ਬਾਜ਼ ਨਹੀਂ ਆ ਰਿਹਾ ਚੀਨ, LAC ਨੇੜੇ ਉੱਡਾਣ ਭਰ ਰਹੇ ਚੀਨੀ ਲੜਾਕੂ ਜਹਾਜ਼

Monday, Jul 25, 2022 - 10:13 AM (IST)

ਬਾਜ਼ ਨਹੀਂ ਆ ਰਿਹਾ ਚੀਨ, LAC ਨੇੜੇ ਉੱਡਾਣ ਭਰ ਰਹੇ ਚੀਨੀ ਲੜਾਕੂ ਜਹਾਜ਼

ਨਵੀਂ ਦਿੱਲੀ- ਚੀਨ ਆਪਣੀਆਂ ਭੜਕਾਊ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਨਿਊਜ਼ ਏਜੰਸੀ ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ ਕੋਰ ਕਮਾਂਡਰ ਦੇ ਪੱਧਰ ਦੀ ਗੱਲਬਾਤ ਜਾਰੀ ਰਹਿਣ ਦੇ ਬਾਵਜੂਦ ਚੀਨੀ ਲੜਾਕੂ ਜਹਾਜ਼ ਪੂਰਬੀ ਲੱਦਾਖ ’ਚ ਤਾਇਨਾਤ ਭਾਰਤੀ ਬਲਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨੀ ਫਾਈਟਰ ਜੈੱਟ ਅਕਸਰ ਅਸਲ ਕੰਟਰੋਲ ਰੇਖਾ ਦੇ ਨੇੜੇ ਉੱਡਾਣ ਭਰ ਰਹੇ ਹਨ। ਚੀਨੀ ਜਹਾਜ਼ ਪਿਛਲੇ 3 ਤੋਂ 4 ਹਫ਼ਤਿਆਂ ’ਚ ਨਿਯਮਿਤ ਤੌਰ ’ਤੇ ਐੱਲ. ਏ. ਸੀ. ਦੇ ਨੇੜੇ ਉਡਾਣ ਭਰ ਰਹੇ ਹਨ। ਚੀਨ ਦੀ ਇਸ ਹਰਕਤ ਨੂੰ ਖੇਤਰ ’ਚ ਭਾਰਤੀ ਰੱਖਿਆ ਪ੍ਰਣਾਲੀ ਦੀ ਚੁਸਤ-ਦਰੁੱਸਤ ਪ੍ਰਬੰਧਾਂ ਦੀ ਜਾਂਚ ਕਰਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਏ. ਐੱਨ. ਆਈ. ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਭਾਰਤੀ ਹਵਾਈ ਫੌਜ ਵੀ ਮੁਸਤੈਦ ਹੈ ਅਤੇ ਸਥਿਤੀ ਦਾ ਜਵਾਬ ਬਹੁਤ ਜ਼ਿੰਮੇਵਾਰੀ ਨਾਲ ਦੇ ਰਹੀ ਹੈ। ਭਾਰਤੀ ਹਵਾਈ ਫੌਜ ਖਤਰੇ ਨਾਲ ਨਜਿੱਠਣ ਲਈ ਕੋਈ ਵੀ ਮੌਕਾ ਨਹੀਂ ਗੁਆ ਰਹੀ ਹੈ। ਇਸ ਦੇ ਨਾਲ ਹੀ ਇਸ ਹਮਲੇ ਨੂੰ ਕਿਸੇ ਵੀ ਤਰ੍ਹਾਂ ਟਕਰਾਅ ਵਿਚ ਨਹੀਂ ਵਧਣ ਦੇ ਰਹੀ ਹੈ।

ਇਹ ਵੀ ਪੜ੍ਹੋ : ਫਲਾਈਟ 'ਚ ਡਾਕਟਰ ਬਣੀ ਤੇਲੰਗਾਨਾ ਦੀ ਰਾਜਪਾਲ, ਬਚਾਈ IPS ਅਧਿਕਾਰੀ ਦੀ ਬਚਾਈ ਜਾਨ

