1800 ਕਰੋੜ ਰੁਪਏ ਦੇ ਡਰੱਗ ਮਾਮਲੇ ''ਚ ਫੈਕਟਰੀ ਮਾਲਕ ਗ੍ਰਿਫਤਾਰ

Friday, Oct 25, 2024 - 12:54 AM (IST)

ਭੋਪਾਲ— ਭੋਪਾਲ ਦੇ ਉਦਯੋਗਿਕ ਖੇਤਰ 'ਚ ਜ਼ਮੀਨ ਦੇ ਇਕ ਪਲਾਟ 'ਤੇ ਚਲਾਏ ਜਾ ਰਹੇ ਮੇਫੇਡ੍ਰੋਨ ਨਿਰਮਾਣ ਇਕਾਈ ਦਾ ਪਰਦਾਫਾਸ਼ ਹੋਣ ਤੋਂ ਕੁਝ ਦਿਨ ਬਾਅਦ ਪੁਲਸ ਨੇ ਵੀਰਵਾਰ ਨੂੰ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਇਹ ਜ਼ਮੀਨ ਸਰਕਾਰ ਨੇ ਲੀਜ਼ 'ਤੇ ਦਿੱਤੀ ਸੀ। ਕਟਾਰਾ ਹਿਲਜ਼ ਥਾਣੇ ਦੇ ਇੰਸਪੈਕਟਰ ਬ੍ਰਿਜੇਂਦਰ ਨਿਗਮ ਨੇ ਦੱਸਿਆ ਕਿ ਜੈਦੀਪ ਸਿੰਘ (58) ਨੇ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਿਆ ਸੀ ਅਤੇ ਉਹ ਕਰੀਬ ਤਿੰਨ ਹਫ਼ਤਿਆਂ ਤੋਂ ਫਰਾਰ ਸੀ ਅਤੇ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ ਅਤੇ ਇਸ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ 5 ਅਕਤੂਬਰ ਨੂੰ ਇੱਥੋਂ ਦੇ ਬਗਰੋਡਾ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਛਾਪਾ ਮਾਰਿਆ ਅਤੇ 907 ਕਿਲੋਗ੍ਰਾਮ ਮੈਫੇਡ੍ਰੋਨ ਜਾਂ ਐਮ.ਡੀ. ਨਾਮਕ ਨਸ਼ੀਲਾ ਪਦਾਰਥ ਜ਼ਬਤ ਕੀਤਾ, ਜਿਸ ਦੀ ਗੈਰ-ਕਾਨੂੰਨੀ ਮਾਰਕੀਟ ਵਿੱਚ ਕੀਮਤ 1,814 ਕਰੋੜ ਰੁਪਏ ਹੈ। ਏ.ਟੀ.ਐਸ. ਨੇ ਦਾਅਵਾ ਕੀਤਾ ਕਿ ਯੂਨਿਟ ਵਿੱਚ ਪ੍ਰਤੀ ਦਿਨ 25 ਕਿਲੋ ਐਮ.ਡੀ. ਪੈਦਾ ਕਰਨ ਦੀ ਸਮਰੱਥਾ ਸੀ। ਇਹ ਫੈਕਟਰੀ ਕਟਾਰਾ ਹਿਲਸ ਥਾਣੇ ਤੋਂ ਕਰੀਬ 15 ਕਿਲੋਮੀਟਰ ਅਤੇ ਮੱਧ ਪ੍ਰਦੇਸ਼ ਪੁਲਸ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੂਰ ਸਥਿਤ ਸੀ।

ਇਸ ਮਾਮਲੇ 'ਚ ਅਮਿਤ ਚਤੁਰਵੇਦੀ, ਸਾਨਿਆਲ ਬੈਨਰ, ਹਰੀਸ਼ ਅੰਜਨਾ ਅਤੇ ਪ੍ਰੇਮਸੁਖ ਪਾਟੀਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਵਿਚ ਪਾਇਆ ਗਿਆ ਕਿ 11,000 ਵਰਗ ਫੁੱਟ ਜ਼ਮੀਨ ਜਿਸ 'ਤੇ ਫੈਕਟਰੀ ਹੈ, ਮੱਧ ਪ੍ਰਦੇਸ਼ ਉਦਯੋਗਿਕ ਕੇਂਦਰ ਵਿਕਾਸ ਨਿਗਮ ਨੇ 2021 ਵਿਚ ਜੈਦੀਪ ਸਿੰਘ ਨੂੰ ਫਰਨੀਚਰ ਦਾ ਕਾਰੋਬਾਰ ਕਰਨ ਲਈ ਲੀਜ਼ 'ਤੇ ਦਿੱਤਾ ਸੀ। ਇੰਸਪੈਕਟਰ ਬ੍ਰਿਜੇਂਦਰ ਨਿਗਮ ਨੇ ਦੱਸਿਆ, "2023 ਵਿੱਚ ਉਸਨੇ ਇਹ ਜ਼ਮੀਨ ਐਸ.ਕੇ. ਸਿੰਘ ਨੂੰ ਵੇਚ ਦਿੱਤੀ, ਜਿਸ ਨੇ ਇਹ ਜ਼ਮੀਨ ਅਮਿਤ ਚਤੁਰਵੇਦੀ ਨੂੰ ਕਿਰਾਏ 'ਤੇ ਦਿੱਤੀ ਸੀ। ਜੈਦੀਪ ਸਿੰਘ ਨੇ ਜ਼ਮੀਨ ਵੇਚਦੇ ਸਮੇਂ ਉਦਯੋਗਿਕ ਕੇਂਦਰ ਵਿਕਾਸ ਨਿਗਮ ਨੂੰ ਸੂਚਿਤ ਨਹੀਂ ਕੀਤਾ ਸੀ।"
 


Inder Prajapati

Content Editor

Related News