ਸੁਪਰੀਮ ਕੋਰਟ ਦੇ ਨਾਂ ’ਤੇ ਬਣੀ ਫਰਜ਼ੀ ਵੈੱਬਸਾਈਟ, ਅਦਾਲਤ ਨੇ ਜਾਰੀ ਕੀਤਾ ਅਲਰਟ
Friday, Sep 01, 2023 - 01:00 PM (IST)
ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਦੀ ਅਧਿਕਾਰਕ ਵੈੱਬਸਾਈਟ ਦੇ ਨਾਂ ’ਤੇ ਲੋਕਾਂ ਨਾਲ ਧੋਖਾਦੇਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਰਟ ਨੇ ਇਕ ਸਰਕੁਲਰ ਸ਼ੇਅਰ ਕਰ ਕੇ ਦੱਸਿਆ ਹੈ ਕਿ ਉਸ ਦੀ ਆਫਿਸ਼ੀਅਲ ਵੈੱਬਸਾਈਟ ਨਾਲ ਮਿਲਦੀ-ਜੁਲਦੀ ਇਕ ਨਕਲੀ ਵੈੱਬਸਾਈਟ ਬਣਾਈ ਗਈ ਹੈ। ਇਸ ਦੇ ਜ਼ਰੀਏ ਹੈਕਰਸ ਲੋਕਾਂ ਦੀ ਨਿੱਜੀ ਅਤੇ ਗੁਪਤ ਜਾਣਕਾਰੀ ਇਕੱਠੀ ਕਰ ਰਹੇ ਹਨ। ਸੁਪਰੀਮ ਕੋਰਟ ਦੀ ਰਜਿਸਟਰੀ ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।
ਰਜਿਸਟਰੀ ਨੇ ਦੱਸਿਆ ਕਿ ਇਹ ਫਰਜ਼ੀ ਵੈੱਬਸਾਈਟ ਹੋਸਟ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਦੂਜੇ ਯੂ. ਆਰ. ਐੱਲ. ’ਤੇ ਕਲਿੱਕ ਕਰਨ ’ਤੇ ਵੈੱਬਸਾਈਟ ਖੁੱਲ੍ਹਦੀ ਹੈ, ਜਿਸ ਦੇ ਹੈਡਰ ’ਚ ਲਿਖਿਆ ਆਉਂਦਾ ਹੈ- ‘ਆਫੈਂਸ ਆਫ ਮਣੀ-ਲਾਂਡਰਿੰਗ। ਇਸ ਵੈੱਬਸਾਈਟ ’ਤੇ ਲੋਕਾਂ ਦੀ ਨਿੱਜੀ ਜਾਣਕਾਰੀ, ਇੰਟਰਨੈੱਟ-ਬੈਂਕਿੰਗ, ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਜੁਡ਼ੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ।
ਕੋਰਟ ਨੇ ਆਪਣੀ ਐਡਵਾਈਜ਼ਰੀ ’ਚ ਕਿਹਾ ਕਿ ਇਸ ਵੈੱਬਸਾਈਟ ’ਤੇ ਜਾਣ ਵਾਲੇ ਯੂਜ਼ਰਜ਼ ਨੂੰ ਸਾਡੀ ਸਖ਼ਤ ਹਿਦਾਇਤ ਹੈ ਕਿ ਆਪਣੀ ਨਿੱਜੀ ਅਤੇ ਗੁਪਤ ਜਾਣਕਾਰੀ ਸ਼ੇਅਰ ਨਾ ਕਰੋ। ਇਸ ਜਾਣਕਾਰੀ ਨੂੰ ਅਪਰਾਧੀ ਚੋਰੀ ਕਰ ਸਕਦੇ ਹਨ। ਇਸ ਗੱਲ ਨੂੰ ਹਮੇਸ਼ਾ ਧਿਆਨ ਰੱਖੋ ਕਿ ਸੁਪਰੀਮ ਕੋਰਟ ਦੀ ਰਜਿਸਟਰੀ ਤੁਹਾਡੇ ਕੋਲੋਂ ਕਦੇ ਨਿੱਜੀ, ਵਿੱਤੀ ਜਾਂ ਕੋਈ ਹੋਰ ਗੁਪਤ ਜਾਣਕਾਰੀ ਨਹੀਂ ਮੰਗੇਗੀ।
ਰਜਿਸਟਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਇਸ ਫਰਜ਼ੀ ਵੈੱਬਸਾਈਟਸ ਬਾਰੇ ਦੱਸ ਦਿੱਤਾ ਹੈ, ਤਾਂਕਿ ਮੁਲਜ਼ਮਾਂ ਦੀ ਪਛਾਣ ਕਰ ਕੇ ਕਾਰਵਾਈ ਕੀਤੀ ਜਾ ਸਕੇ। ਜੇਕਰ ਤੁਸੀਂ ਧੋਖਾਦੇਹੀ ਦੇ ਸ਼ਿਕਾਰ ਹੋਏ ਹੋ, ਤਾਂ ਤੁਰੰਤ ਆਪਣੇ ਸਾਰੇ ਆਨਲਾਈਨ ਅਕਾਊਂਟਸ ਦਾ ਪਾਸਵਰਡ ਬਦਲ ਲਵੋ ਅਤੇ ਆਪਣੇ ਬੈਂਕ ਅਤੇ ਕ੍ਰੈਡਿਟ ਕਾਰਡ ਕੰਪਨੀ ਨੂੰ ਇਸ ਬਾਰੇ ਜਾਣਕਾਰੀ ਦਿਓ।