ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਅਮਰੀਕੀ ਨਾਗਰਿਕਾਂ ਤੋਂ ਰੋਜ਼ਾਨਾ ਵਸੂਲਦੇ ਸੀ 25 ਲੱਖ ਰੁਪਏ
Sunday, May 25, 2025 - 03:54 AM (IST)

ਪੁਣੇ (ਭਾਸ਼ਾ) - ਮਹਾਰਾਸ਼ਟਰ ਪੁਲਸ ਨੇ ਪੁਣੇ ਵਿਚ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਅਮਰੀਕੀ ਨਾਗਰਿਕਾਂ ਨੂੰ ਕਥਿਤ ਤੌਰ ’ਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਔਸਤਨ ਰੋਜ਼ਾਨਾ 25 ਲੱਖ ਰੁਪਏ ਤੋਂ ਵੱਧ ਦੀ ਰਕਮ ਵਸੂਲ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ ਵਿਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ‘ਮੈਗਨੇਟੈਲ ਬੀ. ਪੀ. ਐੱਸ. ਐਂਡ ਕੰਸਲਟੈਂਟਸ ਐੱਲ. ਐੱਲ. ਪੀ.’ ਨਾਮੀ ਗੈਰ-ਕਾਨੂੰਨੀ ਕਾਲ ਸੈਂਟਰ ਅਗਸਤ 2024 ਤੋਂ ਖਰਾਡੀ ਇਲਾਕੇ ਵਿਚ ਇਕ ਵਪਾਰਕ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸੰਚਾਲਿਤ ਹੋ ਰਿਹਾ ਸੀ। ਰਾਤ ਦੀ ਸ਼ਿਫਟ ਵਿਚ ਕੰਮ ਕਰਨ ਲਈ ਇਕ ਦਰਜਨ ਔਰਤਾਂ ਸਮੇਤ 120 ਤੋਂ ਵੱਧ ‘ਕਾਲਿੰਗ ਏਜੰਟਾਂ’ ਨੂੰ ਕੰਮ ’ਤੇ ਰੱਖਿਆ ਗਿਆ ਸੀ।
ਇਕ ਅਧਿਕਾਰੀ ਨੇ ਦੱਸਿਆ ਕਿ ਕਈ ਏਜੰਟਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਫਰਜ਼ੀ ਕਾਲ ਸੈਂਟਰ ਜ਼ਿਆਦਾਤਰ ਬਜ਼ੁਰਗ ਨਾਗਰਿਕਾਂ ਅਤੇ ਸੇਵਾਮੁਕਤ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ 64 ਲੈਪਟਾਪ ਅਤੇ 41 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ।