ਕੁੰਡਲੀ ਵਿਖੇ ਧਰਨੇ ਵਾਲੀ ਥਾਂ ''ਤੇ ਪੱਕੇ ਮਕਾਨ ਬਣਵਾ ਰਹੇ ਹਨ ਕਿਸਾਨ, ਰੋਕਣ ਪੁੱਜੀ ਪੁਲਸ ਨੂੰ ਵਾਪਸ ਭੇਜਿਆ
Friday, Mar 12, 2021 - 01:33 AM (IST)
ਸੋਨੀਪਤ (ਦੀਕਸ਼ਿਤ) - ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਾਢੇ 3 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਡਟੇ ਹੋਏ ਕਿਸਾਨਾਂ ਨੇ ਹੁਣ ਇਥੇ ਪੱਕੇ ਮਕਾਨ ਬਣਵਾਉਣੇ ਸ਼ੁਰੂ ਕਰ ਦਿੱਤੇ ਹਨ। ਕੁੰਡਲੀ ਵਿਖੇ ਧਰਨੇ ਵਾਲੀ ਮੁੱਖ ਸਟੇਜ ਤੋਂ ਅੱਧਾ ਕਿਲੋਮੀਟਰ ਪਹਿਲਾਂ ਪਾਣੀਪਤ ਤੋਂ ਦਿੱਲੀ ਜਾਣ ਵਾਲੀ ਸੜਕ 'ਤੇ ਕਈ ਮਕਾਨਾਂ ਦੀ ਉਸਾਰੀ ਇੱਕੋ ਵੇਲੇ ਸ਼ੁਰੂ ਕਰਵਾਈ ਗਈ ਹੈ। ਇਸ ਲਈ ਸੇਵਾਦਾਰਾਂ ਵੱਲੋਂ ਇੱਟਾਂ ਅਤੇ ਹੋਰ ਨਿਰਮਾਣ ਸਮੱਗਰੀ ਪਹੁੰਚ ਰਹੀ ਹੈ। ਇਥੇ ਕਈ ਮਕਾਨਾਂ ਦੀ ਨੀਂਹ ਤਿਆਰ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਟਿਊਬਵੈੱਲ ਵੀ ਲੁਆਏ ਜਾ ਚੁੱਕੇ ਹਨ। ਕਿਸਾਨਾਂ ਦੀ ਦਲੀਲ ਹੈ ਕਿ ਸਰਕਾਰ ਦੀ ਅੜੀ ਕਾਰਣ ਉਨ੍ਹਾਂ ਨੂੰ ਇਥੇ ਬੈਠਣਾ ਪੈ ਰਿਹਾ ਹੈ। ਹੁਣ ਜਦੋਂ ਇਥੇ ਹੀ ਰਹਿਣਾ ਹੈ ਤਾਂ ਕਿਉਂ ਨਾ ਪੱਕੇ ਮਕਾਨ ਬਣਾ ਲਏ ਜਾਣ। ਕਿਸਾਨਾਂ ਨੇ ਇਸ ਤੋਂ ਅੱਗੇ ਵੱਧਦੇ ਹੋਏ ਐਲਾਨ ਕੀਤਾ ਹੈ ਕਿ ਉਹ ਇਥੇ ਪਲਾਟ ਕੱਟਣਗੇ ਅਤੇ ਸਮੁਦਾਇਕ ਮੁਹੱਲੇ ਅਤੇ ਨਗਰ ਸਥਾਪਿਤ ਕਰਨਗੇ। ਇੰਝ ਕਰ ਕੇ ਉਹ ਆਪਣੀ ਉਸ ਜ਼ਮੀਨ ਦਾ ਬਦਲਾ ਲੈ ਸਕਣਗੇ ਜਿਸ ਨੂੰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਦੇ ਯਤਨਾਂ ਵਿਚ ਹੈ।
ਇਹ ਖ਼ਬਰ ਪੜ੍ਹੋ- ਚੀਨ ਨੂੰ ਚੁਣੌਤੀ ਦੇਣਗੇ ਕਵਾਡ ਗਰੁੱਪ ਦੇ ਦੇਸ਼, 12 ਮਾਰਚ ਨੂੰ ਹੋਵੇਗਾ ਸ਼ਿਖਰ ਸੰਮੇਲਨ
ਪੱਕੀਆਂ ਉਸਾਰੀਆਂ ਅਤੇ ਟਿਊਬਵੈੱਲਾਂ ਨੂੰ ਰੁਕਵਾਉਣ ਲਈ ਪਹੁੰਚੀ ਪੁਲਸ ਨੇ ਜਦੋਂ ਕਿਸਾਨਾਂ ਕੋਲੋਂ ਪੁੱਛਿਆ ਕਿ ਉਹ ਕਿਸ ਕੋਲੋਂ ਪ੍ਰਵਾਨਗੀ ਲੈ ਕੇ ਇਹ ਉਸਾਰੀਆਂ ਕਰ ਰਹੇ ਹਨ ਤਾਂ ਕਿਸਾਨਾਂ ਨੇ ਪੁਲਸ ਕੋਲੋਂ ਹੀ ਪੁੱਛਿਆ ਕਿ ਸਰਕਾਰ ਨੇ ਕਿਸ ਕੋਲੋਂ ਪ੍ਰਵਾਨਗੀ ਲੈ ਕੇ 3 ਕਾਲੇ ਕਾਨੂੰਨ ਬਣਾਏ ਹਨ। ਪੁਲਸ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਅਤੇ ਸਪੱਸ਼ਟ ਤੌਰ 'ਤੇ ਐਲਾਨ ਕੀਤਾ ਕਿ ਉਨ੍ਹਾਂ ਦੀ ਉਸਾਰੀ ਦੇ ਕੰਮ ਨੂੰ ਰੁਕਵਾਉਣ ਦਾ ਯਤਨ ਨਾ ਕੀਤਾ ਜਾਵੇ। ਇਸ 'ਤੇ ਪੁਲਸ ਬੇਰੰਗ ਵਾਪਸ ਚਲੀ ਗਈ।
ਇਹ ਖ਼ਬਰ ਪੜ੍ਹੋ- ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।