ਫੈਬਇੰਡੀਆ ਨੇ ਦੀਵਾਲੀ ਨੂੰ ਦੱਸਿਆ ‘ਜਸ਼ਨ-ਏ-ਰਿਵਾਜ਼’, ਯੂਜਰਸ ਦੇ ਵਿਰੋਧ ’ਤੇ ਵਾਪਸ ਲੈਣਾ ਪਿਆ ਇਸ਼ਤਿਹਾਰ

Wednesday, Oct 20, 2021 - 04:12 PM (IST)

ਫੈਬਇੰਡੀਆ ਨੇ ਦੀਵਾਲੀ ਨੂੰ ਦੱਸਿਆ ‘ਜਸ਼ਨ-ਏ-ਰਿਵਾਜ਼’, ਯੂਜਰਸ ਦੇ ਵਿਰੋਧ ’ਤੇ ਵਾਪਸ ਲੈਣਾ ਪਿਆ ਇਸ਼ਤਿਹਾਰ

ਨਵੀਂ ਦਿੱਲੀ (ਬਿਊਰੋ) : ਕੱਪੜਿਆਂ ਦੇ ਵੱਕਾਰੀ ਬ੍ਰਾਂਡ ਫੈਬਇੰਡੀਆ ਦਾ ਦੀਵਾਲੀ ਮੌਕੇ ’ਤੇ ਸ਼ੁਰੂ ਕੀਤਾ ਗਿਆ ਕੈਂਪੇਨ ‘ਜਸ਼ਨ-ਏ-ਰਿਵਾਜ਼’ ਉਸ ਸਮੇਂ ਖਟਾਈ ਵਿਚ ਪੈ ਗਿਆ ਜਦੋਂ ਸੋਸ਼ਲ ਮੀਡੀਆ ’ਤੇ ਵਿਰੋਧ ਅਤੇ ਟ੍ਰੋਲਿੰਗ ਤੋਂ ਬਾਅਦ ਆਖਿਰਕਾਰ ਫੈਬਇੰਡੀਆ ਨੂੰ ਆਪਣਾ ਟਵੀਟ ਹਟਾਉਣਾ ਪਿਆ। ਕਈ ਯੂਜਰਸ ਨੇ ਕਿਹਾ ਕਿ ਫੈਬਇੰਡੀਆ ਦਾ ਕੈਂਪੇਨ ਹਿੰਦੂ ਤਿਉਹਾਰ ਨੂੰ ਵੱਖਰਾ ਰੰਗ ਦੇਣ ਦੀ ਕੋਸ਼ਿਸ਼ ਹੈ। ਫੈਬਇੰਡੀਆ ਨੇ ਇਸ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ। ਇਸ ’ਚ ਕੁਝ ਮਾਡਲਾਂ ਦੀਆਂ ਫੋਟੋਆਂ ਵੀ ਸਨ, ਜਿਨ੍ਹਾਂ ਨੇ ਦੀਵਾਲੀ ਕਲੈਕਸ਼ਨ ਕੱਪੜੇ ਪਾਏ ਹੋਏ ਸਨ। ਇਸ ਪੋਸਟ ਨਾਲ ਲਿਖਿਆ ਸੀ ਕਿ ਜਦੋਂ ਅਸੀਂ ਪਿਆਰ ਅਤੇ ਰੋਸ਼ਨੀ ਦੇ ਤਿਉਹਾਰ ਦਾ ਸਵਾਗਤ ਕਰ ਰਹੇ ਹਾਂ, ਫੈਬਇੰਡੀਆ ਵਲੋਂ ਜਸ਼ਨ-ਏ-ਰਿਵਾਜ਼ ਇਕ ਅਜਿਹਾ ਸੰਗ੍ਰਹਿ ਹੈ ਜੋ ਭਾਰਤੀ ਸੰਸਕ੍ਰਿਤੀ ਦੀ ਖੂਬਸੂਰਤੀ ਦਿਖਾਉਂਦਾ ਹੈ। ਫੈਬਇੰਡੀਆ ਨੇ ਭਾਜਪਾ ਸੰਸਦ ਮੈਂਬਰ ਅਤੇ ਕੁਝ ਹੋਰ ਲੋਕਾਂ ਦੇ ਵਿਰੋਧ ਤੋਂ ਬਾਅਦ ਆਪਣੀ ਨਵੀਂ ਉਤਸਵ ਲੜੀ ਦੇ ਇਸ਼ਤਿਹਾਰ ਨੂੰ ਵਾਪਸ ਲੈ ਲਿਆ ਹੈ।

