇਅ ’ਤੇ ਟਰੈਕਟਰ ਖੜ੍ਹੇ ਕਰ ਦਿੱਤੇ ਗਏ ਹਨ। ਪੁਲਸ ਨੇ ਜਾਮ ਕਾਰਨ ਵਾਹਨਾਂ ਦੇ ਰੂਟ ਮੋੜ ਦਿੱਤੇ ਹਨ। ਮਹਾਪੰਚਾਇਤ ’ਚ ਵੱਖ-ਵੱਖ ਖਾਪਾਂ ਦੇ ਆਗੂ, ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਆਗੂ ਰਾਕੇਸ਼ ਟਿਕੈਤ ਤੋਂ ਇਲਾਵਾ ਪਹਿਲਵਾਨ ਬਜਰੰਗ ਪੂਨੀਆ ਵੀ ਹਾਜ਼ਰ ਸਨ।
ਭਾਕਿਯੂ (ਚੜੂਨੀ) ਵੱਲੋਂ ਬੁਲਾਈ ਗਈ ਐੱਮ. ਐੱਸ. ਪੀ. ਦਿਲਾਓ, ਕਿਸਾਨ ਬਚਾਓ ਮਹਾਪੰਚਾਇਤ ਪਿੱਪਲੀ ’ਚ ਨੈਸ਼ਨਲ ਹਾਈਵੇਅ 44 ਦੇ ਨੇੜੇ ਇਕ ਅਨਾਜ ਮੰਡੀ ’ਚ ਆਯੋਜਿਤ ਕੀਤੀ ਗਈ ਸੀ। ਸਾਰੇ ਕਿਸਾਨ ਆਗੂਆਂ ਨੇ ਸੂਰਜਮੁਖੀ ਦੀ ਐੱਮ. ਐੱਸ. ਪੀ. ’ਤੇ ਖਰੀਦ ਦੀ ਮੰਗ ਕਰਦਿਆਂ ਪ੍ਰਸ਼ਾਸਨ ਨੂੰ ਦੁਪਹਿਰ 2 ਵਜੇ ਤੱਕ ਦਾ ਸਮਾਂ ਦਿੱਤਾ, ਜਦੋਂ 2 ਵਜੇ ਤੱਕ ਕਿਸਾਨਾਂ ਦੀ ਐੱਮ. ਐੱਸ. ਪੀ. ’ਤੇ ਖਰੀਦ ਦੀ ਮੰਗ ਸਰਕਾਰ ਨੇ ਨਹੀਂ ਮੰਨੀ ਤਾਂ 2.10 ਵਜੇ ਭਾਕਿਯੂ ਦੇ ਸੂਬਾ ਪ੍ਰਧਾਨ ਕਰਮ ਸਿੰਘ ਮਥਾਨਾ ਨੇ ਸਟੇਜ ਤੋਂ ਐੱਨ. ਐੱਚ.-44 ’ਤੇ ਜਾਮ ਲਗਾਉਣ ਦਾ ਫੈਸਲਾ ਸੁਣਾਇਆ। ਕਿਸਾਨਾਂ ਦੀ ਗਿਣਤੀ ’ਚ ਹੋਣ ਕਾਰਨ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਉਨ੍ਹਾਂ ਨੇ ਜੀ. ਟੀ. ਰੋਡ ’ਤੇ ਜਾਮ ਲਗਾ ਦਿੱਤਾ।
ਐੱਮ. ਐੱਸ. ਪੀ. ਨੂੰ ਲੈ ਕੇ ਪੂਰੇ ਦੇਸ਼ ’ਚ ਹੋਣਗੇ ਅੰਦੋਲਨ : ਟਿਕੈਤ
ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਇਕ ਫਸਲ ਦਾ ਨਹੀਂ ਸਗੋਂ ਸਾਰੀਆਂ ਫਸਲਾਂ ਦਾ ਐੱਮ. ਐੱਸ. ਪੀ. ਮੰਗ ਰਹੇ ਹਨ।
ਸਰਕਾਰ ਐੱਮ. ਐੱਸ. ਪੀ. ਬਣਾਉਣ ਦਾ ਨਿਯਮ ਤਾਂ ਬਣਾਉਂਦੀ ਹੈ ਪਰ ਖਰੀਦ ਨਹੀਂ ਕਰਦੀ। ਐੱਮ. ਐੱਸ. ਪੀ. ਨੂੰ ਲੈ ਕੇ ਪੂਰੇ ਦੇਸ਼ ’ਚ ਅੰਦੋਲਨ ਹੋਣਗੇ। ਸਥਾਨਕ ਕਮੇਟੀ ਜੋ ਵੀ ਫੈਸਲਾ ਲਵੇਗੀ, ਯੂਨਾਈਟਿਡ ਕਿਸਾਨ ਮੋਰਚਾ ਉਸ ਦੇ ਨਾਲ ਰਹੇਗਾ। ਟਿਕੈਤ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਰਿਹਾਈ ਅਤੇ ਸੂਰਜਮੁਖੀ ’ਤੇ ਐੱਮ. ਐੱਸ. ਪੀ. ਮਿਲਣ ਤੱਕ ਹਾਈਵੇਅ ਜਾਮ ਰਹੇਗਾ।
ਕਿਸਾਨਾਂ ਨੂੰ ਸੜਕ ’ਤੇ ਦੇਖ ਕੇ ਦੁੱਖ ਹੋ ਰਿਹਾ : ਬਜਰੰਗ ਪੂਨੀਆ
ਪਹਿਲਵਾਨ ਬਜਰੰਗ ਪੂਨੀਆ ਨੇ ਮਹਾਪੰਚਾਇਤ ਦੀ ਸਟੇਜ ਤੋਂ ਕਿਹਾ ਕਿ ਉਹ ਵੀ ਕਿਸਾਨਾਂ ਦੇ ਪਰਿਵਾਰ ਨਾਲ ਹੀ ਹਨ। ਕਿਸਾਨ ਸਿਰਫ਼ ਸੂਰਜਮੁਖੀ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੂੰ ਸੜਕ ’ਤੇ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ। ਸਾਰੇ ਖਿਡਾਰੀ ਕਿਸਾਨਾਂ ਦੇ ਨਾਲ ਹਨ।