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਚੀਨ ਦੇ ਜੇ-11 ਸਮੇਤ ਹੋਰ ਲੜਾਕੂ ਜਹਾਜ਼ ਅਸਲ ਕੰਟਰੋਲ ਰੇਖਾ ਦੇ ਨੇੜੇ ਉਡਾਣ ਭਰ ਰਹੇ ਹਨ। ਹਾਲ ਹੀ ’ਚ ਇਸ ਖੇਤਰ ’ਚ 10 ਕਿਲੋਮੀਟਰ ਦੇ ਘੇਰੇ ’ਚ ਵਿਸ਼ਵਾਸ ਬਣਾਉਣ ਦੇ ਉਪਰਾਲਿਆਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਨੇ ਇਨ੍ਹਾਂ ਭੜਕਾਊ ਕਾਰਵਾਈਆਂ ਦਾ ਜਵਾਬ ਦੇਣ ਲਈ ਸਖ਼ਤ ਕਦਮ ਚੁੱਕੇ ਹਨ। ਭਾਰਤੀ ਹਵਾਈ ਫੌਜ ਨੇ ਮਿਗ-29 ਅਤੇ ਮਿਰਾਜ 2000 ਸਮੇਤ ਆਪਣੇ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਨੂੰ ਐਡਵਾਂਸ ਬੇਸ ’ਤੇ ਭੇਜ ਦਿੱਤਾ ਹੈ। ਇਨ੍ਹਾਂ ਠਿਕਾਣਿਆਂ ਤੋਂ ਭਾਰਤੀ ਹਵਾਈ ਫੌਜ ਦੇ ਜਹਾਜ਼ ਮਿੰਟਾਂ ’ਚ ਚੀਨੀ ਗਤੀਵਿਧੀਆਂ ਦਾ ਢੁੱਕਵਾਂ ਜਵਾਬ ਦੇ ਸਕਦੇ ਹਨ। ਅਜਿਹਾ ਲੱਗਦਾ ਹੈ ਕਿ ਪੀਪਲਜ਼ ਲਿਬਰੇਸ਼ਨ ਆਰਮੀ ਲੱਦਾਖ ਸੈਕਟਰ ’ਚ ਭਾਰਤੀ ਹਵਾਈ ਫੌਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤਣਾਅ ’ਚ ਹੈ। ਹੁਣ ਭਾਰਤੀ ਹਵਾਈ ਫੌਜ ਆਪਣੇ ਕੰਟਰੋਲ ਵਾਲੇ ਖੇਤਰਾਂ ’ਚ ਚੀਨੀ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਇਨ੍ਹਾਂ ਕਾਰਵਾਈਆਂ ਦਾ ਇਕ ਕੈਲੀਬਰੇਟਿਡ ਤਰੀਕੇ ਨਾਲ ਜਵਾਬ ਦੇ ਰਹੀ ਹੈ। ਭਾਰਤੀ ਹਵਾਈ ਫੌਜ ਖੇਤਰ ’ਚ ਚੀਨੀ ਉਡਾਣਾਂ ਦੇ ਪੈਟਰਨ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਅਪ੍ਰੈਲ-ਮਈ 2020 ਦੌਰਾਨ ਐੱਲ. ਏ. ਸੀ. ’ਤੇ ਚੀਨ ਵੱਲੋਂ ਇਕਪਾਸੜ ਤੌਰ ’ਤੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਤੋਂ ਬਾਅਦ ਭਾਰਤ ਵੀ ਲੱਦਾਖ ਵਿਚ ਆਪਣੇ ਫੌਜੀ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਚੀਨੀ ਲੜਾਕੂ ਜਹਾਜ਼ਾਂ ਵੱਲੋਂ ਭੜਕਾਊ ਕਾਰਵਾਈ 24-25 ਜੂਨ ਦੇ ਆਸਪਾਸ ਸ਼ੁਰੂ ਹੋਈ ਜਦੋਂ ਇਕ ਚੀਨੀ ਲੜਾਕੂ ਜਹਾਜ਼ ਨੇ ਪੂਰਬੀ ਲੱਦਾਖ ’ਚ ਇਕ ਤਣਾਅ ਵਾਲੇ ਸਥਾਨ ਦੇ ਬਹੁਤ ਨੇੜੇ ਉਡਾਣ ਭਰੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News