Fact Check ; ਜੈਪੁਰ ਦੀ ਘਾਟ ਦੀ ਗੁਣੀ ਸੁਰੰਗ ਵਿੱਚ ਹੋਈ ਗੈਂਗਵਾਰ ? ਇਹ ਹੈ ਵਾਇਰਲ ਵੀਡੀਓ ਦੀ ਅਸਲ ਕਹਾਣੀ
Saturday, Jan 18, 2025 - 02:13 AM (IST)
Fact Check By AAJ TAK
ਨਵੀਂ ਦਿੱਲੀ- ਕਿਸੇ ਸੁਰੰਗ ਵਿੱਚ ਚੱਲ ਰਹੇ ਹੋ-ਹੱਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ 'ਚ ਫਾਇਰਿੰਗ ਵਰਗੀ ਆਵਾਜ਼ ਵੀ ਆ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਜੈਪੁਰ (Jaipur) ਸਥਿਤ ਘਾਟ ਦੀ ਗੁਣੀ ਸੁਰੰਗ ਵਿਚ 15 ਦਸੰਬਰ ਨੂੰ ਹੋਈ, ਜਿੱਥੇ ਗੈਂਗਵਾਰ ਦੌਰਾਨ ਟਕਰਾਅ ਦੇਖਣ ਨੂੰ ਮਿਲਿਆ ਸੀ।
ਇਸੇ ਦਾਅਵੇ ਦੇ ਨਾਲ ਇਹ ਵੀਡੀਓ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸੈਂਕੜੇ ਲੋਕ ਸ਼ੇਅਰ ਕਰ ਚੁੱਕੇ ਹਨ। ਇਸੇ ਤਰ੍ਹਾਂ ਦੀ ਇੱਕ ਵਾਇਰਲ ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖਿਆ ਜਾ ਸਕਦਾ ਹੈ।
ਆਜਤਕ ਫੈੱਕਟ ਚੈੱਕ ਦੇ ਆਧਾਰ 'ਤੇ ਇਹ ਵੀਡੀਓ ਨਾ ਤਾਂ ਜੈਪੁਰ ਦੀ ਹੈ, ਨਾ ਹੀ ਇਹ ਹਾਲ ਫਿਲਹਾਲ ਦੀ ਕਿਸੇ ਘਟਨਾ ਨਾਲ ਸਬੰਧਿਤ ਹੈ। ਇਹ 2022 ਦਾ ਰਾਜਸਥਾਨ ਦੇ ਉਦੈਪੁਰ ਦੀ ਚਿਰਵਾ ਟਨਲ ਦੀ ਵੀਡੀਓ ਹੈ।
ਕਿਵੇਂ ਪਤਾ ਲੱਗੀ ਸੱਚਾਈ ?
ਕੀਵਰਡ ਸਰਚ ਕਰਨ ਤੋਂ ਪਤਾ ਲੱਗਾ ਕਿ ਮਾਰਚ 2022 'ਚ ਵੀ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਨੂੰ ਜੈਪੁਰ ਦੇ ਘਾਟ ਦੀ ਗੁਣੀ ਸੁਰੰਗ ਦੀ ਵੀਡੀਓ ਦੱਸਿਆ ਸੀ। ਉਸ ਸਮੇਂ ਜੈਪੁਰ ਪੁਲਸ ਨੇ ਐਕਸ 'ਤੇ ਇਸ ਦਾਅਵੇ ਦਾ ਖੰਡਨ ਕੀਤਾ ਸੀ ਕਿ ਇਹ ਵੀਡੀਓ ਘਾਟ ਦੀ ਗੁਣੀ ਸੁਰੰਗ ਦਾ ਨਹੀਂ ਹੈ ਤੇ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜੈਪੁਰ 'ਚ ਨਹੀਂ ਹੋਈ ਹੈ।
ਉਸ ਸਮੇਂ News18 ਤੇ Zee Rajasthan ਦੀਆਂ ਖ਼ਬਰਾਂ 'ਚ ਦੱਸਿਆ ਗਿਆ ਸੀ ਕਿ ਇਹ ਵੀਡੀਓ ਉਦੈਪੁਰ ਦੇ ਨਾਥਦੁਆਰਾ ਹਾਈਵੇ 'ਤੇ ਬਣੀ ਚਿਰਵਾ ਟਨਲ ਦੀ ਹੈ, ਜਿੱਥੇ ਅੱਧਾ ਦਰਜਨ ਤੋਂ ਵੀ ਵੱਧ ਨੌਜਵਾਨਾਂ ਨੇ ਜੰਮ ਕੇ ਹੁੱਲ੍ਹੜਬਾਜ਼ੀ ਕੀਤੀ ਸੀ। ਖ਼ਬਰਾਂ ਅਨੁਸਾਰ ਹੰਗਾਮੇ ਦੌਰਾਨ ਨੌਜਵਾਨਾਂ ਨੇ ਪਿਸਤੌਲ ਲਹਿਰਾਉਂਦੇ ਹੋਏ ਫਾਇਰਿੰਗ ਵੀ ਕੀਤੀ ਸੀ। ਵੀਡੀਓ ਮਹਾਸ਼ਿਵਰਾਤਰੀ ਦੇ ਦਿਨ ਦੀ ਦੱਸੀ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਉਦੈਪੁਰ ਪੁਲਸ ਨੇ ਐਕਸ 'ਤੇ ਦੱਸਿਆ ਸੀ ਕਿ ਚਿਰਵਾ ਟਨਲ ਦੀ ਇਸ ਘਟਨਾ 'ਚ ਫਾਇਰਿੰਗ ਨਹੀਂ ਹੋਈ ਸੀ। ਪੁਲਸ ਅਨੁਸਾਰ ਲਾਠੀ-ਡੰਡਿਆਂ ਨੂੰ ਬਾਈਕ 'ਤੇ ਮਾਰਨ ਨਾਲ ਇਹ ਆਵਾਜ਼ ਆ ਰਹੀ ਸੀ, ਜਿਸ ਨੂੰ ਲੋਕਾਂ ਨੇ ਫਾਇਰਿੰਗ ਦੀ ਆਵਾਜ਼ ਸਮਝ ਲਿਆ।
ਯੂਟਿਊਬ 'ਤੇ ਮੌਜੂਦ ਚਿਰਵਾ ਟਨਲ ਦੀ ਵੀਡੀਓ ਨੂੰ ਦੇਖਣ ਤੋਂ ਵੀ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਵੀਡੀਓ ਚਿਰਵਾ ਟਨਲ ਦੀ ਹੈ। ਨਾਲ ਹੀ, ਸਾਨੂੰ ਹਾਲ-ਫਿਲਹਾਲ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜਿਸ 'ਚ ਘਾਟ ਦੀ ਗੁਣੀ ਸੁਰੰਗ 'ਚ ਗੈਂਗਵਾਰ ਹੋਣ ਦੀ ਗੱਲ ਕਹੀ ਗਈ ਹੋਵੇ।
ਸਾਫ਼ ਹੈ ਕਿ ਇਹ ਵੀਡੀਓ ਦੋ ਸਾਲ ਪੁਰਾਣੀ ਹੈ, ਨਾ ਕਿ ਹਾਲ-ਫਿਲਹਾਲ ਦੀ।
(Disclaimer: ਇਹ ਫੈਕਟ ਮੂਲ ਤੌਰ 'ਤੇ Aaj Tak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)