UP ’ਚ ਫਿਰ ਯੋਗੀ ਦੀ ਸਰਕਾਰ ਜਾਂ ਅਖਿਲੇਸ਼ ਦੇ ਸਿਰ ਸਜੇਗਾ ਤਾਜ? ਅੱਜ ਹੋਵੇਗਾ ਕਿਸਮਤ ਦਾ ਫ਼ੈਸਲਾ

03/10/2022 7:33:44 AM

ਲਖਨਊ- ਸਿਆਸੀ ਤੌਰ 'ਤੇ ਅਹਿਮ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਕਰੀਬ ਦੋ ਮਹੀਨਿਆਂ ਤੋਂ ਲੰਬੀ ਚਲੀ ਕਵਾਇਦ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਸੂਬੇ ਦੀਆਂ 403 ਸੀਟਾਂ ਲਈ 7 ਪੜਾਵਾਂ ਦੀਆਂ ਚੋਣਾਂ ਦੇ ਨਤੀਜੇ ਅੱਜ ਯਾਨੀ ਕਿ ਵੀਰਵਾਰ ਨੂੰ ਐਲਾਨੇ ਜਾਣਗੇ। ਇਸ ਚੋਣਾਂ ’ਚ ਜਿਨ੍ਹਾ ਪ੍ਰਮੁੱਖ ਉਮੀਦਵਾਰਾਂ ਦੀ ਸਾਖ ਦਾਅ ’ਤੇ ਲੱਗੀ ਹੈ, ਉਸ ’ਚੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਹਨ। ਯੋਗੀ ਗੋਰਖਪੁਰ ਸਦਰ ਸੀਟ  ਤੋਂ ਅਤੇ ਅਖਿਲੇਸ਼ ਮੈਨਪੁਰੀ ਦੀ ਕਰਹਲ ਸੀਟ ਤੋਂ ਚੋਣ ਮੈਦਾਨ ’ਚ ਹਨ। ਯੋਗੀ ਨੂੰ ਗੋਰਖਪੁਰ ਸਦਰ ਸੀਟ ’ਤੇ ਸਪਾ ਦੀ ਸੁਭਾਵਤੀ ਸ਼ੁਕਲਾ ਚੁਣੌਤੀ ਦੇ ਰਹੀ ਹੈ, ਜਦਕਿ ਕਰਹਲ ’ਚ ਕੇਂਦਰੀ ਮੰਤਰੀ ਐੱਸ. ਪੀ. ਸਿੰਘ ਬਘੇਲ ਬਤੌਰ ਭਾਜਪਾ ਉਮੀਦਵਾਰ ਅਖਿਲੇਸ਼ ਦੇ ਸਾਹਮਣੇ ਚੋਣ ਮੈਦਾਨ ’ਚ ਹਨ। ਜੇਕਰ  ਯੋਗੀ ਆਦਿਤਿਆਨਾਥ ਮੁੜ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਆਮ ਚੋਣਾਂ ਤੋਂ ਬਾਅਦ ਲਗਾਤਾਰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਵਿਅਕਤੀ ਹੋਣਗੇ। 

ਚੋਣ ਨਤੀਜੇ ਤੈਅ ਕਰਨਗੇ ਕਿਸਮਤ-
ਚੋਣ ਨਤੀਜੇ ਇਹ ਤੈਅ ਕਰਨਗੇ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸੂਬੇ ’ਚ ਲਗਾਤਾਰ ਦੂਜੀ ਵਾਰ ਆਪਣੀ ਸਰਕਾਰ ਬਣਾ ਕੇ ਕੋਈ ਰਿਕਾਰਡ ਕਾਇਮ ਕਰਦੀ ਹੈ ਜਾਂ ਸਮਾਜਵਾਦੀ ਪਾਰਟੀ (ਸਪਾ) 5 ਸਾਲਾਂ ਬਾਅਦ ਸੱਤਾ ਵਿਚ ਵਾਪਸੀ ਕਰਦੀ ਹੈ ਜਾਂ ਬਹੁਜਨ ਸਮਾਜ ਪਾਰਟੀ (ਬੀ. ਐੱਸ. ਪੀ.) ਜਾਂ ਕੋਈ ਹੋਰ ਪਾਰਟੀ ਜਾਂ ਗੱਠਜੋੜ ਸਭ ਨੂੰ ਹੈਰਾਨ ਕਰਕੇ ਸੱਤਾ ਦੇ ਸਿਖਰ 'ਤੇ ਪਹੁੰਚ ਜਾਂਦਾ ਹੈ। ਇਹ ਵੀ ਚੋਣ ਨਤੀਜਿਆਂ ਤੋਂ ਤੈਅ ਹੋਵੇਗਾ ਕਿ ਕੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਨਵੀਂ ਤਰ੍ਹਾਂ ਦੀ ਰਾਜਨੀਤੀ ਰੰਗ ਲਿਆਏਗੀ, ਸਪਾ ਮੁਖੀ ਅਖਿਲੇਸ਼ ਯਾਦਵ ਦੀ ਅਪੀਲ ਪੂਰੀ ਹੋਵੇਗੀ ਜਾਂ ਫਿਰ ਭਾਜਪਾ ਦਾ ਕਰਿਸ਼ਮਾ ਇਕ ਵਾਰ ਫਿਰ ਆਪਣਾ ਜਾਦੂ ਦਿਖਾਏਗਾ।

