ਸਮਾਰਟਫੋਨ ਤੋਂ ਹੋ ਗਈ ਸੀ ਪ੍ਰੇਸ਼ਾਨ, ਕਬਾੜ ਤੋਂ ਬਣਾ ਲਿਆ ਅਨੋਖਾ ਫੋਨ (ਤਸਵੀਰਾਂ)
Sunday, Mar 08, 2020 - 09:59 PM (IST)
ਨਵੀਂ ਦਿੱਲੀ (ਸਾ. ਟਾ.)-ਅੱਜ-ਕੱਲ ਸਮਾਰਟ ਫੋਨ ਦੀ ਵਰਤੋਂ ਇੰਨੀ ਵਧ ਗਈ ਹੈ ਕਿ ਲੋਕ ਪ੍ਰੇਸ਼ਾਨ ਹੋਣ ਲੱਗੇ ਹਨ। ਰੋਜ਼ਾਨਾਂ ਦੀਆਂ ਜ਼ਰੂਰੀ ਕਾਲਜ਼, ਮੈਸੇਜ, ਈ-ਮੇਲਜ਼ ਆਦਿ ਦਾ ਕੋਈ ਦੂਜਾ ਬਦਲਾਅ ਹੀ ਨਹੀਂ ਲੱਭ ਰਿਹਾ। ਨਾਲ ਹੀ ਸਮਾਰਟ ਫੋਨ ਦੇ ਆਉਣ ਨਾਲ ਰਿਸ਼ਤਿਆਂ ਵਿਚ ਦੂਰੀਆਂ ਵਧਣ ਲੱਗੀਆਂ ਹਨ।
ਇਕ ਪੁਲਾੜ ਇੰਜੀਨੀਅਰ ਵੀ ਸਮਾਰਟ ਫੋਨ ਤੋਂ ਕਾਫੀ ਪ੍ਰੇਸ਼ਾਨ ਹੋ ਗਈ ਸੀ ਤੇ ਉਹ ਅਜਿਹਾ ਫੋਨ ਚਾਹੁੰਦੀ ਸੀ, ਜਿਹੜਾ ਪ੍ਰੇਸ਼ਾਨ ਨਾ ਕਰੇ। ਇਸ ਮਗਰੋਂ ਉਸ ਨੇ 3 ਸਾਲ ਦੀ ਮਿਹਨਤ ਨਾਲ ਕਬਾੜ ਇਕੱਠਾ ਕਰ ਕੇ ਇਕ ਨਵੇਂ ਮੋਬਾਇਲ ਫੋਨ ਦਾ ਇਜਾਦ ਕਰ ਦਿੱਤਾ। ਇਹ ਫੋਨ ਅਜਿਹਾ ਹੈ, ਜਿਸ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਨਹੀਂ ਹੁੰਦੀ, ਜਿਸ ਤੋਂ ਸਿਰਫ ਕਾਲਜ਼ ਹੀ ਕੀਤੀਆਂ ਜਾ ਸਕਦੀਆਂ ਹਨ।
ਇਸ ਮੋਬਾਇਲ ਫੋਨ ਨੂੰ ਪੁਰਾਣੇ ਫੋਨ ਦੀ ਤਰਜ਼ ’ਤੇ ਬਣਾਇਆ ਗਿਆ ਹੈ, ਜਿਸ ’ਤੇ ਨੰਬਰ ਮਿਲਾਉਣ ਲਈ ਡਾਇਲ ਨੂੰ ਘੁਮਾਉਣਾ ਪੈਂਦਾ ਹੈ। ਜਸਟਿਨ ਹਾਪਟ ਨਾਂ ਦੀ ਇਸ 34 ਸਾਲ ਪੁਲਾੜ ਇੰਜੀਨੀਅਰ ਦਾ ਕਹਿਣਾ ਹੈ ਕਿ ਉਹ ਸਮਾਰਟ ਫੋਨ ਕਾਰਣ ਕਾਫੀ ਪ੍ਰੇਸ਼ਾਨ ਹੋ ਗਈ ਸੀ। ਅਖਬਾਰ 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਉਹ ਚਾਹੁਣ ਦੇ ਬਾਵਜੂਦ ਇਸ ਦੀ ਵਰਤੋਂ ਘੱਟ ਨਹੀਂ ਕਰ ਪਾ ਰਹੀ ਸੀ।
