ਪਟਾਕਾ ਫੈਕਟਰੀ ''ਚ ਧਮਾਕਾ, 4 ਲੋਕਾਂ ਦੀ ਮੌਤ
Friday, Feb 07, 2025 - 05:03 PM (IST)
ਕੋਲਕਾਤਾ- ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਪਟਾਕਾ ਬਣਾਉਣ ਵਾਲੀ ਇਕ ਫੈਕਟਰੀ 'ਚ ਧਮਾਕੇ 'ਚ ਤਿੰਨ ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਕਲਿਆਣੀ ਦੇ ਰਥਤਲਾ ਦੇ ਭੀੜ-ਭੜੱਕੇ ਵਾਲੇ ਰਿਹਾਇਸ਼ੀ ਇਲਾਕੇ 'ਚ ਸਥਿਤ ਫੈਕਟਰੀ 'ਚ ਧਮਾਕਾ ਹੋਣ ਕਾਰਨ ਇਕ ਔਰਤ ਜ਼ਖਮੀ ਹੋ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਚਾਰ ਲੋਕਾਂ ਨੂੰ ਜੇ. ਐਨ.ਐਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਅਧਿਕਾਰੀ ਨੇ ਕਿਹਾ ਕਿ ਅਸੀਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਮੌਕੇ 'ਤੇ ਪਹੁੰਚ ਰਹੀ ਹੈ। ਪੁਲਸ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਫੈਕਟਰੀ 'ਚ ਲੱਗੀ ਅੱਗ 'ਤੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।