ਹੁਣ ਪਰਾਲੀ ਹੀ ਦੂਰ ਕਰੇਗੀ ਪ੍ਰਦੂਸ਼ਣ
Friday, Nov 17, 2017 - 02:09 PM (IST)

ਨਵੀਂ ਦਿੱਲੀ— ਪਰਾਲੀ ਦੀਆਂ ਗੋਲੀਆਂ 'ਚ ਕਾਰਬਨ ਚੂਸਣ ਦੀ ਸਮਰੱਥਾ ਨੂੰ ਧਿਆਨ 'ਚ ਰੱਖਦਿਆਂ ਬਿਜਲੀ ਮੰਤਰਾਲਾ ਕੋਲੇ ਨਾਲ ਚੱਲਣ ਵਾਲੇ ਤਾਪ ਬਿਜਲੀ ਪਲਾਂਟਾਂ 'ਚ ਇਸ ਦੀ ਵਰਤੋਂ ਜ਼ਰੂਰੀ ਕਰਾਰ ਦੇਵੇਗਾ। ਇਸ ਨਾਲ ਪਰਾਲੀ ਅਤੇ ਪਲਾਂਟ ਦੋਵਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਏਗਾ।
ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਵੀਰਵਾਰ ਇਥੇ 'ਸੌਭਾਗਿਆ' ਯੋਜਨਾ ਦਾ ਪੋਰਟਲ ਲਾਂਚ ਕਰਨ ਪਿਛੋਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਹੁਣ ਕੋਲੇ 'ਤੇ ਆਧਾਰਿਤ ਸਭ ਬਿਜਲੀ ਪਲਾਂਟਾਂ 'ਚ ਪਰਾਲੀ ਦੀਆਂ ਗੋਲੀਆਂ (ਪੈਲੇਟ) ਦਾ ਮਿਸ਼ਰਣ ਜ਼ਰੂਰੀ ਹੋਵੇਗਾ। ਇਹ ਗੋਲੀਆਂ ਕੋਲੇ ਵਿਚੋਂ ਨਿਕਲਣ ਵਾਲੀ ਕਾਰਬਨ ਨੂੰ ਚੂਸ ਲੈਣਗੀਆਂ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਪ੍ਰਤੀ ਏਕੜ ਪਰਾਲੀ ਤੋਂ 11 ਹਜ਼ਾਰ ਰੁਪਏ ਦੀ ਆਮਦਨ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਕੌਮੀ ਤਾਪ ਬਿਜਲੀ ਨਿਗਮ ਲਿਮਟਿਡ ਇਸ ਸਮੇਂ ਕੋਲੇ 'ਚ 10 ਫੀਸਦੀ ਪਰਾਲੀ ਦੀਆਂ ਗੋਲੀਆਂ ਦੀ ਸਫਲ ਵਰਤੋਂ ਕਰ ਰਿਹਾ ਹੈ। ਜਲਦੀ ਹੀ ਇਨ੍ਹਾਂ ਦੇ ਨਿਰਮਾਣ ਲਈ ਟੈਂਡਰ ਕੱਢੇ ਜਾਣਗੇ। ਭਾਰਤੀ ਖੁਸ਼ਕ ਊਰਜਾ ਵਿਕਾਸ ਏਜੰਸੀ ਲਿਮਟਿਡ ਇਸ ਦੇ ਨਿਰਮਾਤਾਵਾਂ ਨੂੰ ਕਰਜ਼ੇ ਦੇਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੇ ਸੀਜ਼ਨ ਤੋਂ ਪਰਾਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਤਰ੍ਹਾਂ ਨਾਲ ਪਰਾਲੀ ਹੀ ਪ੍ਰਦੂਸ਼ਣ ਨੂੰ ਦੂਰ ਕਰੇਗੀ।
ਕਿਵੇਂ ਬਣਦੀ ਹੈ ਪਰਾਲੀ ਦੀ ਗੋਲੀ-ਆਰ. ਕੇ. ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਇਕ ਮਸ਼ੀਨ 'ਚ ਪਾ ਕੇ ਉਸ ਦੀਆਂ ਗੋਲੀਆਂ ਬਣਾਈਆਂ ਜਾਂਦੀਆਂ ਹਨ। ਪਰਾਲੀ ਤੋਂ ਗੋਲੀਆਂ ਬਣਨ ਨਾਲ ਕਿਸਾਨਾਂ ਦੀ ਆਮਦਨ ਵਧ ਜਾਏਗੀ ਅਤੇ ਪਰਾਲੀ ਵੀ ਕਿਸੇ ਕੰਮ ਆਏਗੀ।