ਹਰ ਦਿਨ ਸੋਸ਼ਲ ਮੀਡੀਆ ਅਤੇ ਫੋਟੋਆਂ ਕਲਿੱਕ ਕਰਨ ਵਿਚ ਲੰਘ ਜਾਂਦਾ ਸੀ। ਨਾਲ ਹੀ ਇਸ ਕਾਰਣ ਦੂਜੇ ਲੋਕਾਂ ਨੂੰ ਵੀ ਪ੍ਰੇਸ਼ਾਨ ਹੁੰਦੇ ਦੇਖਿਆ। ਇਸ ਲਈ ਉਸ ਨੇ ਫੈਸਲਾ ਲਿਆ ਕਿ ਕਿਉਂ ਨਾ ਇਹੋ ਜਿਹਾ ਮੋਬਾਇਲ ਬਣਾਇਆ ਜਾਵੇ, ਜਿਸ ਨਾਲ ਸਿਰਫ ਕਾਲਜ਼ ਕੀਤੀਆਂ ਜਾਣ ਅਤੇ ਮੈਸੇਜ ਅਤੇ ਈ-ਮੇਲਜ਼ ਦਾ ਝੰਜਟ ਹੀ ਖਤਮ ਹੋ ਜਾਵੇ।
ਉਸ ਦਾ ਕਹਿਣਾ ਹੈ ਕਿ ਫੋਨ ਦਾ ਮਕਸਦ ਸਿਰਫ ਕਾਲ ਕਰਨਾ ਅਤੇ ਸੁਣਨਾ ਹੁੰਦਾ ਸੀ ਪਰ ਅੱਜ ਕਲ ਫੋਨ ਹੀ ਕੰਪਿਊਟਰ ਬਣ ਗਏ ਹਨ ਤੇ ਇਸ ਤੋਂ ਵੀ ਵੱਧ ਕੇ ਦੁਨੀਆ ਉਸ ’ਚ ਸਮਾ ਗਈ ਹੈ। ਇਹੋ ਕਾਰਣ ਹੈ ਕਿ ਹਰ ਕੋਈ ਸਮਾਰਟ ਫੋਨ ’ਚ ਖੁੱਭਿਆ ਰਹਿੰਦਾ ਹੈ, ਜਿਸ ਤੋਂ ਦੂਰੀ ਬਣਾਉਣ ਲਈ ਅਤੇ ਨਵਾਂ ਫੋਨ ਵਿਕਸਿਤ ਕਰਨ ਲਈ ਉਸ ਨੂੰ 3 ਸਾਲ ਲੱਗ ਗਏ।
ਇਨ੍ਹਾਂ ਤਿੰਨ ਸਾਲਾਂ ’ਚ ਮੈਂ ਕਬਾੜ ਦੀਆਂ ਸਾਰੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਲੱਭਿਆ ਤੇ ਮੋਬਾਇਲ ਬਣਾਉਣਾ ਸ਼ੁਰੂ ਕੀਤਾ ਜਦਕਿ ਅਜਿਹਾ ਕਰਨਾ ਇੰਨਾ ਸੌਖਾ ਨਹੀਂ ਸੀ ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ।
ਇਸ ਦਾ ਕੀ-ਪੈਡ ਪੁਰਾਣੇ ਜ਼ਮਾਨੇ ਦੇ ਫੋਨ ਵਰਗਾ ਹੈ, ਜਿਥੇ ਨੰਬਰ ਮਿਲਾਉਣ ਲਈ ਇਕ-ਇਕ ਨੰਬਰ ਨੂੰ ਘੁਮਾਉਣਾ ਪੈਂਦਾ ਹੈ। ਇਸ ਦਾ ਸਾਈਜ਼ ਸਿਰਫ 4 ਇੰਚ ਹੈ ਅਤੇ ਬੈਟਰੀ ਲਾਈਫ 30 ਘੰਟਿਆਂ ਦੀ ਹੈ, ਜਿਹੜੀ ਆਮ ਸਮਾਰਟ ਫੋਨ ਤੋਂ ਕਿਤੇ ਜ਼ਿਆਦਾ ਹੈ।
ਇਸ ਮੋਬਾਇਲ ਨੂੰ ਤਿਆਰ ਕਰਨ ਤੋਂ ਬਾਅਦ ਇਸ ਨੂੰ ਵੇਚਣ ਦੀ ਤਿਆਰੀ ਕੀਤੀ ਗਈ। ਇਸ ਅਨੋਖੇ ਮੋਬਾਇਲ ਦੀ ਬਾਜ਼ਾਰ ’ਚ ਕੀਮਤ 12,500 ਰੁਪਏ ਰੱਖੀ ਗਈ ਤੇ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ।