ਨਾਬਾਲਿਗ ਨਾਲ ਜਬਰ-ਜ਼ਨਾਹ ਦੇ ਦੋਸ਼ੀ ਬਜ਼ੁਰਗ ਨੂੰ 25 ਸਾਲ ਦੀ ਕੈਦ
Sunday, Feb 23, 2025 - 08:40 PM (IST)

ਬਾਰੀਪਦਾ, (ਭਾਸ਼ਾ)- ਓਡਿਸ਼ਾ ਦੇ ਮਿਊਰਭੰਜ ਜ਼ਿਲੇ ਦੀ ਇਕ ਵਿਸ਼ੇਸ਼ ਅਦਾਲਤ ਨੇ 63 ਸਾਲਾ ਬਜ਼ੁਰਗ ਨੂੰ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ’ਚ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਜਿਸਮਾਨੀ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ (ਪੋਕਸੋ) ਅਦਾਲਤ ਦੀ ਜੱਜ ਪ੍ਰਤਿਮਾ ਪਾਤਰੋ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ’ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ।
ਵਿਸ਼ੇਸ਼ ਸਰਕਾਰੀ ਵਕੀਲ ਅਭਿਨਾ ਕੁਮਾਰ ਪਟਨਾਇਕ ਨੇ ਦੱਸਿਆ ਕਿ 2022 ’ਚ 14 ਸਾਲਾ ਲੜਕੀ ਨਾਲ ਦੋਸ਼ੀ ਨੇ ਕਈ ਵਾਰ ਜਬਰ-ਜ਼ਨਾਹ ਕੀਤਾ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਅਦਾਲਤ ਨੇ ਪੀੜਤਾ ਦੇ ਬਿਆਨ, 18 ਗਵਾਹਾਂ ਦੀ ਗਵਾਹੀ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਨੂੰ ਪੀੜਤਾ ਨੂੰ 7 ਲੱਖ ਰੁਪਏ ਮੁਆਵਜ਼ਾ ਦੇਣ ਦੀ ਸਿਫਾਰਸ਼ ਕੀਤੀ ਹੈ।