PunjabKesari

ਸ਼ਬਦ ਨੂੰ ਦੱਸਿਆ ਹਿੰਦੂ ਤਿਉਹਾਰ ਦਾ ਅਪਮਾਨ
‘ਜਸ਼ਨ-ਏ-ਰਿਵਾਜ਼’ ਦੇ ਨਾਂ ਨਾਲ ਜਾਰੀ ਇਸ ਲੜੀ ਨੂੰ ਲੈ ਕੇ ਭਾਜਪਾ ਦੀ ਯੁਵਾ ਬਰਾਂਚ ਦੇ ਪ੍ਰਮੁੱਖ ਸੰਸਦ ਮੈਂਬਰ ਤੇਜਸਵੀ ਸੂਰਯਾ ਨੇ ਟਵੀਟ ਕਰ ਕੇ ਵਿਰੋਧ ਪ੍ਰਗਟਾਇਆ ਸੀ। ਉਨ੍ਹਾਂ ਨੇ ‘ਜਸ਼ਨ-ਏ-ਰਿਵਾਜ਼’ ਸ਼ਬਦ ਨੂੰ ਹਿੰਦੂ ਤਿਉਹਾਰਾਂ ਦਾ ਅਪਮਾਨ ਦੱਸਿਆ। ਕਿਹਾ ਕਿ ਇਸ਼ਤਿਹਾਰ ਵਿਚ ਜੋ ਮਾਡਲਾਂ ਦਿਖੀਆਂ ਗਈਆਂ ਹਨ, ਉਹ ਭਾਰਤੀ ਡਰੈੱਸਾਂ ਨੂੰ ਵੀ ਨਹੀਂ ਪਾਈਆਂ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਫੈਬਇੰਡੀਆ ਵਰਗੇ ਬ੍ਰਾਂਡਾਂ ਨੂੰ ਇਸ ਤਰ੍ਹਾਂ ਜਾਣਬੁੱਝ ਕੇ ਕੀਤੇ ਗਏ ਗੁਸਤਾਖੀ ਲਈ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਹੋਵੇਗਾ। ਹਾਲਾਂਕਿ ਕੰਪਨੀ ਨੇ ਕਿਹਾ ਕਿ ਇਹ ਦੀਵਾਲੀ ਸੰਗ੍ਰਹਿ ਨਹੀਂ ਹੈ ਅਤੇ ਦੀਵਾਲੀ ਦਾ ਸੰਗ੍ਰਹਿ ਜਲਦੀ ਹੀ ‘ਝਿਲਮਿਲ ਸੀ ਦੀਵਾਲੀ’ ਦੇ ਤਹਿਤ ਪੇਸ਼ ਕੀਤਾ ਜਾਏਗਾ।

ਟਵਿਟਰ ਨਾਲ ਵਿਵਾਦ ਹੋਣ ’ਤੇ ਹਟਾਇਆ ਗਿਆ ਸੀ ਟਵੀਟ
ਇਸ ਵਿਵਾਦ ’ਤੇ ਸੋਸ਼ਲ ਮੀਡੀਆ ’ਤੇ ਬਹਿਸ ਛਿੜ ਗਈ। ਕਈ ਲੋਕਾਂ ਨੇ ਫੈਬਇੰਡੀਆ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਦਾ ਕਹਿਣਾ ਸੀ ਕਿ ਕੰਪਨੀ ਹਿੰਦੂ ਤਿਉਹਾਰ ਵਿਚ ਗੈਰ-ਜ਼ਰੂਰੀ ਰੂਪ ਨਾਲ ਧਰਮ-ਨਿਰਪੱਖਤਾ ਅਤੇ ਮੁਸਲਿਮ ਵਿਚਾਰਧਾਰਾ ਨੂੰ ਥੋਪ ਰਹੀ ਹੈ, ਅਤੇ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਦੀ ਹੈ। ਲੋਕਾਂ ਨੇ ਬ੍ਰਾਂਡ ਦੇ ਬਾਈਕਾਟ ਦਾ ਸੱਦਾ ਦਿੱਤਾ ਅਤੇ ਜਲਦੀ ਹੀ ਇਹ ਮੁਹਿੰਮ ਟਾਪ ਟਰੇਂਡ ਵਿਚ ਸ਼ਾਮਲ ਹੋ ਗਈ। ਹਾਲਾਂਕਿ, ਵਿਰੋਧ ਤੋਂ ਬਾਅਦ ਟਵਿਟਰ ’ਤੇ 9 ਅਕਤੂਬਰ ਨੂੰ ਜਾਰੀ ਜਸ਼ਨ-ਏ-ਰਿਵਾਜ਼ ਸੰਗ੍ਰਹਿ ਵਾਲੇ ਇਸ ਟਵੀਟ ਨੂੰ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਟਾਟਾ ਸਮੂਹ ਦੇ ਜਵੈਲਰੀ ਬ੍ਰਾਂਡ ਤਨਿਸ਼ਕ ਨੂੰ ਇਕ ਇਸ਼ਤਿਹਾਰ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ, ਜਿਸ ਵਿਚ ਮੁਸਲਿਮ ਸੁਹਰੇ ਪਰਿਵਾਰ ਵਾਲਿਆਂ ਨੂੰ ਹਿੰਦੂ ਲਾੜੀ ਲਈ ਗੋਦ ਭਰਾਈ ਦਾ ਆਯੋਜਨ ਕਰਦੇ ਦਿਖਾਇਆ ਗਿਆ ਸੀ।


author

Anuradha

Content Editor

Related News