ਵੋਟਾਂ ਦੀ ਗਿਣਤੀ ਸਮੇਂ ਪੂਰੀ ਸੁਰੱਖਿਆ ਹੋਵੇਗੀ-
ਸੂਬਾ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਵਿਚ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ 'ਤੇ ਤਿੰਨ-ਪੱਧਰੀ ਸੁਰੱਖਿਆ ਯਕੀਨੀ ਕੀਤੀ ਗਈ ਹੈ। ਇਸ ਵਿਚ ਕੇਂਦਰੀ ਪੁਲਸ ਬਲ, PAC ਅਤੇ ਰਾਜ ਪੁਲਸ ਬਲ ਸ਼ਾਮਲ ਹਨ। ਅਧਿਕਾਰਤ ਸੂਤਰਾਂ ਅਨੁਸਾਰ ਸਾਰੇ ਗਿਣਤੀ ਕੇਂਦਰਾਂ 'ਤੇ 250 ਕੰਪਨੀ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਐਗਜ਼ਿਟ ਪੋਲ ’ਚ ਭਾਜਪਾ ਨੂੰ ਮੁੜ ਬਹੁਮਤ-
ਪਿਛਲੇ ਸੋਮਵਾਰ ਨੂੰ ਸੱਤਵੇਂ ਅਤੇ ਅੰਤਿਮ ਪੜਾਅ ਦੀ ਪੋਲਿੰਗ ਤੋਂ ਬਾਅਦ ਵੱਖ-ਵੱਖ ਨਿਊਜ਼ ਚੈਨਲਾਂ ਵੱਲੋਂ ਦਿਖਾਏ ਗਏ ਐਗਜ਼ਿਟ ਪੋਲ ਵਿਚ ਦਾਅਵਾ ਕੀਤਾ ਗਿਆ ਹੈ ਕਿ ਉੱਤਰ ਪ੍ਰਦੇਸ਼ ’ਚ ਭਾਜਪਾ ਇਕ ਵਾਰ ਫਿਰ ਤੋਂ ਸਰਕਾਰ ਬਣਾਏਗੀ। ਹਾਲਾਂਕਿ, ਸਪਾ ਅਤੇ ਬਸਪਾ ਨੇ ਐਗਜ਼ਿਟ ਪੋਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਸਾਲ 2017 'ਚ ਭਾਜਪਾ ਨੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੇ 403 ਵਿਚੋਂ 312 ਸੀਟਾਂ ਜਿੱਤੀਆਂ ਸਨ। ਜਦਕਿ ਸਪਾ ਨੂੰ 47 ਸੀਟਾਂ ਨਾਲ ਸੰਤੋਸ਼ ਕਰਨਾ ਪਿਆ ਸੀ। ਉੱਥੇ ਹੀ ਬਹੁਜਨ ਸਮਾਜ ਪਾਰਟੀ ਨੂੰ 19 ਅਤੇ ਕਾਂਗਰਸ ਨੂੰ ਸਿਰਫ਼ 7 ਸੀਟਾਂ ਮਿਲ ਸਕੀਆਂ ਸਨ। ਸਾਲ 2022 ਦੀਆਂ ਚੋਣਾਂ ’ਚ ਕਿਸ ਦੇ ਸਿਰ ਜਿੱਤ ਦਾ ਤਾਜ ਸਜਦਾ ਹੈ, ਇਹ ਤਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ।


Tanu

Content Editor

Related News