ਇੰਡੀਗੋ ਮਾਮਲੇ ''ਚੋਂ ਆ ਰਹੀ ਹੈ ਵੱਡੇ ਘਪਲੇ ਦੀ ਬੱਦਬੂ : ਕੇਜਰੀਵਾਲ
Tuesday, Dec 09, 2025 - 05:19 PM (IST)
ਨੈਸ਼ਨਲ ਡੈਸਕ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇੰਡੀਗੋ ਸੇਵਾਵਾਂ 'ਚ ਵੱਡੇ ਪੈਮਾਨੇ 'ਤੇ ਵਿਘਨ 'ਚ ਕੇਂਦਰ ਸਰਕਾਰ ਦੀ ਮਿਲੀਭਗਤ ਲੱਗ ਰਹੀ ਹੈ ਅਤੇ ਇਸ ਪੂਰੇ ਮਾਮਲੇ 'ਚੋਂ ਇਕ 'ਵੱਡੇ ਘਪਲੇ' ਦੀ ਬੱਦਬੂ ਆ ਰਹੀ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ,''ਇੰਡੀਗੋ ਮਾਮਲਾ ਅਤੇ ਹਵਾਈ ਅੱਡਿਆਂ 'ਤੇ ਹਫੜਾ-ਦਫੜੀ, ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ... ਪੂਰੀ ਦੁਨੀਆ ਭਾਰਤ ਨੂੰ ਦੇਖ ਰਹੀ ਹੈ। ਇਹ 21ਵੀਂ ਸਦੀ ਦਾ ਭਾਰਤ ਹੈ ਅਤੇ ਇਸ ਨੂੰ ਆਧੁਨਿਕ ਭਾਰਤ ਮੰਨਿਆ ਜਾਂਦਾ ਹੈ ਪਰ ਅਸੀਂ ਆਪਣੀ ਏਅਰਲਾਈਨ ਵੀ ਨਹੀਂ ਚਲਾ ਪਾ ਰਹੇ ਹਾਂ।'' ਬਜ਼ਾਰ 'ਚ 65 ਫੀਸਦੀ ਤੋਂ ਵੱਧ ਹਿੱਸੇ ਵਾਲੀ ਹਵਾਬਾਜ਼ੀ ਕੰਪਨੀ ਇੰਡੀਗੋ ਨੇ 2 ਦਸੰਬਰ ਤੋਂ 4 ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕੀਤੀਆਂ ਹਨ, ਜਿਸ ਨਾਲ ਹਜ਼ਾਰਾਂ ਯਾਤਰੀ ਫਸ ਗਏ ਅਤੇ ਉਨ੍ਹਾਂ ਦੀਆਂ ਛੁੱਟੀਆਂ ਦੀਆਂ ਯੋਜਨਾਵਾਂ, ਮਹੱਤਵਪੂਰਨ ਬੈਠਕਾਂ ਅਤੇ ਵਿਆਹਾਂ ਵਰਗੇ ਵੱਡੇ ਆਯੋਜਨ ਰੁਕ ਗਏ।
ਕੇਜਰੀਵਾਲ ਨੇ ਕਿਹਾ,''ਕੁਝ ਤਾਂ ਗੰਭੀਰ ਰੂਪ ਨਾਲ ਗੜਬੜ ਹੈ ਜਾਂ ਤਾਂ ਭਾਰਤ ਸਰਕਾਰ ਅਯੋਗ ਹੈ ਜਾਂ ਉਸ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਜਾਂ ਫਿਰ ਉਹ ਇਸ 'ਚ ਸ਼ਾਮਲ ਹੈ। ਮੈਨੂੰ ਲੱਗਦਾ ਹੈ ਕਿ ਦੂਜੀ ਗੱਲ ਜ਼ਿਆਦਾ ਸੰਭਾਵਿਤ ਹੈ- ਉਹ ਇਸ 'ਚ ਸ਼ਾਮਲ ਹੈ।'' ਉਨ੍ਹਾਂ ਕਿਹਾ,''ਉਸ ਨੇ ਜੋ ਜਾਂਚ ਕਮੇਟੀ ਗਠਿਤ ਕੀਤੀ ਹੈ, ਉਸ ਦੇ ਮਾਧਿਅਮ ਨਾਲ ਉਹ ਸਾਨੂੰ ਸਿਰਫ਼ ਬੇਵਕੂਫ ਬਣਾ ਰਹੀ ਹੈ। ਇਹ ਇਕ ਬਹੁਤ ਵੱਡਾ ਘਪਲਾ ਹੈ।'' ਉਡਾਣਾਂ ਰੱਦ ਹੋਣ ਅਤੇ ਰੁਕਾਵਟਾਂ ਦੇ ਵਿਚਕਾਰ, ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਇੰਡੀਗੋ ਨੂੰ ਸਰਦੀਆਂ ਦੌਰਾਨ ਉੱਚ-ਸਮਰੱਥਾ ਵਾਲੇ ਰੂਟਾਂ 'ਤੇ ਆਪਣੀਆਂ ਯੋਜਨਾਬੱਧ ਉਡਾਣਾਂ ਨੂੰ ਪੰਜ ਫੀਸਦੀ ਘਟਾਉਣ ਦਾ ਹੁਕਮ ਦਿੱਤਾ ਹੈ। 8 ਦਸੰਬਰ ਦੇ ਆਪਣੇ ਆਦੇਸ਼ 'ਚ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੰਡੀਗੋ ਨੂੰ ਬੁੱਧਵਾਰ ਤੱਕ ਇਕ ਸੋਧਿਆ ਸਮਾਂ-ਸਾਰਣੀ ਪੇਸ਼ ਕਰਨ ਲਈ ਕਿਹਾ ਹੈ। ਡੀਜੀਸੀਏ ਨੇ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਸੰਚਾਲਨ ਅਧਿਕਾਰੀ ਨੂੰ ਵਿਘਨਾਂ ਬਾਰੇ ਸਪੱਸ਼ਟੀਕਰਨ ਦੇਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਨੇ ਖਾਮੀਆਂ ਦੀ ਜਾਂਚ ਲਈ ਇਕ ਚਾਰ ਮੈਂਬਰੀ ਕਮੇਟੀ ਬਣਾਈ ਹੈ।
