''ਭਾਰਤ ਨਿਰਪੱਖ ਨਹੀਂ ਪਰ ਸ਼ਾਂਤੀ ਦੇ ਹੱਕ ''ਚ ਹੈ'': PM ਮੋਦੀ ਤੇ ਪੁਤਿਨ ''ਚ ਹੋਈ ਅਹਿਮ ਗੱਲਬਾਤ
Friday, Dec 05, 2025 - 01:54 PM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਯੁੱਧ ਨੂੰ ਖ਼ਤਮ ਕਰਨ ਦੀਆਂ ਤਾਜ਼ਾ ਕੋਸ਼ਿਸ਼ਾਂ ਦਾ ਸ਼ੁੱਕਰਵਾਰ ਨੂੰ ਜ਼ੋਰਦਾਰ ਸਮਰਥਨ ਕੀਤਾ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਸੰਦੇਸ਼ ਦਿੱਤਾ ਕਿ ਭਾਰਤ ਇਸ ਟਕਰਾਅ ਦਾ ਸੁਹਿਰਦ ਹੱਲ ਲੱਭਣ ਲਈ ਸਾਰੇ ਸ਼ਾਂਤੀ ਯਤਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇਗਾ। ਯੂਕਰੇਨ ਮੁੱਦਾ ਦੋਵਾਂ ਆਗੂਆਂ ਵਿਚਕਾਰ ਸਾਲਾਨਾ ਸਿਖਰ ਸੰਮੇਲਨ ਵਿੱਚ ਕੇਂਦਰੀ ਸਥਾਨ 'ਤੇ ਰਿਹਾ ਹੈ। ਇਸ ਸਿਖਰ ਸੰਮੇਲਨ ਦਾ ਉਦੇਸ਼ ਲਗਭਗ ਅੱਠ ਦਹਾਕੇ ਪੁਰਾਣੀ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ, ਜੋ ਗੁੰਝਲਦਾਰ ਭੂ-ਰਾਜਨੀਤਿਕ ਵਾਤਾਵਰਣ ਅਤੇ ਤਣਾਅ ਦੇ ਬਾਵਜੂਦ ਸਥਿਰ ਰਹੀ ਹੈ।
ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਰ ਸੰਮੇਲਨ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਭਾਰਤ ਯੂਕਰੇਨ ਸੰਘਰਸ਼ 'ਤੇ ਨਿਰਪੱਖ ਨਹੀਂ ਹੈ, ਸਗੋਂ ਸ਼ਾਂਤੀ ਦੀ ਵਕਾਲਤ ਕਰਦਾ ਹੈ। ਮੋਦੀ ਨੇ ਕਿਹਾ, "ਅਸੀਂ ਯੂਕਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹੀ ਇਸ 'ਤੇ ਚਰਚਾ ਕਰ ਰਹੇ ਹਾਂ। ਇੱਕ ਕਰੀਬੀ ਦੋਸਤ ਹੋਣ ਦੇ ਨਾਤੇ, ਤੁਸੀਂ ਸਾਨੂੰ ਨਿਯਮਿਤ ਤੌਰ 'ਤੇ ਸਥਿਤੀ ਬਾਰੇ ਅਪਡੇਟ ਕਰਦੇ ਆ ਰਹੇ ਹੋ। ਮੇਰਾ ਮੰਨਣਾ ਹੈ ਕਿ ਵਿਸ਼ਵਾਸ ਇੱਕ ਵੱਡੀ ਤਾਕਤ ਹੈ।" ਉਨ੍ਹਾਂ ਕਿਹਾ, "ਸਾਨੂੰ ਸਾਰਿਆਂ ਨੂੰ ਸ਼ਾਂਤੀ ਦਾ ਰਸਤਾ ਲੱਭਣਾ ਚਾਹੀਦਾ ਹੈ। ਮੈਂ ਨਵੀਨਤਮ ਯਤਨਾਂ ਤੋਂ ਜਾਣੂ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਦੁਨੀਆ ਸ਼ਾਂਤੀ ਵੱਲ ਮੁੜੇਗੀ।"
ਪੜ੍ਹੋ ਇਹ ਵੀ - ਦਿੱਲੀ ਏਅਰਪੋਰਟ ਤੋਂ IndiGo ਦੀ ਅੱਧੀ ਰਾਤ ਤੱਕ ਦੀਆਂ ਸਾਰੀਆਂ ਉਡਾਣਾਂ ਰੱਦ, ਐਡਵਾਇਜ਼ਰੀ ਜਾਰੀ
ਉਨ੍ਹਾਂ ਕਿਹਾ, "ਮੈਂ ਹਮੇਸ਼ਾ ਕਿਹਾ ਹੈ ਕਿ ਭਾਰਤ ਨਿਰਪੱਖ ਨਹੀਂ ਹੈ; ਭਾਰਤ ਦਾ ਇਕ ਪੱਖ ਹੈ ਅਤੇ ਉਹ ਹੈ ਸ਼ਾਂਤੀ। ਅਸੀਂ ਸਾਰੇ ਸ਼ਾਂਤੀ ਯਤਨਾਂ ਦਾ ਸਮਰਥਨ ਕਰਦੇ ਹਾਂ ਅਤੇ ਇਨ੍ਹਾਂ ਕੋਸ਼ਿਸ਼ਾਂ ਲਈ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।" ਆਪਣੇ ਸੰਬੋਧਨ ਵਿੱਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਮਾਸਕੋ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਕੰਮ ਕਰ ਰਿਹਾ ਹੈ। ਵੀਰਵਾਰ ਸ਼ਾਮ ਨੂੰ ਪੁਤਿਨ ਦਾ ਲਾਲ ਕਾਰਪੇਟ ਵਿਛਾ ਕੇ ਸਵਾਗਤ ਕੀਤਾ ਗਿਆ, ਜੋ ਕਿ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਸੀ। ਫਰਵਰੀ 2022 ਵਿੱਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਵੀ ਹੈ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
